ਦੋ ਦਹਾਕਿਆਂ ਦਾ ਇੰਤਜ਼ਾਰ ਖਤਮ, ਹੁਣ ਆਦਰਸ਼ ਸੜਕਾਂ ’ਤੇ ਚੱਲਣਗੇ ਆਦਰਸ਼ ਨਗਰ ਵਾਸੀ
ਪੁਰਾਣੀਆਂ ਗਲੀਆਂ ਦਾ ਹੋਵੇਗਾ ਨਵੀਨੀਕਰਨ, ਲੋਕਾਂ ਨੂੰ ਮਿਲੇਗੀ ਬਿਹਤਰ ਆਵਾਜਾਈ ਦੀ ਸਹੂਲਤ : ਮੇਅਰ*
ਅਸ਼ੋਕ ਵਰਮਾ
ਬਠਿੰਡਾ, 16 ਸਤੰਬਰ 2026 : ਕਰੀਬ ਦੋ ਦਹਾਕੀਆਂ ਤੋਂ ਸੜਕ ਨਿਰਮਾਣ ਦੀ ਉਡੀਕ ਕਰ ਰਹੇ ਵਾਰਡ ਨੰਬਰ 1 ਦੇ ਆਦਰਸ਼ ਨਗਰ ਵਾਸੀਆਂ ਲਈ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਅੱਜ ਆਦਰਸ਼ ਨਗਰ ਦੀਆਂ ਵੱਖ-ਵੱਖ ਗਲੀਆਂ ਵਿੱਚ ਕਰੀਬ 47 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਪ੍ਰੀਮਿਕਸ ਸੜਕ ਨਿਰਮਾਣ ਅਤੇ ਨਵੀਨੀਕਰਨ ਕਾਰਜ ਦਾ ਸ਼ੁਭ ਆਰੰਭ ਕੀਤਾ। ਸੜਕ ਨਿਰਮਾਣ ਮੁਕੰਮਲ ਹੋਣ ਤੋਂ ਬਾਅਦ ਲੰਬੇ ਸਮੇਂ ਤੋਂ ਖਸਤਾ ਹਾਲਤ ਵਿੱਚ ਪਈਆਂ ਸੜਕਾਂ ਦੀ ਸਮੱਸਿਆ ਤੋਂ ਲੋਕਾਂ ਨੂੰ ਰਾਹਤ ਮਿਲਣ ਦੇ ਨਾਲ-ਨਾਲ ਆਵਾਜਾਈ ਵੀ ਸੁਖਾਲੀ ਹੋਵੇਗੀ।
ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕੌਂਸਲਰ ਸ੍ਰੀਮਤੀ ਅਮਨਦੀਪ ਕੌਰ ਦੇ ਵਾਰਡ ਨੰਬਰ 1 ਵਿੱਚ ਸਥਿਤ ਆਦਰਸ਼ ਨਗਰ ਵਿੱਚ ਵਿਕਾਸ ਕਾਰਜ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਇਲਾਕਾ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਸੜਕ ਸਬੰਧੀ ਸਮੱਸਿਆ ਨੂੰ ਦੇਖਦੇ ਹੋਏ ਇਹ ਕਾਰਜ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਦਰਸ਼ ਨਗਰ ਦੀ ਗਲੀ ਨੰਬਰ 7-ਆਈ, 16/4, 16/5, 24, 25, 26 ਅਤੇ 24/3 ਵਿੱਚ ਕਰੀਬ 47 ਲੱਖ ਰੁਪਏ ਦੀ ਲਾਗਤ ਨਾਲ ਪ੍ਰੀਮਿਕਸ ਵਰਕ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਸ੍ਰੀ ਰਾਣਾ ਰਣਦੀਪ ਸਿੰਘ, ਸ੍ਰੀ ਲਖਬੀਰ ਸਿੰਘ ਲੱਖਾ ਚਹਿਲ, ਸ੍ਰੀ ਮਨਪ੍ਰੀਤ ਸਿੰਘ ਮਨੀ, ਮਾਸਟਰ ਦੀਵਾਨ ਸਿੰਘ, ਸ੍ਰੀ ਗੁਰਚਰਨ ਸਿੰਘ ਬਾਜਕ, ਸ੍ਰੀ ਬਲਰਾਜ ਸਿੰਘ ਮਿੱਡੂਖੇੜਾ, ਸ੍ਰੀ ਬਜ਼ੀਰ ਸਿੰਘ, ਸ੍ਰੀ ਗੁਰਜੀਤ ਸਿੰਘ, ਸ੍ਰੀ ਹਰਜਿੰਦਰ ਸਿੰਘ, ਸ੍ਰੀ ਯਾਦਵਿੰਦਰ ਸਿੰਘ ਯਾਦੂ, ਸ੍ਰੀ ਡੋਗਰਾ, ਮੈਡਮ ਰਾਜ ਸਮੇਤ ਹੋਰ ਇਲਾਕਾ ਵਾਸੀ ਹਾਜ਼ਰ ਸਨ।
ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਕਰੀਬ 18 ਸਾਲਾਂ ਬਾਅਦ ਇਨ੍ਹਾਂ ਗਲੀਆਂ ਵਿੱਚ ਸੜਕ ਨਿਰਮਾਣ ਦਾ ਕੰਮ ਸ਼ੁਰੂ ਹੋਣਾ ਇਲਾਕਾ ਵਾਸੀਆਂ ਲਈ ਵੱਡੀ ਰਾਹਤ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਨੂੰ ਸਿਰਫ਼ ਕਾਗਜ਼ਾਂ ਤੱਕ ਸੀਮਤ ਰੱਖਣ ਦੀ ਬਜਾਏ ਜ਼ਮੀਨੀ ਪੱਧਰ ’ਤੇ ਲਾਗੂ ਕਰਨਾ ਨਗਰ ਨਿਗਮ ਦੀ ਪ੍ਰਾਥਮਿਕਤਾ ਹੈ।
ਉਨ੍ਹਾਂ ਕਿਹਾ, “ਇਨ੍ਹਾਂ ਸੜਕਾਂ ਦੇ ਨਿਰਮਾਣ ਨਾਲ ਇਲਾਕਾ ਵਾਸੀਆਂ ਨੂੰ ਬਿਹਤਰ ਆਵਾਜਾਈ ਦੀ ਸਹੂਲਤ ਮਿਲੇਗੀ। ਸੜਕ ਨਿਰਮਾਣ ਮੁਕੰਮਲ ਹੋਣ ਤੋਂ ਬਾਅਦ ਲੋਕਾਂ ਨੂੰ ਰੋਜ਼ਾਨਾ ਆਉਣ-ਜਾਣ ਵਿੱਚ ਪਰੇਸ਼ਾਨੀ ਨਹੀਂ ਹੋਵੇਗੀ ਅਤੇ ਆਵਾਜਾਈ ਵੀ ਸੁਚਾਰੂ ਹੋਵੇਗੀ। ਸਾਡਾ ਯਤਨ ਹੈ ਕਿ ਸ਼ਹਿਰ ਦੇ ਹਰ ਵਾਰਡ ਅਤੇ ਹਰ ਇਲਾਕੇ ਤੱਕ ਵਿਕਾਸ ਦੀ ਸਹੂਲਤ ਪਹੁੰਚੇ।”
ਮੇਅਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਸਮੱਸਿਆ ਮੁਕਤ ਅਤੇ ‘ਰੰਗਲਾ ਪੰਜਾਬ’ ਬਣਾਉਣ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ। ਇਸੇ ਸੋਚ ਤਹਿਤ ਬਠਿੰਡਾ ਸ਼ਹਿਰ ਵਿੱਚ ਵੀ ਸੜਕਾਂ, ਸੀਵਰੇਜ, ਪਾਣੀ, ਸਟਰੀਟ ਲਾਈਟਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਬਠਿੰਡਾ ਨੂੰ ਆਧੁਨਿਕ ਸ਼ਹਿਰ ਬਣਾਉਣ ਦੀ ਦਿਸ਼ਾ ਵਿੱਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਅਨੁਸਾਰ ਹੋਰ ਵੀ ਵਿਕਾਸ ਕਾਰਜ ਕਰਵਾਏ ਜਾਣਗੇ।
- Download Babushahi App
-
-