ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਬੁੱਢਾ ਦਲ ਵਿਖੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਸਮਾਗਮ ਸ਼ੁਰੂ
ਅੰਮ੍ਰਿਤਸਰ:- 19 ਅਕਤੂਬਰ 2025 : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਗੁਰਦੁਆਰਾ ਮੱਲ ਅਖਾੜਾ ਪਾ:ਛੇਵੀਂ, ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਵਿਖੇ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਪ੍ਰੇਰਨਾ ਸਦਕਾ ਖਾਲਸਾ ਦਰਬਾਰ ਬੰਦੀ ਛੋੜ ਦਿਵਸ ਦੀਵਾਲੀ ਸਮੇਂ ਪੁਰਾਤਨ ਰਵਾਇਤ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਆਖੰਡ ਪਾਠ ਪ੍ਰਾਅਰੰਭ ਹੋ ਗਏ ਹਨ।
ਬੁੱਢਾ ਦਲ ਦੇ ਮੈਨਜਰ ਪਰਮਜੀਤ ਸਿੰਘ ਬਾਜਵਾ ਨੇ ਦਸਿਆ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਆਖੰਡ ਪਾਠ ਪੂਰਨ ਮਰਯਾਦਾ ਅਨੁਸਾਰ ਅਰੰਭ ਹੋ ਗਏ ਹਨ ਜਿਸ ਦਾ ਭੋਗ 21 ਅਕਤੂਬਰ ਦਿਵਾਲੀ ਵਾਲੇ ਦਿਨ ਪਵੇਗਾ, 20 ਅਕਤੂਬਰ ਨੂੰ ਸ੍ਰੀ ਦਸਮ ਗ੍ਰੰਥ ਦੇ ਆਖੰਡ ਪਾਠ ਅਰੰਭ ਹੋਣਗੇ ਜਿਨ੍ਹਾਂ ਦਾ 22 ਅਕਤੂਬਰ ਨੂੰ ਭੋਗ ਪਏਗਾ। ਬੁੱਢਾ ਦਲ ਵਹੀਰ ਦੇ ਹੈੱਡ ਗ੍ਰੰਥੀ ਬਾਬਾ ਮੱਘਰ ਸਿੰਘ ਨੇ ਬੁੱਢਾ ਦਲ ਰਵਾਇਤ ਮੁਤਾਬਕ ਗੁਰਬਾਣੀ ਕੀਰਤਨ ਕੀਤਾ। ਬਾਬਾ ਇੰਦਰ ਸਿੰਘ ਜਥੇਦਾਰ ਘੋੜਿਆਂ ਨੇ ਗੁਰਇਤਿਹਾਸ ਦੀ ਸਾਂਝ ਪਾਈ। ਸ. ਬਾਜਵਾ ਨੇ ਦਸਿਆ ਕਿ 22 ਅਕਤੂਬਰ ਨੂੰ ਦੁਪਹਿਰ 12 ਵਜੇ ਸਮੂਹ ਨਿਹੰਗ ਸਿੰਘਾਂ ਦੇ ਦਲਪੰਥ ਗੁਰਦੁਆਰਾ ਮੱਲ ਅਖਾੜਾ ਪਾ: ਛੇਵੀਂ ਤੋਂ ਪੁਰਾਤਨ ਇਤਿਹਾਸਕ ਨਿਸ਼ਾਨ ਨਿਗਾਰਿਆ ਦੀ ਛਤਰ ਛਾਇਆ ਹੇਠ ਅਤੇ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਦੀ ਅਗਵਾਈ ਵਿੱਚ ਮਹੱਲਾ ਚੜੇਗਾ ਇਹ ਨਿਹੰਗ ਸਿੰਘਾਂ ਦਾ ਮਹੱਲਾ ਘਿਊ ਮੰਡੀ ਚੌਕ, ਸ਼ੇਰਾਂ ਵਾਲਾ ਗੇਟ, ਰਾਮਬਾਗ ਚੋਂਕ, ਗਾਂਧੀ ਗੇਟ ਹਾਲਗੇਟ, ਹਾਥੀ ਗੇਟ ਤੋਂ ਕਿਲ੍ਹਾ ਗੋਬਿੰਦਗੜ੍ਹ ਚੋਂਕ ਰਾਹੀਂ ਬੀ ਬਲਾਕ ਦੇ ਗਰਾਉਂਡ ਵਿੱਚ ਪੁਜੇਗਾ। ਜਿਥੇ ਨਿਹੰਗ ਸਿੰਘ ਆਪਣੇ ਰਵਾਇਤੀ ਜੰਗਜੂ ਖੇਡਾਂ, ਘੋੜ ਦੌੜ, ਨੇਜੇਬਾਜੀ, ਗੱਤਕਾ ਆਦਿ ਦੇ ਜੋਹਰ ਦਿਖਾਉਣਗੇ।