ਬਹੁਤ ਖ਼ੂਬ ਹੈ ਫ਼ਿਲਮ ਬਲੈਕ ਪ੍ਰਿੰਸ -ਜ਼ਰੂਰ ਦੇਖੋ
ਪੰਜਾਬੀਆਂ ਦੀ ਭਾਵੁਕ ਪ੍ਰਸ਼ੰਸਾ ਸੁਣ ਕੇ ਖੁਦ ਭਾਵੁਕ ਹੋ ਗਈ ਸ਼ਬਾਨਾ ਆਜ਼ਮੀ
ਚੰਡੀਗੜ੍ਹ , 21 ਜੁਲਾਈ ,2017 :
ਹੁਣੇ ਹੀ ਸਿੱਖ ਰਾਜ ਬਾਰੇ ਤੇ ਪੰਜਾਬ ਅਤੇ ਮੁਲਕ ਦੇ ਇਤਿਹਾਸਕ ਵਿਰਸੇ ਬਾਰੇ ਬਣੀ ਹੌਲੀਵੁਡ ਫ਼ਿਲਮ ਦਾ ਪ੍ਰੀਮੀਅਰ ਦੇਖ ਕੇ ਆਏ ਹਾਂ . ਫਿਲਮ ਬਹੁਤ ਹੀ ਖੂਬ ਹੈ . ਕਵੀ ਰਾਜ ਨੇ ਇਤਿਹਾਸ ਦੇ ਪੰਨੇ ਕਮਲ ਨਾਲ ਮੁੜ ਸੁਰਜੀਤ ਕੀਤੇ ਨੇ .
ਸਾਡੇ ਅਜ਼ੀਜ਼ ਸਰਤਾਜ ਨੇ ਪਲੇਠੀ ਫ਼ਿਲਮੀ ਅਦਾਕਾਰੀ ਨਾਲ ਪੂਰਾ ਇਨਸਾਫ਼ ਕੀਤਾ ਹੈ . ਸ਼ਬਾਨਾ ਨੇ ਮਹਾਰਾਣੀ ਜਿੰਦਾਂ ਨੂੰ ਮੁੜ ਜ਼ਿੰਦਾ ਕਰ ਦਿੱਤੈ .ਐਕਟਿੰਗ ਦੇ ਮਾਮਲੇ ਵਿਚ ਤਾਂ ਸ਼ਬਾਨਾ ਦਾ ਕੋਈ ਮੁਕਾਬਲਾ ਹੀ ਨਹੀਂ ਪਰ ਜਿੰਨੀ ਖ਼ੂਬਸੂਰਤ ਪੰਜਾਬੀ ਉਸ ਨੇ ਇਸ ਫ਼ਿਲਮ ਵਿਚ ਬੋਲੀ ਹੈ , ਉਸ ਅੱਗੇ ਸਿਰ ਝੁਕਦਾ ਹੈ .ਤੇ ਦਿਲਚਸਪ ਗੱਲ ਇਹ ਵੀ ਹੈ ਪੰਜਾਬੀ ਬੋਲੀ ਵੀ ਮਲਵਈ ਲਹਿਜ਼ੇ ਵਿਚ ਹੈ .
ਸ਼ੁੱਕਰਵਾਰ ਸ਼ਾਮੀ ਜਦੋਂ ਚੰਡੀਗੜ੍ਹ ਵਿਚ ਫਿਲਮ ਦੇ ਪ੍ਰੀਮੀਅਰ ਤੋਂ ਬਾਅਦ ਉਥੇ ਹਾਜ਼ਰ ਪੰਜਾਬੀਆਂ ਨੇ , ਸ਼ਬਾਨਾ ਦੀ ਢੁੱਕਵੀਂ ਭੂਮਿਕਾ ਲਈ ਅਤੇ ਖਾਸ ਕਰਕੇ ਉਨ੍ਹਾਂ ਦੇ ਪੰਜਾਬੀ ਦੇ ਡਾਇਲੌਗ ਦੀ ਵਾਰ -ਵਾਰ ਸ਼ਾਲਘਾ ਹੋਈ ਤਾਂ ਸ਼ਬਾਨਾ ਆਜ਼ਮੀ ਭਾਵੁਕ ਹੋ ਗਈ ਅਤੇ ਉਸ ਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ .
ਘਾਟਾਂ -ਵਾਧੇ ਹਰ ਫ਼ਿਲਮ ਵਿਚ ਗਿਣੇ ਜਾ ਸਕਦੇ ਨੇ ਪਰ ਸਮੁੱਚੇ ਤੌਰ ਤੇ ਬਲਾਕ ਪ੍ਰਿੰਸ ਬਹੁਤ ਗੁੰਦਵੀਂ ਅਤੇ ਸੁਚੱਜੀ ਫ਼ਿਲਮ ਹੈ . ਵੈਸੇ ਤਾਂ ਹਰ ਇਕ ਲਈ ਦੇਖਣ ਯੋਗ ਹੈ ਪਰ ਨਵੀਂ ਪੀੜ੍ਹੀ ਨੂੰ ਇਤਿਹਾਸ ਦੇ ਭੁੱਲੇ ਸਫ਼ਿਆਂ ਦੀ ਯਾਦ ਕਰਾਉਣ ਲਈ ਦਿਖਾਉਣੀ ਹੋਰ ਵੀ ਜ਼ਰੂਰੀ ਹੈ .