ਗਾਇਕ ਇੰਦਰਜੀਤ ਨਿੱਕੂ ਨੇ ਬਾਕਮਾਲ ਗਾਇਆ ਹਰਵਿੰਦਰ ਓਹੜਪੁਰੀ ਦਾ ਧਾਰਮਿਕ ਗੀਤ ‘‘ਏਸੇ ਨੂੰ ਸਿੱਖੀ ਨੂੰ ਕਹਿੰਦੇ ਨੇ’’
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 12 ਨਵੰਬਰ 2025-ਖਾਲਸਾ ਪੰਥ ਇਸ ਵੇਲੇ ਜਿੱਥੇ ਧੰਨ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਦਾ 556ਵਾਂ ਪ੍ਰਕਾਸ਼ ਦਿਵਸ ਮਨਾ ਰਿਹਾ ਹੈ ਉਥੇ ਹੀ ਇਸ ਸਾਲ (25 ਨਵੰਬਰ) ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਸ਼ਤਾਬਦੀ ਪੁਰਬ ਦੇਸ਼-ਵਿਦੇਸ਼ ਮਨਾ ਰਿਹਾ ਹੈ। ਸਿੱਖ ਪੰਥ 556ਵੇਂ ਸਾਲ ਦਾ ਸਫ਼ਰ ਤੈਅ ਕਰਦਿਆਂ, ਆਪਣਾ ਕਦਮ-ਕਦਮ ਅਗੇ ਵਧਾਉਂਦਿਆਂ ਪੂਰੇ ਵਿਸ਼ਵ ਵਿਚ ਆਪਣੀ ਨਿਵੇਕਲੀ ਪਹਿਚਾਣ ਬਣਾ ਰਿਹਾ ਹੈ। ਸਿੱਖੀ ਖਾਤਿਰ ਹੋਈਆਂ ਕੁਰਬਾਨੀਆਂ, ਸਿਰਾਂ ’ਤੇ ਸਜੀਆਂ ਦਸਤਾਰਾਂ, ਗੁਰੂਆਂ ਅਤੇ ਸਿੰਘਾਂ-ਸਿੰਘਣੀਆਂ ਵੱਲੋਂ ਆਪਣੇ ਸੀਸ ਵਾਰ ਕੇ ਦੂਜੇ ਧਰਮਾਂ ਦੀ ਰੱਖਿਆ, ਹਰ ਗਰੀਬ ਮਜ਼ਲੂਮ ਦੀ ਰੱਖਿਆ, ਜ਼ੁਲਮ ਅਤੇ ਜ਼ਾਲਿਮਾਂ ਨਾਲ ਹੱਕਾਂ ਅਤੇ ਬਰਾਬਰਤਾ ਦੀ ਲੜਾਈ ਸਮੇਤ, ਇਸ ਸਿੱਖ ਪੰਥ ਦੀ ਝੋਲੀ ਵਿਚ ਬੇਅੰਤ ਅਜਿਹੇ ਇਤਿਹਾਸ ਛੁਪੇ ਪਏ ਹਨ, ਜਿਹੜੇ ਨਾ ਕਦੇ ਵਾਪਰਨੇ ਹਨ ਅਤੇ ਨਾ ਹੀ ਕਿਸੇ ਕੋਲੋਂ ਇਹ ਵਰਤਾਰੇ ਕਰ ਹੋਣੇ ਹਨ।
ਨਵਾਂ ਗੀਤ ਧਾਰਮਿਕ ਗੀਤ: ਹੁਣ ਇਕ ਨਵਾਂ ਧਾਰਮਿਕ ਗੀਤ ਜੋ ਪ੍ਰਸਿੱਧ ਗੀਤਕਾਰ ਵੀਰ ਹਰਵਿੰਦਰ ਓਹੜਪੁਰੀ ਹੋਰਾਂ ਦਾ ਲਿਖਿਆ ਹੋਇਆ ਹੈ, ਪ੍ਰਸਿੱਧ ਗਾਇਕ ਇੰਦਰਜੀਤ ਨਿੱਕੂ ਦੀ ਆਵਾਜ਼ ਵਿਚ ਆਇਆ ਹੈ ਜਿਸ ਦੇ ਬੋਲ ਹਨ ‘ਏਸੇ ਨੂੰ ਸਿੱਖੀ ਕਹਿੰਦੇ ਨੇ’। ਯੂ-ਟਿਊਬ ਉਤੇ ਇਸ ਗੀਤ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ ਅਤੇ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੈ। ‘ਸੈਣੀ ਬੀਟਸ’ ਮਿਊਜ਼ਿਕ ਵਾਲਿਆਂ ਨੇ ਕਮਾਲ ਦਾ ਸੰਗੀਤ ਇਸ ਗੀਤ ਲਈ ਤਿਆਰ ਕੀਤਾ ਹੈ।
‘ਫੋਕ ਬੀਟਸ’ ਦੀ ਇਸ ਪੇਸ਼ਕਸ਼ ਵਿਚ ਸ. ਗੁਰਮਖ ਸਿੰਘ ਧਾਲੀਵਾਲ, ਸਿੱਕੀ ਝੱਜੀ ਪਿੰਡ ਵਾਲੇ ਅਤੇ ਸਨਮ ਓਹੜਪੁਰੀ ਹੋਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਗੀਤ ਦਾ ਇਹ ਅੰਤਰਾ ਕਿ ‘‘ਇਹ ਸਿਰ ਲੱਥਿਆਂ ਸਰਦਾਰਾਂ ਦੀ, ਇਹ ਮਾਣੇ ਛਾਂ ਤਲਵਾਰਾਂ ਦੀ, ਹੈ ਸਿੱਖੀ ਮਹਿਰਮ ਯਾਰਾਂ ਦੀ, ਸਿਰ ਵੱਟੇ ਲਈਆਂ ਦਸਤਾਰਾਂ ਦੀ’ ਜਦੋਂ ਸੰਗੀਤ ਸੰਗ ਮਿਲ ਕੇ ਸਿੱਖ ਪੰਥ ਦਾ ਸਰੂਪ ਪੇਸ਼ ਕਰਦੇ ਹਨ ਤਾਂ ਜੋਸ਼ ਜਿਹਾ ਭਰਦਾ ਮਹਿਸੂਸ ਹੁੰਦਾ ਹੈ। ਨਿਊਜ਼ੀਲੈਂਡ ਤੋਂ ਪੰਜਾਬੀ ਮੀਡੀਆ ਕਰਮੀ ਇਸ ਸੁੰਦਰ ਧਾਰਮਿਕ ਗੀਤ ਦੇ ਲਈ ਵੀਰ ਹਰਵਿੰਦਰ ਓਹੜਪੁਰੀ ਅਤੇ ਗਾਇਕ ਇੰਦਰਜੀਤ ਨਿੱਕੂ ਹੋਰਾਂ ਨੂੰ ਵਧਾਈ ਦਿੰਦੇ ਹਨ। ਸਰੋਤੇ ਇਕ ਵਾਰ ਇਹ ਗੀਤ ਜਰੂਰ ਸੁਨਣ, ਕੁੱਝ ਵੱਖਰਾ ਹੀ ਅਨੰਦ ਆਵੇਗਾ।