ਵਿਜੇਪਾਲ ਬਰਾੜ
ਚੰਡੀਗੜ੍ਹ, 7 ਸਤੰਬਰ, 2017 : ਪੰਜਾਬ ਦੇ ਵੈਟਰਨਰੀ ਡਾਕਟਰਾਂ ਦੀ ਨਰਾਜ਼ਗੀ ਤੋਂ ਬਾਅਦ ਪੰਜਾਬੀ ਫ਼ਿਲਮ 'ਡੰਗਰ ਡਾਕਟਰ' ਦਾ ਨਾਂ ਬਦਲ ਕੇ 'ਡੰਗਰ ਡਾਕਟਰ ਜੈਲੀ' ਰੱਖ ਦਿੱਤਾ ਗਿਆ ਹੈ। ਇਹ ਫ਼ਿਲਮ ਦੀਵਾਲੀ 'ਤੇ 20 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਕਾਬਲੇਗੌਰ ਹੈ ਕਿ ਫ਼ਿਲਮ ਦੇ ਨਾਂ 'ਤੇ ਪੰਜਾਬ ਦੇ ਵੈਟਰਨਰੀ ਡਾਕਟਰਾਂ ਨੇ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਸੀ ਕਿ ਫਿਲਮ ਦਾ ਇਹ ਨਾਮ ਉਹਨਾਂ ਦੇ ਪ੍ਰੋਫੈਸ਼ਨ ਦਾ ਮਜ਼ਾਕ ਉਡਾਉਂਦਾ ਹੈ। ਫ਼ਿਲਮ ਦੀ ਟੀਮ ਅਤੇ ਪੰਜਾਬ ਵੈਟਰਨਰੀ ਔਫੀਸਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਅੱਜ ਇਥੇ ਚੰਡੀਗੜ੍ਹ ਪ੍ਰੈਸ ਕਲੱਬ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ।
ਇਸ ਮੌਕੇ ਫ਼ਿਲਮ ਦੇ ਨਿਰਦੇਸ਼ਕ ਅਥਰਵ ਬਲੂਜਾ ਅਤੇ ਅਦਾਕਾਰ ਰਵਿੰਦਰ ਗਰੇਵਾਲ ਨੇ ਦੱਸਿਆ ਕਿ ਉਹਨਾਂ ਦੀ ਇਹ ਫ਼ਿਲਮ ਨਿਰੋਲ ਰੂਪ 'ਚ ਕਾਮੇਡੀ ਅਤੇ ਪਰਿਵਾਰਕ ਫ਼ਿਲਮ ਹੈ। ਫ਼ਿਲਮ ਦਾ ਹੀਰੋ ਜੈਲੀ ਇਕ ਆਮ ਪਿੰਡ ਦਾ ਸਧਾਰਨ ਜਿਹਾ ਨੌਜਵਾਨ ਹੈ, ਜਿਸ ਨੂੰ ਜਾਨਵਰਾਂ ਨਾਲ ਬੇਹੱਦ ਪਿਆਰ ਹੈ, ਉਹ ਜਾਨਵਰ ਦੀ ਹਰ ਰਮਜ ਜਾਣਦਾ ਤੇ ਉਹਨਾਂ ਦੀ ਹਰ ਬੀਮਾਰੀ ਦਾ ਇਲਾਜ ਵੀ। ਇਸੇ ਲਈ ਉਹ ਡੰਗਰ ਡਾਕਟਰ ਅਖਵਾਉਂਦਾ ਹੈ। ਉਹਨਾਂ ਕਿਹਾ ਕਿ ਇਹ ਫ਼ਿਲਮ ਕਿਸੇ ਦੀਆਂ ਵੀ ਭਾਵਨਾਵਾਂ ਦੇ ਉਲਟ ਨਹੀਂ ਹੈ। ਉਹ ਅਤੇ ਉਹਨਾਂ ਦੀ ਸਮੁੱਚੀ ਟੀਮ ਵੈਟਨਿਰੀ ਡਾਕਟਰਾਂ ਦਾ ਸਤਿਕਾਰ ਕਰਦੀ ਹੈ।
