← Go Back
ਜਗਦੀਸ਼ ਥਿੰਦ ਫਾਜ਼ਿਲਕਾ, 4 ਅਕਤੂਬਰ, 2017 : ਆਲ ਇੰਡੀਆ ਰੇਡੀਓ ਬਠਿੰਡਾ ਦੇ ਇੰਚਾਰਜ ਅਤੇ ਫਾਜ਼ਿਲਕਾ ਦੇ ਅਡੀਸ਼ਨਲ ਡਿਪਟੀ ਡਾਇਰੈਕਟਰ(ਐਗਜ਼ੀਕਿਊਟਿਵ) ਸ੍ਰੀ ਡੀ.ਪੀ. ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਜ਼ਿਲਕਾ ਦੇ ਸਰਹੱਦੀ ਖੇਤਰ ਦੇ ਲੋਕ 5 ਅਕਤੂਬਰ ਤੋਂ ਆਲ ਇੰਡੀਆ ਰੇਡੀਓ ਦੇ ਐਫ ਐਮ. ਚੈਨਲ ਦੇ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਣਗੇ। ਉਨ੍ਹਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਫਾਜ਼ਿਲਕਾ ਤੇ ਇਸਦੇ ਸਰਹੱਦੀ ਪਿੰਡਾਂ ਦੇ ਸਰੋਤਿਆਂ ਵੱਲੋਂ ਆਲ ਇੰਡੀਆ ਰੇਡੀਓ ਦੇ ਐਫ.ਐਮ. ਚੈਨਲ 'ਤੇ ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚ ਪ੍ਰੋਗਰਾਮ ਪ੍ਰਸਾਰਿਤ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ 25 ਦਸੰਬਰ 2015 ਤੋਂ ਆਲ ਇੰਡੀਆ ਰੇਡੀਓ ਦੇ ਐਫ. ਐਮ ਚੈਨਲ 'ਤੇ ਉਰਦੂ ਵਿੱਚ ਪ੍ਰੋਗਰਾਮ ਪ੍ਰਸਾਰਿਤ ਹੁੰਦੇ ਸਨ। ਪਰ ਹੁਣ 5 ਅਕਤੂਬਰ ਤੋਂ ਫਾਜ਼ਿਲਕਾ ਅਤੇ ਇਸ ਦੇ ਲਗਪਗ 100 ਕਿਲੋਮੀਟਰ ਦੇ ਏਰੀਏ ਵਿੱਚ ਆਲ ਇੰਡੀਆ ਰੇਡੀਓ ਦੇ ਐਫ.ਐਮ. ਬੈਂਡ 100.8 ਐਮ.ਐਚ.ਜੈਡ 'ਤੇ ਪੰਜਾਬੀ ਅਤੇ ਹਿੰਦੀ ਵਿੱਚ ਪ੍ਰੋਗਰਾਮਾਂ ਦਾ ਸਰੋਤੇ ਆਨੰਦ ਮਾਣ ਸਕਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸਵੇਰੇ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਇਸ ਸਰਹੱਦੀ ਖੇਤਰ ਦੇ ਸਰੋਤੇ ਪੰਜਾਬੀ, ਹਿੰਦੀ ਤੇ ਅੰਗੇ੍ਰਜ਼ੀ ਵਿੱਚ ਖਬਰਾਂ ਵੀ ਸੁਣ ਸਕਣਗੇ।
Total Responses : 928