ਅੰਮ੍ਰਿਤਸਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ 'ਚ ਸੰਗਤਾਂ 'ਤੇ ਡਿੱਗੀ ਛਟਰਿੰਗ
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ, 24 ਮਈ (2026): ਪਵਿੱਤਰ ਨਗਰੀ ਅੰਮ੍ਰਿਤਸਰ ਦੇ ਪ੍ਰਸਿੱਧ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਐਤਵਾਰ ਨੂੰ ਇੱਕ ਬਹੁਤ ਹੀ ਦਰਦਨਾਕ ਅਤੇ ਭਿਆਨਕ ਹਾਦਸਾ ਵਾਪਰਨ ਦੀ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਬਣ ਰਹੇ ਅੰਡਰ-ਕੰਸਟ੍ਰਕਸ਼ਨ ਲੰਗਰ ਹਾਲ ਦੀ ਛੱਤ ਤੋਂ ਲੋਹੇ ਦੀਆਂ ਭਾਰੀ ਪਲੇਟਾਂ ਅਚਾਨਕ ਟੁੱਟ ਕੇ ਉੱਥੇ ਭਾਂਡੇ ਮਾਂਜਣ ਅਤੇ ਹੋਰ ਸੇਵਾ ਕਰ ਰਹੀਆਂ ਬੀਬੀਆਂ ਦੇ ਉੱਪਰ ਜਾ ਡਿੱਗੀਆਂ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਲੋਹੇ ਅਤੇ ਮਲਬੇ ਦੇ ਹੇਠਾਂ ਦੱਬਣ ਕਾਰਨ ਦੋ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਪੰਜ ਹੋਰ ਬੀਬੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ। ਇਸ ਅਚਾਨਕ ਹੋਈ ਤ੍ਰਾਸਦੀ ਤੋਂ ਬਾਅਦ ਪੂਰੇ ਗੁਰਦੁਆਰਾ ਕੰਪਲੈਕਸ ਵਿੱਚ ਹਾਹਾਕਾਰ ਮਚ ਗਈ।
ਹਾਦਸਾ ਹੁੰਦੇ ਹੀ ਉੱਥੇ ਮੌਜੂਦ ਸਥਾਨਕ ਕਮਿਊਨਿਟੀ ਅਤੇ ਸ਼ਰਧਾਲੂਆਂ ਦੀ ਮਦਦ ਨਾਲ ਤੁਰੰਤ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਅਤੇ ਮਲਬੇ ਹੇਠੋਂ ਜ਼ਖਮੀਆਂ ਨੂੰ ਕੱਢ ਕੇ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਸੁਪਰਡੈਂਟ (SP) ਅਮਨਦੀਪ ਕੌਰ ਤੁਰੰਤ ਭਾਰੀ ਪੁਲਿਸ ਫੋਰਸ ਸਮੇਤ ਸਪਾਟ 'ਤੇ ਅਤੇ ਬਾਅਦ ਵਿੱਚ ਹਸਪਤਾਲ ਪਹੁੰਚੇ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਡਾਕਟਰਾਂ ਦੀ ਸਪੈਸ਼ਲ ਟੀਮ ਜ਼ਖਮੀ ਔਰਤਾਂ ਦੇ ਇਲਾਜ ਅਤੇ ਮੈਡੀਕਲ ਕੇਅਰ ਵਿੱਚ ਜੁਟੀ ਹੋਈ ਹੈ। ਹਸਪਤਾਲ ਦੇ ਅੰਦਰ ਸ਼ੁਰੂਆਤ ਵਿੱਚ ਲੋਕਾਂ ਦੀ ਭਾਰੀ ਭੀੜ ਇਕੱਠੀ ਹੋਣ ਕਾਰਨ ਐਮਰਜੈਂਸੀ ਟ੍ਰੀਟਮੈਂਟ ਵਿੱਚ ਦਿੱਕਤ ਆ ਰਹੀ ਸੀ, ਜਿਸ ਨੂੰ ਪੁਲਿਸ ਨੇ ਤੁਰੰਤ ਕੰਟਰੋਲ ਕਰਦਿਆਂ ਭੀੜ ਨੂੰ ਬਾਹਰ ਕੱਢਿਆ ਤਾਂ ਜੋ ਡਾਕਟਰ ਬਿਨਾਂ ਕਿਸੇ ਪਰੇਸ਼ਾਨੀ ਦੇ ਜ਼ਖਮੀਆਂ ਨੂੰ ਪੱਟੀਆਂ ਅਤੇ ਟਾਂਕੇ ਲਗਾ ਸਕਣ।
ਸਿਵਲ ਡਿਫੈਂਸ ਦੇ ਇੰਚਾਰਜ ਮੁਤਾਬਕ ਇਹ ਹਾਦਸਾ ਬਾਬਾ ਭੂਰੀ ਵਾਲੇ ਦੇ ਸਥਾਨ 'ਤੇ ਚੱਲ ਰਹੇ ਲੰਗਰ ਦੌਰਾਨ ਵਾਪਰਿਆ, ਜਿੱਥੇ ਉਸਾਰੀ ਦਾ ਕੰਮ ਵੀ ਚੱਲ ਰਿਹਾ ਸੀ। ਹਾਦਸੇ ਦੀ ਹੱਡ-ਬੀਤੀ ਸੁਣਾਉਂਦਿਆਂ ਅਜਨਾਲਾ ਦੀ ਰਹਿਣ ਵਾਲੀ ਇੱਕ ਜ਼ਖਮੀ ਮਹਿਲਾ ਸ਼ਰਧਾਲੂ ਨੇ ਦੱਸਿਆ ਕਿ ਉਹ ਲਾਈਨ ਵਿੱਚ ਖੜ੍ਹੀ ਸੀ ਕਿ ਅਚਾਨਕ ਇੱਕ ਜ਼ੋਰਦਾਰ ਝਟਕਾ ਲੱਗਿਆ ਅਤੇ ਲੈਂਟਰ ਦੀਆਂ ਪਲੇਟਾਂ ਹੇਠਾਂ ਆ ਡਿੱਗੀਆਂ, ਜਿਸ ਕਾਰਨ ਉਹ ਡਰ ਤੇ ਘਬਰਾਹਟ ਵਿੱਚ ਬੇਹੋਸ਼ ਹੋ ਗਈ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਚਾਰੇ ਪਾਸੇ ਖ਼ੂਨ ਦੀਆਂ ਨਦੀਆਂ ਅਤੇ ਚੀਕਾਂ ਦੀਆਂ ਆਵਾਜ਼ਾਂ ਸਨ ਅਤੇ ਉਸ ਦੇ ਖੁਦ ਦੇ ਸਿਰ 'ਤੇ ਵੀ ਗੰਭੀਰ ਸੱਟਾਂ ਕਾਰਨ ਟਾਂਕੇ ਲੱਗੇ ਹੋਏ ਸਨ। ਫਿਲਹਾਲ ਪ੍ਰਸ਼ਾਸਨ ਵੱਲੋਂ ਇਸ ਲਾਪਰਵਾਹੀ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਚੱਲਦੇ ਲੰਗਰ ਦੌਰਾਨ ਇੰਨੀ ਵੱਡੀ ਕੰਸਟ੍ਰਕਸ਼ਨ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕਿਉਂ ਨਹੀਂ ਕੀਤੇ ਗਏ ਸਨ।
- Download Babushahi App
-
-