ਇਸ ਮੌਕੇ ਹਾਜ਼ਰ ਵੈਟਰਨਰੀ ਡਾਕਟਰਾਂ ਨੇ ਫ਼ਿਲਮ ਦੀ ਟੀਮ ਵੱਲੋਂ ਦਿੱਤੀ ਗਈ ਤਸੱਲੀ ਤੇ ਭਰੋਸੇ 'ਤੇ ਸਹਿਮਤੀ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਵੈਟਨਿਰੀ ਡਾਕਟਰਾਂ ਦਾ ਪੇਸ਼ਾ ਵੀ ਸਤਿਕਾਰਤ ਹੈ। ਇਸ ਲਈ ਉਸ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ। ਇਨਸਾਨ ਆਪਣੀ ਸਮੱਸਿਆ ਬੋਲ ਕੇ ਦੱਸ ਸਕਦਾ ਹੈ, ਪਰ ਜਾਨਵਰਾਂ ਦੀ ਤਕਲੀਫ਼ ਡਾਕਟਰ ਨੂੰ ਖੁਦ ਲੱਭਣੀ ਤੇ ਸਮਝਣੀ ਪੈਂਦੀ ਹੈ। ਇਸ ਲਈ ਉਹਨਾਂ ਦਾ ਕਿੱਤਾ ਆਮ ਡਾਕਟਰਾਂ ਨਾਲੋਂ ਵੀ ਜ਼ਿਆਦਾ ਗੰਭੀਰ ਹੈ। ਇਸ ਲਈ ਉਹ ਕਦੇ ਇਸ ਦਾ ਮਜ਼ਾਕ ਬਰਦਾਸ਼ਤ ਨਹੀਂ ਕਰਦੇ। ਫ਼ਿਲਮ ਦੀ ਟੀਮ ਵੱਲੋਂ ਫ਼ਿਲਮ ਸਬੰਧੀ ਜੋ ਜਾਣਕਾਰੀ ਦਿੱਤੀ ਗਈ ਅਤੇ ਫ਼ਿਲਮ ਦੇ ਨਾਂ 'ਚ ਜੋ ਤਬਦੀਲੀ ਕੀਤੀ ਗਈ ਹੈ। ਉਸ ਤੋਂ ਬਾਅਦ ਹੁਣ ਉਹਨਾਂ ਨੂੰ ਇਸ ਫ਼ਿਲਮ ਤੋਂ ਕੋਈ ਇਤਰਾਜ਼ ਨਹੀਂ ਹੈ।
ਇਸ ਮੌਕੇ ਫ਼ਿਲਮ ਦੇ ਨਿਰਮਾਤਾ ਵਿਵੇਕ ਓਹਰੀ, ਨਿਰਦੇਸ਼ਕ ਅਥਰਵ ਬਲੂਜਾ, ਹੀਰੋ ਰਵਿੰਦਰ ਗਰੇਵਾਲ, ਹੀਰੋਇਨ ਸਾਰਾ ਗੁਰਪਾਲ, ਗੀਤ ਗੰਭੀਰ ਅਤੇ ਵੈਟਨਿਰੀ ਡਾਕਟਰਾਂ ਦੀ ਐਸੋਸੀਏਸ਼ਨ ਵੱਲੋਂ ਡਾਕਟਰ ਅਸ਼ੋਕ ਕੁਮਾਰ, ਡਾਕਟਰ ਪਲਟਾ, ਡਾਕਟਰ ਗੁਰਿੰਦਰ ਸਿੰਘ ਵਾਲੀਆ ਤੇ ਡਾਕਟਰ ਕਲੇਰ ਹਾਜ਼ਰ ਸਨ।