ਰਿਪੋਰਟ ਰਿਆਜ਼
ਸਥਾਨ ਹੈ ਅਮਰੀਕਾ ਦਾ ਸਨਲਾਈਟ ਰੈਸਟੋਰੈਂਟ, ਮੈਡੇਸਟੋ, ਕੈਲੀਫੋਰਨੀਆ। ਇੱਕ ਆਵਾਜ਼ ਗੂੰਜਦੀ ਹੈ, ਲੋਕਾਂ ਦੇ ਦਿਲਾਂ ਵਿੱਚ ਘਰ ਕਰੀ ਜਾਂਦੀ ਹੈ। ਸਰੋਤੇ ਸ਼ਾਂਤ ਹਨ। ਸੁਰੀਲੇ ਬੋਲ ਪੰਜਾਬ ਦੀ ਗੱਲ ਕਰਦੇ ਹਨ। ਸੂਫੀ ਗਾਇਕੀ ਦਾ ਪਾਠ ਸਰੋਤਿਆਂ ਨੂੰ ਪੜ੍ਹਾ ਰਹੇ ਹਨ। ਇਸ ਮਿੱਠੀ, ਸੁਰੀਲੀ, ਟੁਣਕਵੀ ਆਸ਼ਾ ਸ਼ਰਮਾ ਦੀ ਆਵਾਜ਼ ਦੇ ਵਿਚੋਂ ਹੀ ਗਾਇਕ ਸੁਖਦੇਵ ਸਾਹਿਲ ਦੇ ਸੁਰ ਗੂੰਜਣ ਲਗਦੇ ਹਨ। ਗੀਤ ਸੰਗੀਤ ਐਂਟਰਟੈਨਮੈਂਟ ਦਾ "ਸ਼ਾਮ ਸੁਰੀਲੀ" ਪ੍ਰੋਗਰਾਮ ਸਿਆਣੇ, ਸੂਝਵਾਨ ਸਰੋਤਿਆਂ ਦੀ ਹਾਜ਼ਰੀ ਵਿੱਚ ਆਪਣੀਆਂ ਝਲਕਾਂ ਦਿਖਾਉਣ ਲੱਗ ਪਿਆ ਹੈ।
ਸੂਫੀ ਗਾਇਕੀ ਗਾਉਣ 'ਚ ਮੁਹਾਰਤ ਰੱਖਣ ਵਾਲੇ ਸੁਖਦੇਵ ਸਾਹਿਲ ਨੇ ਇੱਕ ਤੋਂ ਬਾਅਦ ਇੱਕ ਕਲਾਮ ਪੇਸ਼ ਕੀਤਾ। ਜਿਥੇ ਉਸਨੇ ਸੁਨਣ ਵਾਲਿਆਂ ਸਾਹਮਣੇ ਹੀਰ ਵਾਰਿਸ ਸ਼ਾਹ ਪੇਸ਼ ਕੀਤੀ, ਉਥੇ ਉਸਤਾਦ ਹਰਜਿੰਦਰ ਕੰਗ, ਅਮਰਦੀਪ ਗਿੱਲ, ਵਿੱਕੀ ਟਰੇਸੀ,ਸੋਖੀ ਸੁੰਨੜਾ ਵਾਲਾ ਦੇ ਗੀਤਾਂ ਦੇ ਨਾਲ ਨਾਲ ਪੰਜਾਬ ਦਾ ਲੋਕ ਰੰਗ ਜੱਗਾ ਵੀ ਪੇਸ਼ ਕੀਤਾ। ਉਸਤਾਦ ਗਾਇਕ ਸਾਹਿਲ ਨੇ ਸਮਾਂ ਕੁਝ ਇਸ ਤਰ੍ਹਾਂ ਬੰਨ੍ਹਿਆਂ ਕਿ ਮਜ਼ਾਲ ਆ ਕਿ ਸੁਨਣ ਵਾਲੇ ਨੇ ਅੱਖ ਵੀ ਝੱਪਕੀ ਹੋਵੇ, ਉੱਬ ਕੇ ਉਬਾਸੀ ਵੀ ਲਈ ਹੋਵੇ ਜਾਂ ਆਪਣੇ ਨੀਅਤ ਥਾਂ ਤੋਂ ਉਠਕੇ ਕਿਧਰੇ ਹੋਰ ਥਾਂ ਜਾ ਬੈਠਾ ਹੋਵੇ। ਇਹਨਾ ਗੀਤਕਾਰਾਂ, ਕਵੀਆਂ, ਦੇ ਬੋਲਾਂ ਨੂੰ ਸਾਹਿਲ ਰਾਹੀਂ ਪੇਸ਼ ਕਰਵਾਉਂਦਿਆਂ "ਬੋਲਾਂ ਦੀ ਮਲਿਕਾ" ਆਸ਼ਾ ਸ਼ਰਮਾ ਨੇ ਪੰਜਾਬ ਦੇ ਇਹਨਾ ਹੀਰਿਆਂ ਦੀਆਂ ਰਚਨਾਵਾਂ ਬਾਰੇ ਨਿਵੇਕਲੇ ਢੰਗ ਨਾਲ ਤਵਸਰਾ ਨਾਲੋ-ਨਾਲ ਕੀਤਾ। ਉਪਰੰਤ ਪੰਜਾਬ ਦੇ ਵਧੀਆ ਸਮਰੱਥ ਗੀਤਕਾਰ ਅਤੇ ਕਲਾਕਾਰ ਜੱਸ ਔਲਖ ਨੇ "ਸ਼ਾਮ ਸੁਰੀਲੀ"'ਚ ਆਪਣੇ ਲਿਖੇ ਗੀਤ ਗਾਕੇ ਅਜਿਹਾ ਰੰਗ ਬੰਨਿਆ ਕਿ ