ਸਤਰੰਗੀ ਪੀਂਘ 3 ਜਿੰਦੜੀਏ ਦਾ ਪੋਸਟਰ ਰਿਲੀਜ਼ ਕਰਨ ਮੌਕੇ ਹਰਭਜਨ ਮਾਨ ਅਤੇ ਬਾਬੂ ਸਿੰਘ ਮਾਨ।
ਮੋਹਾਲੀ, 16 ਸਤੰਬਰ, 2017 : ਮੈਨੂੰ ਹਮੇਸ਼ਾਂ ਨਵੇਂ ਰਾਹ ਤਲਾਸ਼ਣ ਦੀ ਤਾਂਘ ਰਹੀ ਹੈ, ਜਿਸ ਵਿੱਚੋਂ ਕਦੀ ਪੰਜਾਬੀ ਫਿਲਮ ‘ਜੀ ਆਇਆਂ ਨੂੰ’ ਨਿਕਲੀ ਸੀ ਅਤੇ ਹੁਣ ਜਦੋਂ ਪੰਜਾਬੀ ਸੰਗੀਤ ਜਗਤ ਵਿੱਚੋਂ ਪੂਰੀ ਐਲਬਮ ਦਾ ਰੁਝਾਣ ਤਕਰੀਬਨ ਖਤਮ ਹੋ ਚੁੱਕਾ ਹੈ, ਇਸ ਦਰਮਿਆਨ ਐੱਚ.ਐੱਮ. ਰਿਕਾਰਡਜ਼ ’ਤੇ 8 ਗੀਤਾਂ ਨਾਲ ਪੂਰੀ ਐਲਬਮ ‘ਸਤਰੰਗੀ ਪੀਂਘ 3 ਜਿੰਦੜੀਏ’ 27 ਸਤੰਬਰ ਨੂੰ ਸੀ.ਡੀ. ਦੀ ਸ਼ਕਲ ਵਿੱਚ ਰਿਲੀਜ਼ ਕਰਨ ਜਾ ਰਹੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਪ੍ਰਸਿੱਧ ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੇ ਆਪਣੀ ਨਵੀਂ ਆ ਰਹੀ ਐਲਬਮ ਸਤਰੰਗੀ ਪੀਂਘ 3 ਦਾ ਪੋਸਟਰ ਜਾਰੀ ਕਰਨ ਮੌਕੇ ਕੀਤਾ।
ਇਸ ਮੌਕੇ ਹਰਭਜਨ ਮਾਨ ਨੇ ਪੰਜਾਬੀ ਸੰਗੀਤ ਨਾਲ ਜੁੜੇ ਆਪਣੇ ਤਕਰੀਬਨ ਤਿੰਨ ਦਹਾਕਿਆਂ ਦੇ ਸਫ਼ਰ ਦੇ ਅਨੁਭਵ ਨੂੰ ਸਾਂਝਾ ਕਰਦਿਆਂ ਕਿਹਾ ਕਿ ਜਦੋਂ ਸੰਗੀਤ ਤਵਿਆਂ, ਕੈਸੇਟਾਂ ਅਤੇ ਸੀ.ਡੀ. ਦੀ ਸ਼ਕਲ ਵਿੱਚ ਆਉਂਦਾ ਸੀ ਤਾਂ ਉਸ ਨਾਲ ਸਰੋਤਿਆਂ ਦੀ ਇੱਕ ਜਜ਼ਬਾਤੀ ਸਾਂਝ ਸੀ ਜਿਹੜੀ ਕਿ ਹੁਣ ਇਨ੍ਹਾਂ ਦੇ ਰੁਝਾਣ ਬੰਦ ਹੋਣ ਨਾਲ ਮਨਫੀ ਹੁੰਦੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਤਰੰਗੀ ਪੀਂਘ 3 ਜਿੱਥੇ ਸਰੋਤੇ ਅਤੇ ਗਾਇਕ ਵਿਚਲੀ ਜਜ਼ਬਾਤੀ ਸਾਂਝ ਨੂੰ ਮੁੜ ਜੋੜੇਗੀ, ਉੱਥੇ ਪੰਜਾਬੀ ਲੋਕ ਸੰਗੀਤ ਦੇ ਵੱਖ ਵੱਖ ਲੋਕ-ਰੰਗਾਂ ਤੋਂ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂੰ ਕਰਵਾਏਗੀ। ਉਨ੍ਹਾਂ ਕਿਹਾ ਕਿ ਇਸ ਐਲਬਮ ਨੂੰ ਪੇਸ਼ ਕਰ ਰਹੀ ਐੱਚ.ਐਮ ਰਿਕਾਰਡਜ਼ ਇੱਕ ਮਿਸ਼ਨ ਵਜੋਂ ਸ਼ੁਰੂ ਹੋਇਆ ਹੈ ਜਿਸਦਾ ਮੰਤਵ ਸਾਫ਼ ਸੁਥਰੇ ਅਤੇ ਉਸ ਵਿਸ਼ਾ-ਵਸਤੂ ਨੂੰ ਸਾਹਮਣੇ ਲਿਆਉਣਾ ਹੈ ਜਿਸ ਵਿੱਚ ਮਨੁੱਖਤਾ ਦੇ ਸੱਚੇ ਸੁੱਚੇ ਜਜ਼ਬਾਤ ਸ਼ਾਮਿਲ ਹੋਣ।ਉਨ੍ਹਾਂ ਦੱਸਿਆ ਕਿ ਇਸ ਐਲਬਮ ਵਿੱਚ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਅਤੇ ਬਾਬੂ ਸਿੰਘ ਮਾਨ ਹੁਰਾਂ ਦੇ ਲਿਖੇ ਗੀਤਾਂ ਨੂੰ ਗੁਰਮੀਤ ਸਿੰਘ ਅਤੇ ਟਾਈਗਰ ਸਟਾਈਲ ਨੇ ਸੰਗੀਤਬੱਧ ਕੀਤਾ ਹੈ।
ਇਸ ਮੌਕੇ ਪੰਜਾਬੀ ਦੇ ਸਿਰਮੌਰ ਗੀਤਕਾਰ ਬਾਬੂ ਸਿੰਘ ਮਾਨ ਨੇ ਕਿਹਾ ਕਿ ਇਸ ਪੋਸਟਰ ਦੇ ਰਿਲੀਜ਼ ਮੌਕੇ ਉਨ੍ਹਾਂ ਨੂੰ ਇੱਕ ਦਿਲੀਂ ਸਕੂਨ ਮਹਿਸੂਸ ਹੋ ਰਿਹਾ ਹੈ ਕਿ ਅੱਜ ਗਾਇਕੀ ਦੇ ਅਜੋਕੇ ਸਿੰਗਲ ਟਰੈਕ ਦੇ ਜ਼ਮਾਨੇ ਵਿੱਚ ਇੱਕ ਪੂਰੀ ਐਲਬਮ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਸੰਗੀਤ ਰੂਹਾਂ ਤੋਂ ਸੱਖਣਾ ਹੋ ਕੇ ਅਤੇ ਵਿਰਸੇ ਨੂੰ ਵਿੱਸਰ ਕੇ ਬੇਰੰਗ ਹੁੰਦਾ ਜਾ ਰਿਹਾ ਸੀ ਉਸ ਵਿੱਚ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਦੀ ਸਤਰੰਗੀ ਪੀਂਘ ਦੇ ਰੰਗ ਮੁੜ ਤੋਂ ਰੰਗ ਭਰਣਗੇ ਅਤੇ ਸੰਗੀਤ ਜਗਤ ਨੂੰ ਇੱਕ ਨਵਾਂ ਮੋੜ ਦੇਣਗੇ।