ਚੰਡੀਗੜ੍ਹ, ਅਗਸਤ - ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਕੈਂਪਸ ਵਿੱਚ ਵਿਦਿਆਰਥੀਆਂ ਦੇ ਮਨੋਰੰਜਨ ਲਈ ਸ਼ਾਨਦਾਰ ‘ਟਸ਼ਨ ਨਾਇਟਸ’ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਬਾਲੀਵੁਡ ‘ਤੇ ਪੰਜਾਬੀ ਮਨੋਰੰਜਨ ਇੰਡਸਟਰੀ ਤੋਂ ਪੁੱਜੇ ਨਾਮੀ ਕਲਾਕਾਰਾਂ ਨੇ ਵਿਦਿਆਰਥੀਆਂ ਦਾ ਖੂਬ ਮਨ ਪਰਚਾਵਾ ਕੀਤਾ । ਇਸ ਪ੍ਰੋਗਰਾਮ ਦੌਰਾਨ ਖੂਬਸੂਰਤ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਨਖਰੇ ਵਾਲਾ ਮੁੰਡਾ ਪੰਜਾਬੀ ਗਾਇਕ ਜੱਸੀ ਗਿੱਲ ਫਿਲਮ ‘ਹੈਪੀ ਫਿਰ ਭਾਗ ਜਾਏਗੀ‘ ਦੀ ਟੀਮ ਸਮੇਤ ਵਿਦਿਆਰਥੀਆਂ ਸਨਮੁੱਖ ਪੇਸ਼ ਹੋਏ।
ਪੰਜਾਬੀ ਮਿਊਜਿਕ ਚੈਨਲ 9 ਐਕਸ ਟਸ਼ਨ ਦੇ ਸਹਿਯੋਗ ਨਾਲ ਆਜੋਜਿਤ ਇਸ ਸੰਗੀਤਕ ਸ਼ਾਮ ਦੇ ਰੰਗਾ-ਰੰਗ ਪਰੋਗ੍ਰਾਮ ਦੀ ਸ਼ੁਰੂਆਤ ਪ੍ਰਸਿੱਧ ਪੰਜਾਬੀ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਵਿਖਾ ਕੇ ਕੀਤੀ ਜਿਨ੍ਹਾਂ ਵਿੱਚ ਨੌਜਵਾਨਾਂ ਦੇ ਚਹੇਤੇ ਕਲਾਕਾਰ ਗਾਇਕਾ ਤਨਿਸ਼ਕ ਕੌਰ, ਰਾਜਵੀਰ ਜਵੰਧਾਂ, ਅਖਿਲ, ਜੌਰਡਨ ਸੰਧੂ ਅਤੇ ਕਿੰਗ ਕਾਜ਼ੀ ਨੇ ਆਪਣੇ ਦਮਦਾਰ ਹਿੱਟ ਗਾਣਿਆਂ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਵਿਦਿਆਰਥੀਆਂ ਨੂੰ ਝੂਮਣ ਲਾਈ ਰੱਖਿਆ ।
ਸੋਨਾਕਸ਼ੀ ਸਿਨਹਾ ਨੇ ਫਿਲਮ ਵਿੱਚ ਆਪਣੇ ਕਿਰਦਾਰ ਅਤੇ ਕਹਾਣੀ ਬਾਰੇ ਦੱਸਦਿਆਂ ਕਿਹਾ ਕਿ ਇਹ ਇੱਕ ਕਾਮੇਡੀ ਫਿਲਮ ਹੈ ਜਿਸ ਦੀ ਕਹਾਣੀ ਪੰਜਾਬ ਤੋਂ ਚੀਨ ਪਹੁੰਚਦੀ ਹੈ ਅਤੇ ਹੈਪੀ ਨਾਮ ਦੀ ਕੁੜੀ ਉਲਝਣ ਪਈ ਹੁੰਦੀ ਹੈ। ਇਸ ਫਿਲਮ ਰਾਹੀਂ ਬਾਲੀਵੁੱਡ ਫਿਲਮ ਇੰਡਸਟਰੀ ਵਿੱਚ ਕਦਮ ਰੱਖਣ ਜਾ ਰਹੇ ਪੰਜਾਬੀ ਗਾਇਕ ਜੱਸੀ ਗਿੱਲ ਨੇ ਆਪਣੇ ਗੀਤ ਲੈਂਸਰ, ਨਖਰੇ ਨਾਲ ਵਿਦਿਆਰਥੀਆਂ ਦਾ ਮਨ ਮੋਹ ਲਿਆ। ਫਿਲਮ ਸਿਤਾਰਿਆਂ ਨੇ ਦੱਸਿਆ ਕਿ ਇਹ ਫਿਲਮ 24 ਅਗਸਤ ਨੰੂ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਪਹੁੰਚਣ ਜਾ ਰਹੀ ਹੈ ਅਤੇ ਪੰਜਾਬ ਦੇ ਨੋਜੁਆਨ ਮੁੰਡੇ ਕੁੜੀਆਂ ਨੰੂ ਵਿਸ਼ੇਸ਼ ਤੌਰ ‘ਤੇ ਪਸੰਦ ਆਵੇਗੀ। ਮੁਦੱਸਰ ਅਜ਼ੀਜ਼ ਵੱਲੋਂ ਨਿਰਦੇਸ਼ਿਤ ਇਸ ਫਿਲਮ ਵਿੱਚ ਉਹਨਾਂ ਤੋਂ ਇਲਾਵਾ ਜਿੰਮੀ ਸ਼ੇਰਗਿੱਲ, ਡਿਆਨਾ ਪੈਂਟੀ, ਪਿਊਸ਼ ਮਿਸ਼ਰਾ, ਅਲੀ ਫਜ਼ਲ, ਅਪਾਰਸ਼ਕਤੀ ਵੱਲੋਂ ਮੁੱਖ ਭੂਮਿਕਾ ਨਿਭਾਈ ਗਈ ਹੈ।
ਟਸ਼ਨ ਨਾਇਟਸ ਵਿੱਚ ਰੰਗਾਰਗ ਪਰੋਗਰਾਮ ਦੌਰਾਨ ਸਮਾਂ ਬੰਨ੍ਹਦਿਆਂ ਗਾਇਕ ਦਲੇਰ ਮਹਿੰਦੀ ਨੇ ਆਪਣੀ ਦਮਦਾਰ ਆਵਾਜ਼ ਵਿੱਚ ਫਿਲਮ ‘ਹੈਪੀ ਫਿਰ ਭਾਗ ਜਾਏਗੀ‘ ਦੇ ਟਾਈਟਲ ਟਰੈਕ ਤੋਂ ਇਲਾਵਾ ਆਪਣੇ ਕਈ ਸੁਪਰ ਹਿਟ ਹਿੰਦੀ-ਪੰਜਾਬੀ ਗੀਤਾਂ ਜਿੰਨਾਂ੍ਹ ਵਿੱਚ ਦੰਗਲ, ਹੋ ਜਾਏਗੀ ਬੱਲੇ, ਤੁਣਕ ਤੁਣਕ ਆਦਿ ਨਾਲ ਮਾਹੌਲ ਨੰੂ ਜੋਸ਼ ਨੁਮਾ ਕਰਕੇ ਵਿਦਿਆਰਥੀਆਂ ਨੂੰ ਖੂਬ ਨਚਾਇਆ। ਖੁਬਸੂਰਤ ਪੰਜਾਬੀ ਮੁਟਿਆਰ ਗਾਇਕਾ ਤਨਿਸ਼ਕ ਕੌਰ ਨੇ ਆਪਣੇ ਗੀਤ ਮੋਤੀ ਪੁੰਨ, ਚੰਨ ਦੇ ਵਰਗਾ, ਰਾਜਵੀਰ ਜਵੰਧਾਂ ਨੇ ਸਰਨੇਮ, ਕੰਗਣੀ, ਲੈਂਡ ਲਾੱਰਡ, ਅਖਿਲ ਨੇ ਖ਼ਾਬ, ਲਾਈਫ, ਜੌਰਡਨ ਸੰਧੂ ਨੇ ਮੁੱਛ ਰੱਖੀ ਆ, ਸਰਦਾਰ ਅਤੇ ਕਿੰਗ ਕਾਜ਼ੀ ਨੇ ਦੇਸੀ ਡੂਡ ਜਿਹੇ ਗੀਤਾਂ ਨੂੰ ਪੇਸ਼ ਕਰਕੇ ਮਾਹੌਲ ਨੂੰ ਪੰਜਾਬੀ ਰੰਗਾਂ ਵਿੱਚ ਰੰਗ ਦਿੱਤਾ।