ਇਨਕਲਾਬੀ-ਜਮਹੂਰੀ ਕਾਰਕੁਨਾਂ ਵੱਲੋਂ ਰਣਜੀਤ ਲਹਿਰਾ ਨੂੰ ਸ਼ਰਧਾਂਜਲੀ
ਅਸ਼ੋਕ ਵਰਮਾ
ਲਹਿਰਾ ਗਾਗਾ, 25 ਫਰਵਰੀ 2026: ਕਮਿਊਨਿਸਟ ਇਨਕਲਾਬੀ ਤੇ ਜਮਹੂਰੀ ਲਹਿਰ ਚੋਂ ਵਿਛੜੇ ਕਾਮਰੇਡ ਰਣਜੀਤ ਲਹਿਰਾ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਭਰ 'ਚੋਂ ਇਨਕਲਾਬੀ-ਜਮਹੂਰੀ ਲਹਿਰ ਦੇ ਕਾਰਕੁੰਨ ਲਹਿਰਾਗਾਗਾ ਵਿਖੇ ਪੁੱਜੇ। ਇੱਥੋਂ ਦੇ ਜੀਪੀਐਫ ਕੰਪਲੈੱਕਸ ‘ਚ ਹੋਈ ਵਿਸ਼ਾਲ ਇਕੱਤਰਤਾ ਦੌਰਾਨ ਅਜਮੇਰ ਅਕਲੀਆ ਨੇ ਇਨਕਲਾਬੀ ਗੀਤ ਗਾ ਕੇ ਵਿਛੜੇ ਕਾਮਰੇਡ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ‘ਲਾਲ ਪਰਚਮ’ ਦੇ ਸੰਪਾਦਕ ਮੁਖਤਿਆਰ ਪੂਹਲਾ ਨੇ ਉਨ੍ਹਾਂ ਦੀ ਕਮਿਊਨਿਸਟ ਇਨਕਲਾਬੀ ਵਿਚਾਰਧਾਰਾ 'ਚ ਪ੍ਰਤੀਬੱਧਤਾ ਨੂੰ ਉਚਿਆਇਆ। ਉਹਨਾਂ ਨੇ ਰਣਜੀਤ ਲਹਿਰਾ ਦੇ ਲਹਿਰ ਵਿੱਚ ਅਡੋਲ ਖੜੇ ਰਹਿਣ ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਹ ਗੰਭੀਰ ਬਿਮਾਰੀ ਦੇ ਬਾਵਜੂਦ ਅੰਤਿਮ ਸਾਹਾਂ ਤੱਕ ਇਨਕਲਾਬੀ-ਜਮਹੂਰੀ ਲਹਿਰ ‘ਚ ਅਡੋਲ ਖੜੇ ਰਹੇ ਤੇ ਖਰੀ ਕਮਿਊਨਿਸਟ ਵਿਚਾਰਧਾਰਾ ਦਾ ਪੱਲਾ ਫੜੀ ਰੱਖਿਆ।
ਇਸ ਦੌਰਾਨ ‘ਸੁਰਖ ਲੀਹ’ ਦੇ ਮੁੱਖ ਸੰਪਾਦਕ ਜਸਪਾਲ ਜੱਸੀ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਜਦੋਂ ਸੰਸਾਰ ਭਰ ਵਿੱਚ ਕਮਿਊਨਿਸਟ ਇਨਕਲਾਬੀ ਵਿਚਾਰਧਾਰਾ ਦੇ ਸਮਾਂ ਵਿਹਾ ਚੁੱਕੇ ਹੋਣ ਦੇ ਐਲਾਨ ਹੋਏ ਤਾਂ ਉਸ ਸਮੇਂ ਰਣਜੀਤ ਲਹਿਰਾ ਵਰਗੇ ਜੁਝਾਰੂ ਨੇ ਕਮਿਊਨਿਸਟ ਵਿਚਾਰਧਾਰਾ ਦਾ ਝੰਡਾ ਕਾਇਮ ਰੱਖਿਆ। ਉਸਨੇ ਸੱਤਰਵਿਆਂ ਦੀ ਪੀਐਯੂ ਤੋਂ ਲੈ ਕੇ ਅੱਜ ਅੱਧੀ ਸਦੀ ਤੱਕ ਲਹਿਰ ਦੇ ਅਨੇਕਾਂ ਉਤਰਾਵਾਂ-ਚੜਾਵਾਂ ਦਾ ਸਾਹਮਣਾ ਕੀਤਾ। ਲੋਕ ਚੇਤਨਾ ਮੰਚ ਲਹਿਰਾਗਾਗਾ ਵੱਲੋਂ ਗਿਆਨ ਚੰਦ ਸ਼ਰਮਾ ਨੇ ਰਣਜੀਤ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਰਣਜੀਤ ਲਹਿਰਾ ਨਵਾਂ-ਨਰੋਆ ਸਮਾਜ ਸਿਰਜਣ ਵਾਲਾ ਸੰਘਰਸ਼ੀ ਯੋਧਾ ਸੀ। ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਮੰਚ ਸੰਚਾਲਨਾ 'ਕਰਦੇ ਹੋਏ ਰਣਜੀਤ ਲਹਿਰਾ ਦੀ ਸੰਘਰਸ਼ੀ ਤੇ ਵਿਚਾਰਧਾਰਕ ਜ਼ਿੰਦਗੀ ਦੇ ਨਾਲ-ਨਾਲ ਉਸਦੀ ਸਾਹਿਤਕ-ਸਿਆਸੀ ਘਾਲਣਾ ਨੂੰ ਉਭਾਰਿਆ।
ਡਾ. ਧਰਮਵੀਰ ਗਾਂਧੀ ਨੇ ਸਰੀਰਦਾਨੀ ਰਣਜੀਤ ਲਹਿਰਾ ਨਾਲ ਬਿਤਾਏ ਜੱਥੇਬੰਦਕ ਤੇ ਨਿੱਜੀ ਪਲਾਂ ਨੂੰ ਯਾਦ ਕਰਦਿਆਂ ਇੱਕ ਨਿਮਰ ਤੇ ਚੇਤੰਨ ਦੋਸਤ ਦੇ ਚਲੇ ਜਾਣ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਰਣਜੀਤ ਲਹਿਰਾ ਦੀ ਬੇਟੀ ਅਰਸ਼ਦੀਪ ਅਰਸ਼ੀ ਨੇ ਆਪਣੀਆਂ ਸੰਵੇਦਨਾਵਾਂ ਸਾਂਝੀਆਂ ਕਰਦਿਆਂ ਆਪਣੇ ਦੋਸਤ ਵਰਗੇ ਪਾਪਾ ਨੂੰ ਸਨੇਹ, ਸੁਚੱਜੀ ਪਰਵਰਿਸ਼ ਅਤੇ ਇੱਕ ਮਾਰਗ ਦਰਸ਼ਕ ਕਰਨ ਵਾਲੇ ਅਧਿਆਪਕ ਵਜੋਂ ਯਾਦ ਕੀਤਾ। ਰਣਜੀਤ ਲਹਿਰਾ ਦੀ ਜੀਵਨ ਸਾਥਨ ਰਾਜਪਾਲ ਕੌਰ ਨੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਹ ਇੱਕ ਅਰਥ ਭਰਪੂਰ ਜ਼ਿੰਦਗੀ ਜਿਊਂਦਿਆਂ ਆਪਣੀਆਂ ਯਾਦਾਂ ਦਾ ਸਰਮਾਇਆ ਸਾਡੇ ਕੋਲ ਛੱਡ ਕੇ ਵਿਦਾ ਹੋਏ ਹਨ। ਉਹ ਸਾਨੂੰ ਆਪਣੇ ਪਿੱਛੇ ਇੱਕ ਵੱਡਾ ਪਰਿਵਾਰ ਛੱਡੇ ਕੇ ਗਏ ਹਨ। ਉਹਨਾਂ ਕਿਹਾ ਆਖ਼ਰੀ ਸਾਹਾਂ ਤੱਕ ਉਹਨਾਂ ਦੀ ਕਲਮ ਚੱਲਦੀ ਰਹੀ।
ਭਾਕਿਯੂ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਧਨੇਰ ਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਵੇਲੇ ਕਿਸਾਨ ਲਹਿਰ ਦੀ ਅਵਾਜ਼ ਬਣਕੇ ਰਾਖੀ ਕਰਦਾ ਰਿਹਾ। ਇਹਨਾਂ ਤੋਂ ਇਲਾਵਾ ਸਾਬਕਾ ਵਿਦਿਆਰਥੀ ਆਗੂ ਅਜਾਇਬ ਟਿਵਾਣਾ ਨੇ ਰਣਜੀਤ ਦੇ ਵਿਦਿਆਰਥੀ ਜੀਵਨ ਦੀ ਸੰਘਰਸ਼ਸ਼ੀਲ ਗਾਥਾ ਸੁਣਾਈ। ਭਾਕਿਯੂ ਏਕਤਾ (ਉਗਰਾਹਾਂ) ਦੇ ਜਨਕ ਭੂਟਾਲ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨਪਾਲ ਨੇ ਕਿਹਾ ਕਿਸਾਨ ਸੰਘਰਸ਼ ਦੀ ਲਾਮਬੰਦੀ ਅਤੇ ਏਕਤਾ ਦੇ ਮੁਦੱਈ ਰਣਜੀਤ ਨੂੰ ਸੱਚੀ ਸ਼ਰਧਾਂਜਲੀ ਉਸਦੇ ਅਕੀਦਿਆਂ ਨੂੰ ਹੋਰ ਅੱਗੇ ਵਧਾਉਣ ‘ਚ ਹੋਵੇਗੀ। ਡਾ. ਅਰੀਤ ਨੇ ਕਮਿਊਨਿਸਟ ਲਹਿਰ ਦੀ ਏਕਤਾ ਉੱਤੇ ਜ਼ੋਰ ਦਿੰਦਿਆਂ ਕੌਮਾਂਤਰੀ ਪੱਧਰ ਤੇ ਸਾਮਰਾਜੀ ਲੁੱਟ-ਦਾਬੇ ਦੇ ਖਾਤਮੇ ਲਈ ਸੰਘਰਸ਼ ਕਰਨ ਉੱਤੇ ਜ਼ੋਰ ਦਿੱਤਾ। ਸੀਪੀਆਈ ਲਿਬਰੇਸ਼ਨ ਦੇ ਆਗੂ ਸੁਖਦਰਸ਼ਨ ਨੱਤ ਨੇ ਕਿਹਾ ਕਿ ਰਣਜੀਤ ਲਹਿਰਾ ਮੁਸ਼ਕਲ ਹਾਲਤਾਂ ਵਿੱਚ ਕ੍ਰਾਂਤੀ ਦੀ ਬਲਦੀ ਲਾਟ ਸੀ।
ਸੀਪੀਆਈਐਮਐਲ (ਨਿਊ ਡੈਮੋਕਰੇਸੀ) ਦੇ ਆਗੂ ਕਾਮਰੇਡ ਦਰਸ਼ਨ ਖਟਕੜ ਅਤੇ ਸੀਪੀਆਈ ਆਗੂ ਹਰਦੇਵ ਅਰਸ਼ੀ ਨੇ ਫਾਸ਼ੀਵਾਦ ਖਿਲਾਫ਼ ਸਾਂਝਾ ਸੰਘਰਸ਼ ਕਰਨ 'ਤੇ ਜ਼ੋਰ ਦਿੱਤਾ। ਤਰਕਸ਼ੀਲ ਸੁਸਾਇਟ ਪੰਜਾਬ ਦੇ ਰਾਜਿੰਦਰ ਭਦੌੜ, ਜਮਹੂਰੀ ਅਧਿਕਾਰ ਸਭਾ ਦੇ ਨਰਭਿੰਦਰ, ਸੁਖਦੇਵ ਭੂਪਾਲ, ਕਰਮਜੀਤ ਬੀਹਲਾ, ਲੋਕ ਸੰਗਰਾਮ ਮੰਚ ਦੇ ਸੁਖਮੰਦਰ ਸਿੰਘ ਨੇ ਸਾਮਰਾਜ ਤੇ ਸਰਮਾਏਦਾਰੀ ਖਿਲਾਫ਼ ਲੋਕ ਲਾਮਬੰਦੀ ਕਰਨ ਦਾ ਸੱਦਾ ਦਿੱਤਾ। ਨਿਊ ਸੋਸ਼ਲਿਸਟ ਇਨਸ਼ੀਏਟਿਵ ਵੱਲੋਂ ਡਾ. ਰਵੀ ਸਿਨਹਾ ਨੇ ਰਣਜੀਤ ਲਹਿਰਾ ਨਾਲ ਬਿਤਾਏ ਦੋ ਦਹਾਕਿਆਂ ਦੇ ਸੰਘਰਸ਼ੀ ਜੀਵਨ ਨੂੰ ਯਾਦ ਕੀਤਾ। ਮਜ਼ਦੂਰ ਆਗੂ ਸੰਜੀਵ ਮਿੰਟੂ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਵੱਖ-ਵੱਖ ਜਥੇਬੰਦੀਆਂ ਤੇ ਸਖਸ਼ੀਅਤਾਂ ਵੱਲੋਂ ਆਏ ਸ਼ੋਕ ਸੁਨੇਹੇ ਮੰਚ ਤੋਂ ਪੜੇ ਗਏ। ਸ਼ਰਧਾਂਜਲੀ ਸਮਾਗਮ ਵਿਚ ਇਨਕਲਾਬੀ- ਜਨਤਕ ਲਹਿਰ ਦੀਆਂ ਕਈ ਉੱਘੀਆਂ ਸਖਸ਼ੀਅਤਾਂ ਅਤੇ ਕਾਰਕੁੰਨ ਸ਼ਾਮਲ ਸਨ। ਰਣਜੀਤ ਲਹਿਰਾ ਦੀ ਘਾਲਣਾ ਨੂੰ ਬਿਆਨ ਕਰਦੀਆਂ ਫਲੈਕਸਾਂ ਨਾਲ ਸਜੇ ਪੰਡਾਲ ‘ਚ ਰਣਜੀਤ ਲਹਿਰਾ ਦੀਆਂ ਪੁਸਤਕਾਂ ਅਤੇ ਉਸਨੂੰ ਸਮਰਪਿਤ ‘ਲਾਲ ਪਰਚਮ’ ਦਾ ਵਿਸ਼ੇਸ਼ ਅੰਕ ਪ੍ਰਦਰਸ਼ਿਤ ਕੀਤਾ ਗਿਆ। ਮਤੇ ਪੇਸ਼ ਕਰਦਿਆਂ ਮਜ਼ਦੂਰ ਆਗੂ ਮੁਕੇਸ਼ ਮਲੌਦ ਨੂੰ ਜੇਲ੍ਹ ਤੋਂ ਰਿਹਾ ਕਰਨ ਦੀ ਮੰਗ ਕੀਤੀ ਗਈ ਅਤੇ ਬਠਿੰਡਾ 'ਚ ਕਿਸਾਨਾਂ 'ਤੇ ਪੁਲਿਸ ਜ਼ਬਰ ਦੀ ਨਿਖੇਧੀ ਕੀਤੀ ਗਈ।
ਇਸ ਦੌਰਾਨ ਡਾ. ਚਮਨ ਲਾਲ, ਡਾ. ਯਸ਼ਪਾਲ, ਰਾਕੇਸ਼ ਕੁਮਾਰ, ਜਗਮੋਹਨ ਪਟਿਆਲਾ, ਬਲਵੀਰ ਚੰਦ ਲੌਂਗੋਵਾਲ, ਜਗਰਾਜ ਟੱਲੇਵਾਲ, ਜਗਦੇਵ ਜੱਗਾ, ਜਸਵੀਰ ਸਮਰ, ਨੀਲ ਕਮਲ, ਗੁਰਪ੍ਰੀਤ ਭੰਗੂ, ਸੁਖਦੇਵ ਭੂੰਦੜੀ, ਸੁਰਿੰਦਰ ਸ਼ਰਮਾ, ਅਮਨ ਦਿਉਲ, ਜਗਦੀਸ਼ ਪਾਪੜਾ, ਕੁਲਵੰਤ ਕਿਸ਼ਨਗੜ੍ਹ, ਹਰਭਗਵਾਨ ਗੁਰਨੇ, ਸ਼ਮਿੰਦਰ ਸਿੰਘ, ਸੁਖਦੇਵ ਚੰਗਾਲੀਵਾਲਾ, ਪਲਸ ਮੰਚ, ਪ੍ਰੈੱਸ ਕਲੱਬ ਚੰਡੀਗੜ੍ਹ ਦੇ ਪ੍ਰਧਾਨ ਸੌਰਭ ਦੁੱਗਲ, ਸ਼ਹੀਦ ਕਿਰਨਜੀਤ ਮਹਿਲ ਕਲਾਂ ਕਮੇਟੀ, ਸਫ਼ਾਈ ਸੇਵਕ ਯੂਨੀਅਨ, ਡੀਟੀਐੱਫ, ਪੰਜਾਬੀ ਸਾਹਿੱਤ ਸਭਾ, ਇਨਕਲਾਬੀ ਮਜਦੂਰ ਕੇਂਦਰ ਵੱਲੋਂ ਸੋਗ ਮਤੇ ਭੇਜੇ ਗਏ। ਪਰਿਵਾਰ ਵੱਲੋਂ ਡਾ. ਗੁਰਪ੍ਰੀਤ ਸਿੱਧੂ, ਡਾ. ਧਰਮਵੀਰ ਗਾਂਧੀ ਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਗਿਆ।
Click to Follow Babushahi Facebook page →