- ਪੀ ਟੀ ਸੀ ਨੇ ਸ਼ੁਰੂ ਕੀਤੀ ਨਵੇਕਲੀ ਪਹਿਲਕਦਮੀ
- ਪੀ ਟੀ ਸੀ ਨੇ ਲਾਈ ਲੱਚਰ , ਅਸਲਾ-ਪ੍ਰਸਤ ਅਤੇ ਨਸ਼ਾ ਉਕਸਾਊ ਗੀਤ-ਸੰਗੀਤ 'ਤੇ ਪਾਬੰਦੀ
- ਸਮਾਜਿਕ ਸੁਧਾਰਾਂ ਦੀ ਦਿਸ਼ਾ ਵਿਚ ਪੀ ਟੀ ਸੀ ਦਾ ਇੱਕ ਹੋਰ ਉਪਰਾਲਾ ਹੈ ਇਹ - ਰਾਬਿੰਦਰ ਨਰਾਇਣ
ਚੰਡੀਗੜ੍ਹ , 2 ਅਪ੍ਰੈਲ , 2018 : ਚਰਚਿਤ ਪੰਜਾਬੀ ਟੀ ਵੀ ਚੈਨਲ ਪੀ ਟੀ ਸੀ ਨੇ ਇੱਕ ਨਵੇਕਲੀ ਪਹਿਲ ਕਦਮੀ ਕਰਦੇ ਹੋਏ ਇਹ ਐਲਾਨ ਕੀਤਾ ਹੈ ਕਿ ਇਹ ਚੈਨਲ ਅਜਿਹੇ ਗਾਣੇ ਅਤੇ ਗੀਤ ਸੰਗੀਤ ਨਹੀਂ ਚਲਾਏਗਾ ਜੋ ਨਸ਼ਿਆਂ , ਲੱਚਰਤਾ ਅਤੇ ਹਥਿਆਰ-ਪ੍ਰਸਤੀ ਨਾਲ ਲੱਦਿਆ ਹੋਵੇਗਾ . ਇਹ ਐਲਾਨ ਕਰਦੇ ਹੋਏ ਪੀ ਟੀ ਸੀ ਚੈਨਲ ਦੇ ਐਮ ਡੀ ਰਾਬਿੰਦਰ ਨਾਰਾਇਣ ਨੇ ਕਿਹਾ ਹੈ ਕਿ ਪੰਜਾਬੀ ਵਿਰਸੇ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੀ ਟੀ ਸੀ ਨੇ ਇਹ ਨਿਰਨਾ ਕੀਤਾ ਹੈ ਕਿ ਨਸ਼ੇ , ਅਤੇ ਗੰਨ ਕਲਚਰ ਨੂੰ ਹਵਾ ਦੇਣ ਵਾਲੇ ਗਾਣਿਆਂ ਤੋਂ ਇਲਾਵਾ ਪੀ ਟੀ ਸੀ ਅਜਿਹਾ ਗੀਤ -ਸੰਗੀਤ ਵੀ ਨਹੀਂ ਪਰਮੋਟ ਕਰੇਗਾ ਜਿਸ ਰਾਹੀਂ ਔਰਤ ਦੀ ਇੱਜ਼ਤ ਅਤੇ ਰੁਤਬੇ ਨੂੰ ਛੁਟਿਆਇਆ ਗਿਆ ਹੋਵੇ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਮਾਹੌਲ ਇਸ ਵੇਲੇ ਹੈ ਇਸ ਵਿਚ ਪੰਜਾਬੀ ਦੇ ਉਸਾਰੂ ਅਤੇ ਅਮੀਰ ਵਿਰਸੇ ਨੂੰ ਕਾਇਮ ਰੱਖਣ ਲਈ ਇਹ ਨੈੱਟਵਰਕ ਨਸ਼ਿਆਂ , ਲੱਚਰ ਪੁਣੇ ਅਤੇ ਹਥਿਆਰ-ਉਕਸਾਊ ਆਡੀਓ-ਵੀਡੀਓ ਟੈਲੀਕਾਸਟ ਨਹੀਂ ਕਰੇਗਾ .ਨੈੱਟਵਰਕ ਦੀ ਮੈਨੇਜਮੈਂਟ ਨੇ ਇਹ ਫ਼ੈਸਲਾ ਸੋਚ ਸਮਝ ਕੇ ਕੀਤਾ ਹੈ .
ਪੀ ਟੀ ਸੀ ਪਹਿਲਾਂ ਵੱਡਾ ਟੀ ਵੀ ਨੈੱਟਵਰਕ ਹੈ ਜਿਸ ਨੇ ਅਜਿਹੀ ਪਹਿਲਕਦਮੀ ਕਰਨ ਦਾ ਵੱਡਾ ਐਲਾਨ ਕੀਤਾ ਹੈ . ਇਸ ਨੈੱਟ ਵਰਕ ਦੇ ਤਿੰਨ ਚੈਨਲ ਹਨ -ਪੀ ਟੀ ਸੀ ਨਿਊਜ਼ , ਪੀ ਟੀ ਸੀ ਪੰਜਾਬੀ ਅਤੇ ਪੀ ਟੀ ਸੀ ਚੱਕ ਦੇ .
ਚੇਤੇ ਰਹੇ ਕਿ ਇਸ ਤੋਂ ਪਹਿਲਾਂ ਪੀ ਟੀ ਸੀ ਨਿਊਜ਼ ਨੇ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਤੇ ਆਪਣੇ ਚੈਨਲਾਂ ਰਾਹੀਂ ਲਗਾਤਾਰ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਤਹਿਤ ਕਿਸਾਨਾਂ ਨੂੰ ਖ਼ੁਦਕੁਸ਼ੀ ਦੇ ਰਾਹ ਨਾ ਪੈਣ ਦੀ ਪ੍ਰੇਰਨਾ ਦੇਣ ਦਾ ਯਤਨ ਕੀਤਾ ਗਿਆ . ਇਸ ਮੁਹਿੰਮ ਵਿਚ ਨਾਮੀ ਕਲਾਕਾਰਾਂ ਦੀਆਂ ਕੀਤੀਆਂ ਅਪੀਲਾਂ ਵੀ ਸ਼ਾਮਲ ਕੀਤੀਆਂ ਗਈਆਂ ਸਨ .
ਬਾਬੂਸ਼ਾਹੀ ਡਾਟ ਕਾਮ ਨਾਲ ਗੱਲਬਾਤ ਕਰਦੇ ਹੋਏ ਰਾਬਿੰਦਰ ਨਰਾਇਣ ਨੇ ਕਿਹਾ ਕਿ ਸਮਾਜਿਕ ਸੁਧਾਰਾਂ ਦੀ ਦਿਸ਼ਾ ਵਿਚ ਪੀ ਟੀ ਸੀ ਦਾ ਇਹ ਇੱਕ ਹੋਰ ਉਪਰਾਲਾ ਹੈ.
ਦੇਖਣਾ ਇਹ ਹੈ ਕਿ ਪੀ ਟੀ ਸੀ ਨੈੱਟਵਰਕ ਇਸ ਨਿਰਨੇ ਨੂੰ ਕਿਸ ਤਰ੍ਹਾਂ ਅਤੇ ਕਿੰਨੀ ਸ਼ਿੱਦਤ ਨਾਲ ਲਾਗੂ ਕਰੇਗਾ ਕਿਉਂਕਿ ਇਹ ਮਾਮਲਾ ਮਿਊਜ਼ਿਕ ਇੰਡਸਟਰੀ ਤੋਂ ਹੁੰਦੀ ਆਮਦਨ ਅਤੇ ਮੁਨਾਫ਼ੇ ਨਾਲ ਵੀ ਜੁੜਿਆ ਹੋਇਆ ਹੈ .ਇਸ ਤੋਂ ਇਲਾਵਾ ਇਹ ਵੀ ਚੁਨੌਤੀ ਭਰਿਆ ਕਾਰਜ ਹੈ ਕਿ ਰੌਚਿਕ , ਮਜ਼ਾਕੀਆ ਜਾਂ ਸਾਡੀ ਰੋਜ਼ਮਰ੍ਹਾ ਜ਼ਿੰਦਗੀ ਨਾਲ ਜੁੜੇ ਗੀਤ-ਸੰਗੀਤ ਵਿਚੋਂ ਚੰਗੇ -ਮਾੜੇ ਦੀ ਪਛਾਣ ਕਿਵੇਂ ਕੀਤੀ ਜਾਵੇ ਅਤੇ ਲਕੀਰ ਕਿੱਥੇ ਖਿੱਚੀ ਜਾਵੇ .
ਇਹ ਵੀ ਜ਼ਿਕਰਯੋਗ ਹੈ ਪੰਜਾਬ ਸਰਕਾਰ ਨੇ ਹਾਲ ਹੀ ਵਿਚ ਅਜਿਹੇ ਹੀ ਰੁਝਾਨ ਤੇ ਰੋਕ ਲਾਉਣ ਲਈ ਸਭਿਆਚਾਰ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਹੈ .ਪਿਛਲੇ ਕਾਫ਼ੀ ਸਮੇਂ ਤੋਂ ਇਹ ਮੁੱਦਾ ਪੰਜਾਬੀ ਜਗਤ ਵਿਚ ਇੱਕ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ .
ਪੀ ਟੀ ਸੀ ਦੇ ਇਸ ਐਲਾਨ ਦੀ ਵੀਡਿਓ ਦੇਖਣ ਲਈ ਕਲਿੱਕ ਕਰੋ :
https://m.facebook.com/story.php?story_fbid=1786569941363067&id=453129838040424