ਕੋਲਡ ਸਟੋਰ ਦੀ ਇਮਾਰਤ ਡਿੱਗਣ ਕਾਰਨ ਇੱਕ ਮਜ਼ਦੂਰ ਦੀ ਮੌਤ -ਕਰੋੜਾਂ ਰੁਪਏ ਦਾ ਨੁਕਸਾਨ
ਅਸ਼ੋਕ ਵਰਮਾ
ਭਗਤਾ ਭਾਈ, 30 ਅਪ੍ਰੈਲ 2026: ਭਗਤਾ ਭਾਈ ਵਿੱਚ ਜ਼ਬਰਦਸਤ ਧਮਾਕੇ ਤੋਂ ਬਾਅਦ ਇੱਕ ਕੋਲਡ ਸਟੋਰ ਦੇ ਬੁਰੀ ਤਰਾਂ ਢਹਿ ਢੇਰੀ ਹੋ ਜਾਣ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਧਮਾਕਾ ਇਨਾ ਜ਼ੋਰਦਾਰ ਸੀ ਜਿਸ ਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੱਤੀ। ਧਮਾਕੇ ਕਾਰਨ ਲੰਮਾ ਸਮਾਂ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਮੁਢਲੇ ਤੌਰ ਤੇ ਸਾਹਮਣੇ ਆਈ ਜਾਣਕਾਰੀ ਮੁਤਾਬਕ ਇਸ ਹਾਦਸੇ ਦੌਰਾਨ
ਕਿਸਾਨਾਂ ਦੇ ਕਰੋੜਾਂ ਦੇ ਆਲੂਆਂ ਅਤੇ ਉਹਨਾਂ ਦਾ ਬੀਜ ਤਬਾਹ ਹੋ ਗਿਆ ਹੈ । ਕੋਲ ਸਟੋਰ ਡਿੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ । ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। ਘਟਨਾ ਦਾ ਪਤਾ ਲੱਗਦਿਆ ਹੀ ਪ੍ਰਸ਼ਾਸਨ ਤੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਇਸ ਦੌਰਾਨ ਬਚਾ ਤੇ ਰਾਹਤ ਕਾਰਜਾਂ ਦੀ ਦੇਖ ਰੇਖ ਕੀਤੀ। ਹਾਦਸੇ ਵਾਲੀ ਥਾਂ ਤੇ ਐਨ.ਡੀ.ਆਰ.ਐਫ, ਸੀ.ਆਈ.ਐਸ.ਐਫ. ਦੀਆਂ ਟੀਮਾਂ ਵੱਲੋਂ ਬਚਾਅ ਅਤੇ ਰਾਤ ਕਾਰਜ ਚਲਾਏ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਬਾਅਦ ਦੁਪਹਿਰ ਭਗਤਾ ਭਾਈ ਦੀ ਬਾਘਾ ਪੁਰਾਣਾ ਰੋਡ ਉਪਰ ਸਥਿੱਤ ਰੂਪ ਲਾਲ ਸਿੰਗਲਾ ਵਾਸੀ ਭਗਤਾ ਭਾਈ ਦੇ ਸਿੰਗਲਾ ਕੋਲਡ ਸਟੋਰ ਵਿਚੋਂ ਅਚਾਨਕ ਧਮਾਕੇ ਦੀ ਆਵਾਜ਼ ਆਈ ਜੋ ਦੂਰ ਦੂਰ ਤੱਕ ਸੁਣਾਈ ਦਿੱਤੀ। ਇਸ ਧਮਾਕੇ ਨਾਲ ਸਟੋਰ ਦੀ ਪੂਰੀ ਇਮਾਰਤ ਢਹਿ-ਢੇਰੀ ਹੋ ਗਈ। ਸਟੋਰ ਵਿਚ ਨੱਕੋਂ-ਨੱਕ ਭਰਿਆ ਕਿਸਾਨਾਂ ਦੇ ਆਲੂ ਅਤੇ ਆਲੂ ਦੇ ਬੀਜ ਦਾ ਵੀ ਵੱਡਾ ਨੁਕਸਾਨ ਹੋ ਗਿਆ ਹੈ। ਸਟੋਰ ਦੇ ਸ਼ੈੱਡ ਹੇਠਾਂ ਖੜ੍ਹੀ ਇਕ ਚਿੱਟੇ ਰੰਗ ਦੀ ਡਿਜਾਇਰ ਕਾਰ ਵੀ ਮਲਬੇ ਹੇਠਾਂ ਆਉਣ ਕਾਰਨ ਭੰਨੀ ਗਈ। ਘਟਨਾ ਉਪਰੰਤ ਖੂਹ ਕਮੇਟੀ ਭਗਤਾ ਭਾਈ ਅਤੇ ਸਤਿਕਾਰ ਕਮੇਟੀ ਕੋਠਾ ਗੁਰੂ ਦੇ ਵਲੰਟੀਅਰ ਆਪਣੀਆਂ ਨਿੱਜੀ ਫਾਇਰ ਬ੍ਰਿਗੇਡ ਗੱਡੀਆਂ ਲੈ ਕੇ ਮੌਕੇ ਪਰ ਪਹੁੰਚੇ।ਘਟਨਾ ਸਬੰਧੀ ਸੂਚਨਾ ਮਿਲਦਿਆ ਹੀ ਸ਼ਹਿਰ ਦੇ ਨਾਲ-ਨਾਲ ਨਜ਼ਦੀਕੀ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿਚ ਘਟਨਾ ਸਥਾਨ ਉਪਰ ਪਹੁੰਚਣੇ ਸ਼ੁਰੂ ਹੋ ਗਏ ਅਤੇ ਦੇਖਦਿਆਂ ਹੀ ਦੇਖਦਿਆਂ ਭਾਰੀ ਭੀੜ ਇਕੱਠੀ ਹੋ ਗਈ ਜਿਸ ਨੂੰ ਪੁਲਿਸ ਪ੍ਰਸ਼ਾਸਨ ਨੂੰ ਹਟਾਉਣ ਵਿੱਚ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਇਸ ਦੌਰਾਨ ਲੋਕ ਚਮਕੌਰ ਸਿੰਘ ਪੁੱਤਰ ਸੁਖਮੰਦਰ ਸਿੰਘ ਭਗਤਾ ਭਾਈ ਅਤੇ ਪ੍ਰਿਤਪਾਲ ਸਿੰਘ ਪੁੱਤਰ ਜਗਸੀਰ ਸਿੰਘ ਬੁਰਜ ਥਰੋੜ ਨੂੰ ਸਟੋਰ ਵਿਚੋਂ ਕੱਢਣ ਵਿਚ ਸਫਲ ਹੋ ਗਏ। ਇਕ ਮਜ਼ਦੂਰ ਮਲਬੇ ਹੇਠਾਂ ਦੱਬਿਆ ਹੋਇਆ ਰਹਿ ਗਿਆ, ਜਿਸ ਨੂੰ ਬਚਾਉਣ ਲਈ ਐਨ.ਡੀ.ਆਰ.ਐਫ, ਸੀ.ਆਈ.ਐਸ.ਐਫ. ਦੀਆਂ ਟੀਮਾਂ ਨੇ ਭਾਰੀ ਜਦੋ ਜਹਿਦ ਕੀਤੀ ਪਰ ਬਚਾਇਆ ਨਾ ਜਾ ਸਕਿਆ । ਇਸ ਮੌਕੇ ਕਿਸਾਨ ਕੁਲਵੰਤ ਸਿੰਘ ਮਲੂਕਾ ਨੇ ਦੱਸਿਆ ਕਿ ਸਟੋਰ ਅੰਦਰ ਉਨ੍ਹਾਂ ਦਾ 54 ਏਕੜ ਆਲੂ ਦਾ ਗਰੇਡ-2 ਬੀਜ (1980 ਗੱਟੇ) ਅਤੇ ਰਾਸ਼ਨ ਆਲੂ 3300 ਗੱਟਾ ਰੱਖਿਆ ਹੋਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਕੋਲਡ ਸਟੋਰ ਮਾਲਕਾਂ ਦੀ ਕਥਿਤ ਲਾਪਰਵਾਹੀ ਕਾਰਨ ਵ ਉਨ੍ਹਾਂ ਦਾ ਕਰੀਬ 50-55 ਲੱਖ ਦਾ ਨੁਕਸਾਨ ਹੋ ਗਿਆ ਹੈ। ਇਸੇ ਤਰਾਂ ਹੀ ਬਹਾਦੁਰ ਸਿੰਘ ਬਰਾੜ ਵਾਸੀ ਭਗਤਾ ਭਾਈ ਨੇ ਦੱਸਿਆ ਕਿ ਉਕਤ ਸਟੋਰ ਅੰਦਰ ਉਨ੍ਹਾਂ ਨੇ ਬੀਜ ਅਤੇ ਰਾਸ਼ਨ ਦਾ 2600 ਗੱਟਾ ਖਰਾਬ ਹੋਣ ਕਾਰਨ ਉਨ੍ਹਾਂ ਦਾ ਕਰੀਬ 25 ਲੱਖ ਦਾ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਹੀ ਵੱਡੀ ਗਿਣਤੀ ਵਿਚ ਕਿਸਾਨਾਂ ਦਾ ਆਲੂ ਅਤੇ ਬੀਜ ਸਮੇਤ ਹੋਰ ਸਮਾਨ ਰੱਖਿਆ ਹੋਇਆ ਹੈ। ਘਟਨਾ ਦੌਰਾਨ ਕਿਸਾਨਾਂ ਦਾ ਕਰੋੜਾਂ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।
Click to Follow Babushahi Facebook page →