ਚੰਡੀਗੜ੍ਹ : ਇਸ ਸ਼ੁੱਕਰਵਾਰ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਠੱਗ ਲਾਈਫ਼' ਨੇ ਕਈ ਪੰਜਾਬੀ ਫ਼ਿਲਮਾਂ ਦੇ ਰਿਕਾਰਡ ਤੋੜਦਿਆਂ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ। ਫ਼ਿਲਮ ਨੂੰ ਪੰਜਾਬ ਅਤੇ ਚੰਡੀਗੜ੍ਹ 'ਚ ਸ਼ਨਿੱਚਰਵਾਰ ਨੂੰ ਵੀ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਕੈਬੇਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਸ਼ੁੱਕਰਵਾਰ ਨੂੰ ਫ਼ਿਲਮ ਦੇਖਣ ਤੋਂ ਬਾਅਦ ਮੀਡੀਆ ਸਾਹਮਣੇ ਫ਼ਿਲਮ ਦੀ ਰੱਜ ਕੇ ਤਾਰੀਫ਼ ਕੀਤੀ ਸੀ। ਉਹਨਾਂ ਕਿਹਾ ਸੀ ਕਿ ਅਜਿਹੀਆਂ ਫ਼ਿਲਮਾਂ ਵੱਡੇ ਪੱਧਰ 'ਤੇ ਬਣਨੀਆਂ ਚਾਹੀਦੀਆਂ ਹਨ, ਜੋ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ ਉਹਨਾਂ ਨੂੰ ਗਲਤ ਰਾਹ 'ਤੇ ਚੱਲਣ ਤੋਂ ਵੀ ਰੋਕਦੇ ਹੋਏ ਸਾਰਥਕ ਸੁਨੇਹਾ ਵੀ ਦਿੰਦੀਆਂ ਹਨ। ਕੈਬਨਿਟ ਮੰਤਰੀ ਨੇ ਫਿਲਮ ਦੀ ਕਹਾਣੀ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕਰਦਿਆਂ ਚਰਨਜੀਤ ਸਿੰਘ ਵਾਲੀਆ ਨੂੰ ਖਾਸ ਤੌਰ ਤੇ ਇਸ ਤਰ੍ਹਾਂ ਦੀ ਫਿਲਮ ਬਣਾਉਣ ਦੀ ਵਧਾਈ ਵੀ ਦਿੱਤੀ ਅਤੇ ਆਪਣੇ ਅੰਦਾਜ਼ ਵਿਚ ਮੀਡੀਆ ਨਾਲ ਸ਼ੇਅਰੋ ਸ਼ਾਇਰੀ ਵੀ ਕੀਤੀ। ਉਨ੍ਹਾਂ ਦੇ ਨਾਲ ਅੱਧਾ ਦਰਜਨ ਵਿਧਾਇਕਾਂ ਨੇ ਵੀ ਫਿਲਮ ਦੀ ਬੇਹੱਦ ਤਾਰੀਫ ਕਰਦਿਆਂ ਫਿਲਮ ਦੇ ਨਿਰਮਾਤਾਵਾਂ ਦੀ ਸ਼ਲਾਘਾ ਕੀਤੀ।
'ਤੇਗ ਪ੍ਰੋਡਕਸ਼ਨ' ਦੇ ਬੈਨਰ ਹੇਠ ਬਣੀ ਨਿਰਮਾਤਾ ਚਰਨਜੀਤ ਸਿੰਘ ਵਾਲੀਆ, ਚੇਅਰਮੈਨ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਅਤੇ ਤੇਗਬੀਰ ਸਿੰਘ ਵਾਲੀਆ ਦੀ ਇਹ ਪਲੇਠੀ ਪੰਜਾਬੀ ਹੈ। ਨਿਰਦੇਸ਼ਕ ਮੁਕੇਸ਼ ਵੋਹਰਾ ਵਲੋਂ ਲਿਖੀ ਅਤੇ ਨਿਰਦੇਸ਼ਤ ਕੀਤੀ ਫ਼ਿਲਮ 'ਚ ਹਰੀਸ਼ ਵਰਮਾ, ਜੱਸ ਬਾਜਵਾ, ਰਾਜੀਵ ਠਾਕੁਰ ਤੇ ਇਹਾਨਾ ਢਿੱਲੋਂ ਨੇ ਮੁੱਖ ਭੂਮਿਕਾ ਨਿਭਾਈ ਹੈ। ਇਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮੇ ਦੇ ਦਿੱਗਜ ਅਦਾਕਾਰ ਯੋਗਰਾਜ ਸਿੰਘ, ਕਰਮਜੀਤ ਅਨਮੋਲ, ਹਰਦੀਪ ਗਿੱਲ, ਅਨੀਤਾ ਦੇਣਗਨ, ਵਿਰਜੇਸ਼ ਹੀਰਜੀ ਸਮੇਤ ਕਈ ਨਾਮੀਂ ਕਲਾਕਾਰਾਂ ਨੇ ਫ਼ਿਲਮ 'ਚ ਕੰਮ ਕੀਤਾ ਹੈ। ਪੰਜਾਬ 'ਚ ਇਸ ਫ਼ਿਲਮ ਦੇ ਕਰੀਬ 350 ਸ਼ੋਅਜ਼ ਲੱਗੇ ਹਨ, ਜੋ ਸਾਰੇ ਦੇ ਸਾਰੇ ਫੁੱਲ ਜਾ ਰਹੇ ਹਨ।
ਇਹ ਫ਼ਿਲਮ ਤਿੰਨ ਨੌਜਵਾਨ ਲੜਕਿਆਂ ਅਤੇ ਇਕ ਕੁੜੀ ਦੀ ਅਜਿਹੀ ਕਹਾਣੀ ਹੈ, ਜੋ ਆਪਣੇ ਸੁਪਨੇ ਸਾਕਾਰ ਕਰਨ ਲਈ ਇਕ ਗਲਤ ਰਾਹ ਫੜ੍ਹ ਲੈਂਦੇ ਹਨ, ਜੋ ਉਹਨਾਂ ਨੂੰ ਬਰਬਾਦੀ ਵੱਲ ਲੈ ਤੁਰਦਾ ਹੈ। ਇਹ ਫ਼ਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੀ ਹੈ। ਫ਼ਿਲਮ ਦੇਖਣ ਤੋਂ ਬਾਅਦ ਦਰਸ਼ਕ ਫ਼ਿਲਮ ਦੀ ਫ਼ੇਸਬੁੱਕ 'ਤੇ ਭਰਪੂਰ ਸ਼ਲਾਘਾ ਕਰ ਰਹੇ ਹਨ। ਦੱਸ ਦਈਏ ਕਿ ਇਸ ਫ਼ਿਲਮ ਜ਼ਰੀਏ ਪੰਜਾਬੀ ਗਾਇਕ ਜੱਸ ਬਾਜਵਾ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਹੈ। ਦਰਸ਼ਕਾਂ ਨੇ ਜੱਸ ਬਾਜਵਾ ਦੀ ਗਾਇਕੀ ਦੀ ਤਰ੍ਹਾਂ ਉਸ ਦੀ ਅਦਾਕਾਰੀ ਨੂੰ ਵੀ ਪਸੰਦ ਕੀਤਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਫਿਲਮ ਪੂਰੇ ਪਰਿਵਾਰ ਨਾਲ ਬੈਠ ਕੇ ਵੇਖਣਯੋਗ ਸਾਫ ਸੁਥਰੀ ਫਿਲਮ ਹੈ ਜਿਸ ਵਿਚ ਕਾਮੇਡੀ ਦਾ ਵਧੀਆ ਤੜਕਾ ਹੈ।
ਫ਼ਿਲਮ ਦੇ ਨਿਰਮਾਤਾ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ ਨੇ ਕਿਹਾ ਕਿ ਦਰਸ਼ਕਾਂ ਨੇ ਫ਼ਿਲਮ ਨੂੰ ਉਹਨਾਂ ਦੀ ਉਮੀਦ ਤੋਂ ਵੱਧ ਹੁੰਗਾਰਾ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਫ਼ਿਲਮ ਦੀ ਸਫ਼ਲਤਾ ਨੇ ਉਹਨਾਂ ਦੀ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ। ਇਸ ਫ਼ਿਲਮ ਤੋਂ ਬਾਅਦ ਹੁਣ ਉਹ ਛੇਤੀ ਹੀ ਦੋ ਹੋਰ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਕਰਨਗੇ, ਜੋ ਠੱਗ ਲਾਈਫ਼ ਵਾਂਗ ਹੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੀਆਂ।
ਫੋਟੋ : ਫਿਲਮ ਦੇ ਪ੍ਰੀਮੀਅਰ ਮੌਕੇ ਪੁੱਜੇ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ, ਕੁਲਜੀਤ ਸਿੰਘ ਨਾਗਰਾ ਵਿਧਾਇਕ, ਇੰਦਰਜੀਤ ਸਿੰਘ ਜੀਰਾ ਸਾਬਕਾ ਮੰਤਰੀ, ਫਿਲਮ ਦੇ ਨਿਰਮਾਤਾ ਚਰਨਜੀਤ ਸਿੰਘ ਵਾਲੀਆ ਅਤੇ ਹੋਰ।