ਆਊਟਸੋਰਸਡ ਠੇਕਾ ਮੁਲਾਜ਼ਮਾਂ ਵੱਲੋੰ ਮਹਿਕਮੇ ਚ ਮਰਜਰ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਵਾਉਣ ਲਈ ਧਰਨਾ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ ,9 ਜੂਨ 2026: ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸ਼ਡ ਮੁਲਾਜ਼ਮ ਤਾਲਮੇਲ ਕਮੇਟੀ (ਪੰਜਾਬ) ਦੇ ਸੱਦੇ ਤੇ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੇ ਵਿਭਾਗ ਵਿੱਚ ਮਰਜ਼ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਨੂੰ ਲੈਕੇ ਪਰਿਵਾਰਾਂ ਸਮੇਤ ਧਰਨਾ ਸ਼ੁਰੂ ਕੀਤਾ ਹੈ। ਤਾਲਮੇਲ ਕਮੇਟੀ ਦੇ ਸੂਬਾਈ ਆਗੂਆਂ ਜਗਸੀਰ ਸਿੰਘ ਭੰਗੂ,ਲਛਮਣ ਸਿੰਘ ਰਾਮਪੁਰਾ ,ਬਾਦਲ ਸਿੰਘ ਭੁੱਲਰ,ਬਲਜਿੰਦਰ ਸਿੰਘ ਮਾਨ ਅਤੇ ਹਰਦੀਪ ਸਿੰਘ ਤੱਗੜ ਨੇ ਕਿਹਾ ਕਿ ਸਮੁੱਚੇ ਪਾਵਰ ਕਾਰਪੋਰੇਸ਼ਨ ਸਮੇਤ ਸਰਕਾਰੀ ਥਰਮਲ ਪਲਾਂਟਾਂ,ਹਾਈਡਲ ਪ੍ਰੋਜੈਕਟਾਂ ,ਗਰਿੱਡਾਂ ,ਦਫਤਰਾਂ,ਸਟੋਰਾਂ ਅਤੇ ਸਮੁੱਚੇ ਫੀਲਡ ਵਿੱਚ ਹਜ਼ਾਰਾਂ ਆਊਟਸੋਰਸਡ ਠੇਕਾ ਮੁਲਾਜ਼ਮ ਪਿਛਲੇ ਲੰਬੇ ਅਰਸੇ ਤੋਂ ਲਗਾਤਾਰ ਨਿਗੂਣੀਆਂ ਤਨਖਾਹਾਂ ਤੇ ਸੇਵਾਵਾਂ ਦਿੰਦੇ ਆ ਰਹੇ ਹਨ ਜਿਨ੍ਹਾਂ ਵੱਲੋਂ ਵਿਭਾਗ ਵਿੱਚ ਪੱਕਾ ਕਰਨ ਅਤੇ ਗੁਜ਼ਾਰੇਯੋਗ ਤਨਖ਼ਾਹ ਨਿਸਚਿਤ ਕਰਨ ਦੀ ਮੰਗ ਨੂੰ ਲੈਕੇ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਵਿਭਾਗ ਦੀ ਮੈਨੇਜਮੈਂਟ ਵਿਭਾਗ ਦੇ ਆਊਟਸੋਰਸਡ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਪੱਕਾ ਕਰਨ ਅਤੇ ਗੁਜ਼ਾਰੇਯੋਗ ਤਨਖ਼ਾਹ ਨਿਸਚਿਤ ਕਰਨ ਤੋਂ ਲਗਾਤਾਰ ਟਾਲਾ ਵੱਟ ਰਹੀ ਹੈ। ਆਗੂਆਂ ਨੇ ਕਿਹਾ ਕਿ ਵਿਭਾਗ ਵਿੱਚ ਪੱਕਾ ਕਰਨ ਅਤੇ ਤਨਖ਼ਾਹ ਵਾਧੇ ਦੀ ਮੰਗ ਨੂੰ ਲੈਕੇ ਵਿਭਾਗ ਦੇ ਆਊਟਸੋਰਸ਼ਡ ਮੁਲਾਜ਼ਮਾਂ ਵੱਲੋਂ 28 ਮਈ 2026 ਨੂੰ ਮੁੱਖ ਦਫਤਰ ਪਟਿਆਲਾ ਅੱਗੇ ਲਗਾਤਾਰ ਧਰਨਾ ਦੇਣ ਦੇ ਸੰਘਰਸ਼ ਸੱਦੇ ਦੇ ਦਬਾਅ ਸਦਕਾ ਬਿਜਲੀ ਮੰਤਰੀ ਦੀ ਅਗਵਾਈ ਵਿੱਚ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਵੱਲੋਂ 24 ਮਈ ਨੂੰ ਖੰਨਾ ਵਿਖੇ ਤਾਲਮੇਲ ਕਮੇਟੀ ਦੇ ਸੂਬਾਈ ਆਗੂਆਂ ਨਾਲ਼ ਕੀਤੀ ਪੈਨਲ ਮੀਟਿੰਗ ਵਿੱਚ ਚੋਣ ਜਾਬਤੇ ਉਪਰੰਤ ਵਿਭਾਗ ਦੇ ਆਊਟਸੋਰਸ਼ਡ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਅਤੇ 15 ਜੂਨ ਤੱਕ ਵਿਭਾਗ ਵਿੱਚ ਮਰਜ਼ ਕਰਕੇ ਨਿਯੁਕਤੀ ਪੱਤਰ ਦੇਣ ਦੀ ਸਹਿਮਤੀ ਬਣੀ ਸੀ ਪਰ ਹੁਣ ਪਾਵਰ ਕਾਰਪੋਰੇਸ਼ਨ ਦੀ ਮੈਨੇਜ਼ਮੈਂਟ ਮੀਟਿੰਗ ਵਿੱਚ ਬਣੀਆਂ ਸਹਿਮਤੀਆਂ ਤੋਂ ਭੱਜ ਰਹੀ ਹੈ ਜਿਸਦੇ ਵਿਰੋਧ ਵਜੋਂ ਲਹਿਰਾ ਥਰਮਲ ਦੇ ਮੁੱਖ ਗੇਟ ਤੇ ਧਰਨਾ ਸ਼ੁਰੂ ਕੀਤਾ ਗਿਆ ਹੈ।
- Download Babushahi App
-
-