ਤਸਵੀਰਾਂ ਗੀਤ ਸਬੰਧੀ ਜਾਰੀ ਕੀਤਾ ਗਿਆ ਪੋਸਟਰ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 24 ਦਸੰਬਰ 2017 :
ਪੰਜਾਬ ਦੀ ਪ੍ਰਸਿੱਧ ਗਾਇਕਾ ਰੁਪਿੰਦਰ ਹਾਂਡਾ ਦੇ ਗੀਤ ਤਸਵੀਰਾਂ ਨੇ ਯੂ ਟਿਊਬ ਤੇ ਧਮਾਲ ਮਚਾ ਦਿੱਤੀ ਹੈ । "ਜੋ ਆਪ ਨਹੀਂ ਵਿਕਦੇ , ਉਹਨਾਂ ਦੀਆਂ ਵਿਕਦੀਆਂ ਨੇ ਤਸਵੀਰਾਂ" ਗੀਤਕਾਰ ਪੰਧੂ ਬਲਦੇਵ ਦੀ ਰਚਨਾ ਹੈ ਜਿਸਨੂੰ ਘੈੰਟ ਰਿਕੋਡਰਜ ਦੇ ਲੇਬਲ ਹੇਠ ਅਮਨ ਹਾਡਾ ਵੱਲੋਂ ਜਾਰੀ ਕੀਤਾ ਗਿਆ ਹੈ । ਗੀਤ ਨੂੰ ਸੰਗੀਤ ਗੱਗ ਸਟੂਡੀਓਜ ਨੇ ਸ਼ਿੰਗਾਰਿਆ ਹੈ । ਗੀਤ ਵਿੱਚ ਦੁਨੀਆ ਦੇ ਸਿਰਮੌਰ ਸ਼ਹੀਦ ਸ਼੍ਰੀ ਗੁਰੂ ਅਰਜਨ ਦੇਵ ਜੀ , ਹਿੰਦ ਦੀ ਚਾਦਰ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ , ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਸਾਹਿਬਜ਼ਾਦਿਆਂ ਦੀ ਕੁਰਬਾਨੀ ਦੇ ਨਾਲ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ , ਬਾਬਾ ਦੀਪ ਸਿੰਘ ਜੀ , ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ ਦੀ ਕੌਮ ਲਈ ਦਿੱਤੀ ਸ਼ਹਾਦਤ ਦੇ ਨਾਲ ਹੀ ਸ਼ਹੀਦ ਊਧਮ ਸਿੰਘ ਵੱਲੋਂ ਜੱਲਿਆਂ ਵਾਲਾ ਬਾਗ ਦੇ ਖੂਨੀ ਸਾਕੇ ਦੇ ਲਏ ਗਏ ਬਦਲੇ, ਸ਼ਹੀਦ ਭਗਤ ਸਿੰਘ , ਰਾਜਗੁਰੂ , ਸੁਖਦੇਵ , ਕਰਤਾਰ ਸਿੰਘ ਸਰਾਭਾ , ਸੁਭਾਸ਼ ਚੰਦਰ ਬੋਸ , ਚੰਦਰ ਸ਼ੇਖਰ , ਲਾਜਪਤ ਰਾਏ ਸਮੇਤ ਦੇਸ਼ ਅਤੇ ਕੌਮ ਲਈ ਜਾਨਾਂ ਵਾਰਨ ਵਾਲੇ ਯੋਧਿਆਂ ਦੀ ਵਾਰ ਗਾਈ ਗਈ ਹੈ । ਹੁਣ ਜਦੋਂ ਸਿੱਖ ਪੰਥ ਦੇ ਬਾਨੀ ਸਰਬੰਸਦਾਨੀ ਦਸ਼ਮੇਸ਼ ਪਿਤਾ ਦੇ ਪਰਿਵਾਰ ਦਾ ਸ਼ਹੀਦੀ ਦਿਨ ਚੱਲ ਰਹੇ ਹਨ ਅਤੇ ਸ਼ਹੀਦ ਊਧਮ ਸਿੰਘ ਦਾ ਜਨਮ ਦਿਹਾੜਾ ਵੀ ਇਹਨਾਂ ਦਿਨਾਂ ਅੰਦਰ ਹੈ ਤਾਂ ਇਸ ਸਬੰਧੀ ਗਾਇਕਾ ਰੁਪਿੰਦਰ ਹਾਂਡਾ ਦਾ ਕਹਿਣਾ ਹੈ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹੈ ਕਿ ਉਸ ਨੂੰ ਮਹਾਨ ਯੋਧਿਆਂ ਦਾ ਇਤਿਹਾਸ ਪੇਸ਼ ਕਰਨ ਦਾ ਮੌਕਾ ਮਿਲਿਆ । ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸ਼ਹੀਦ ਊਧਮ ਸਿੰਘ ਦਾ ਗੀਤ "ਊਧਮ ਸਿੰਘ ਸਰਦਾਰ " ਪੇਸ਼ ਕੀਤਾ ਗਿਆ ਸੀ ਜਿਸ ਨੂੰ ਅੱਜ ਤੱਕ ਵੀ ਸਲਾਹਿਆ ਅਤੇ ਮਾਣਿਆ ਜਾ ਰਿਹਾ ਹੈ ਹੈ । ਇਸ ਸਬੰਧੀ ਉਸ ਨੇ ਕਿਹਾ ਕਿ ਦੁਨੀਆਂ ਭਰ ਦੇ ਸਰੋਤੇ ਭਰਵਾਂ ਹੁੰਗਾਰਾ ਭਰਨਗੇ ਇਸ ਸਬੰਧੀ ਉਸਨੂੰ ਪੂਰਾ ਵਿਸ਼ਵਾਸ ਹੈ ।