ਕਰੋਨਾ ਵਾਇਰਸ : ਸੰਕਲਪ ਦਿਵਸ 'ਤੇ ਹੋ ਰਿਹਾ ਸਤਿੰਦਰ ਸਰਤਾਜ ਦਾ ਸ਼ੋਅ ਮੁਲਤਵੀ, ਨਵੀਆਂ ਤਰੀਕਾਂ ਜਲਦੀ ਦੱਸਾਂਗੇ - ਅਹੁਦੇਦਾਰ
ਫਿਰੋਜ਼ਪੁਰ, 11 ਮਾਰਚ 2020 - ਸ਼ਹੀਦ ਏ ਵਤਨ ਯੂਥ ਆਰਗੇਨਾਈਜੇਸ਼ਨ ਫਿਰੋਜ਼ਪੁਰ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ ਦੇ ਸੰਕਲਪ ਦਿਵਸ ਨੂੰ ਸਮਰਪਿਤ 14 ਮਾਰਚ ਨੂੰ ਕਰਵਾਇਆ ਜਾ ਰਿਹਾ ਸਮਾਗਮ, ਜਿਸ ਵਿਚ ਸਤਿੰਦਰ ਸਰਤਾਜ ਪੁੱਜ ਰਹੇ ਸਨ, ਕੋਰੋਨਾ ਵਾਇਰਸ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੰਸਥਾ ਦੇ ਅਹੁਦੇਦਾਰ ਗੁਰਭੇਜ ਸਿੰਘ ਟਿੱਬੀ, ਗੁਰਨਾਮ ਸਿੱਧੂ, ਗੁਰਚਰਨ ਸਿੰਘ ਥਿੰਦ, ਮਨੀ ਸਰਪੰਚ, ਮਲਕੀਅਤ ਸਿੰਘ, ਜਸਪਾਲ ਹਾਂਡਾ, ਗੁਰਿੰਦਰ ਸਿੰਘ, ਹਰਿੰਦਰ ਭੁੱਲਰ, ਜਦਵਿੰਦਰ ਛਿੰਦਾ, ਜਸਵੀਰ ਜੋਸਨ, ਅਵਤਾਰ ਜੋਸਨ ਆਦਿ ਨੇ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵਲੋਂ ਸੰਸਥਾ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਕੋਰੋਨਾ ਵਾਇਰਸ ਦੇ ਕਾਰਨ ਅਤੇ ਸਿਹਤ ਵਿਭਾਗ ਵਲੋਂ ਜਾਰੀ ਹੋਈ ਅਡਵਾਈਜ਼ਰ ਮੁਤਾਬਿਕ 14 ਮਾਰਚ ਨੂੰ ਹੋਣ ਵਾਲਾ ਸੰਕਲਪ ਦਿਵਸ ਅੱਗੇ ਪਾ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਦਿਆ ਕਿ ਇਸ ਭਿਆਨਕ ਬਿਮਾਰੀ ਕਾਰਨ ਕਿਸੇ ਵੀ ਤਰ੍ਹਾਂ ਦਾ ਇਕੱਠ ਆਦਿ ਕਰਨ 'ਤੇ ਮਨਾਹੀ ਕੀਤੀ ਗਈ ਹੈ। ਅਹੁਦੇਦਾਰਾਂ ਨੇ ਦੱਸਿਆ ਕਿ ਇਹ ਸਮਾਗਮ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਦੀ ਰਹਿਨੁਮਾਈ ਹੇਠ ਹੋਣ ਜਾ ਰਿਹਾ ਸੀ, ਸਮਾਗਮ ਵਿੱਚ ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਰਤਾਜ ਵਲੋਂ ਮਹਿਫਲ ਸਜਾਈ ਜਾ ਰਹੀ ਸੀ। ਪ੍ਰੋਗਰਾਮ ਵਿਚ ਪੰਜਾਬ ਸਰਕਾਰ ਦੇ ਮਜ਼ੂਦਾ ਮੰਤਰੀ ਸਹਿਬਾਨ, ਵਿਧਾਇਕ ਤੋਂ ਇਲਾਵਾ ਲਗਭਗ ਸਾਰੀਆਂ ਪਾਰਟੀਆਂ ਦੇ ਆਗੂ ਵੀ ਪੁੱਜ ਰਹੇ ਸਨ। ਆਗੂਆਂ ਨੇ ਸਪਸ਼ਟ ਕੀਤਾ ਕਿ ਮਾਨਯੋਗ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਸਮਾਗਮ ਅੱਗੇ ਪਾਇਆ ਗਿਆ ਹੈ ਅਤੇ ਜਲਦੀ ਹੀ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ।