ਗੁਰਦੁਆਰਾ ਅਕਾਲ ਆਸ਼ਰਮ ਸੋਹਾਣਾ ਵਿਖੇ ਸਲਾਨਾ ਗੁਰਮਤਿ ਸਮਾਗਮ ਦੇ ਦੂਜੇ ਦਿਨ ਸੰਗਤਾਂ ਦਾ ਹੜ੍ਹ ਉੱਮੜਿਆ
ਸੈਂਕੜੇ ਪ੍ਰਾਣੀਆਂ ਨੇ ਛਕੀ ਅੰਮ੍ਰਿਤ ਦੀ ਦਾਤ, ਪੰਥ ਪ੍ਰਸਿੱਧ ਰਾਗੀਆਂ ਤੇ ਕਥਾਵਾਚਕਾਂ ਨੇ ਸੰਗਤਾਂ ਨਾਮ-ਬਾਣੀ ਨਾਲ ਨਿਹਾਲ ਕੀਤਾ
ਮੋਹਾਲੀ, 28 ਮਾਰਚ 2026- ਸੋਹਾਣਾ ਸਥਿਤ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਸਾਹਿਬ ਵਿਖੇ ਚੱਲ ਰਹੇ ਤਿੰਨ ਦਿਨਾਂ ਸਲਾਨਾ ਗੁਰਮਤਿ ਸਮਾਗਮ ਦੇ ਦੂਜੇ ਦਿਨ ਸ਼ਨੀਵਾਰ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਇਲਾਹੀ ਬਾਣੀ ਦਾ ਓਟ ਆਸਰਾ ਲਿਆ। ਇਹ ਸਮਾਗਮ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਦੀ ਮਿੱਠੀ ਯਾਦ ਵਿੱਚ ਅਤੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀਆਂ ਅਸੀਸਾਂ ਸਦਕਾ ਕਰਵਾਇਆ ਜਾ ਰਿਹਾ ਹੈ।
ਸਮਾਗਮ ਦੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਦੂਜੇ ਦਿਨ ਦਾ ਵਿਸ਼ੇਸ਼ ਖਿੱਚ ਦਾ ਕੇਂਦਰ ਅੰਮ੍ਰਿਤ ਸੰਚਾਰ ਰਿਹਾ, ਜਿਸ ਵਿੱਚ ਸੈਂਕੜੇ ਪ੍ਰਾਣੀਆਂ ਨੇ ਖੰਡੇ-ਬਾਟੇ ਦੀ ਪਾਹੁਲ ਪ੍ਰਾਪਤ ਕਰਕੇ ਗੁਰੂ ਵਾਲੇ ਬਣਨ ਦਾ ਸੁਭਾਗ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਅੰਮ੍ਰਿਤ ਛਕਾਉਣ ਦਾ ਇਹ ਕਾਰਜ ਸਮਾਗਮ ਦੇ ਆਖਰੀ ਦਿਨ 29 ਮਾਰਚ ਵੀ ਜਾਰੀ ਰਹੇਗਾ।
ਦਿਨ ਭਰ ਚੱਲੇ ਦੀਵਾਨਾਂ ਵਿੱਚ ਭਾਈ ਸੁਰਜੀਤ ਸਿੰਘ, ਭਾਈ ਜਸਪਾਲ ਸਿੰਘ, ਭਾਈ ਮਨਜਿੰਦਰ ਸਿੰਘ ਰਬਾਬੀ, ਭਾਈ ਜਗਜੀਤ ਸਿੰਘ, ਗਿਆਨੀ ਜਸਵੰਤ ਸਿੰਘ ਪਰਵਾਨਾ ਅਤੇ ਭਾਈ ਪ੍ਰਦੀਪ ਸਿੰਘ ਜੀ ਸਮੇਤ ਕਈ ਨਾਮਵਰ ਜੱਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨਾਮ ਨਾਲ ਜੋੜਿਆ। ਇਸ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ (ਬੰਗਲਾ ਸਾਹਿਬ), ਗਿਆਨੀ ਸਰਬਜੀਤ ਸਿੰਘ ਲੁਧਿਆਣਾ ਵਾਲੇ, ਗਿਆਨੀ ਕਿਸ਼ਨ ਸਿੰਘ ਅਤੇ ਗਿਆਨੀ ਚਰਨਜੀਤ ਸਿੰਘ ਨੇ ਗੁਰਬਾਣੀ ਦੀ ਵਿਆਖਿਆ ਕਰਦਿਆਂ ਸੰਗਤ ਗੁਰੂ ਸਾਹਿਬ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ।
ਸ਼ਾਮ ਦੇ ਵਿਸ਼ੇਸ਼ ਦੀਵਾਨ ਵਿੱਚ ਭਾਈ ਦਵਿੰਦਰ ਸਿੰਘ ਸੋਢੀ, ਭਾਈ ਅਰਸ਼ਦੀਪ ਸਿੰਘ ਅਤੇ ਭਾਈ ਇੰਦਰਜੀਤ ਸਿੰਘ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਭੈਣ ਰਵਿੰਦਰ ਕੌਰ ਜੀ ਦੇ ਜੱਥੇ ਵੱਲੋਂ ਕਰਵਾਈ ਗਈ ਸਿਮਰਨ ਸਾਧਨਾ ਨੇ ਮਾਹੌਲ ਪੂਰੀ ਤਰ੍ਹਾਂ ਰੂਹਾਨੀ ਰੰਗ ਵਿੱਚ ਰੰਗ ਦਿੱਤਾ। ਰਾਤ ਦੇ ਸਮਾਗਮ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖਾਲਸਾ ਖੰਨੇ ਵਾਲੇ ਅਤੇ ਭਾਈ ਜਗਜੀਤ ਸਿੰਘ ਬਬੀਹਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ।
ਪ੍ਰਧਾਨ ਗੁਰਮੀਤ ਸਿੰਘ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ 29 ਮਾਰਚ ਸਮਾਗਮ ਦੇ ਆਖ਼ਰੀ ਦਿਨ ਵੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਗੁਰਬਾਣੀ ਕੀਰਤਨ ਦਾ ਲਾਹਾ ਲੈਣ। ਪ੍ਰਬੰਧਕ ਕਮੇਟੀ ਵੱਲੋਂ ਸੰਗਤ ਲਈ ਲੰਗਰ ਦੇ ਵਿਸ਼ਾਲ ਪ੍ਰਬੰਧ ਕੀਤੇ ਗਏ ਹਨ।
Click to Follow Babushahi Facebook page →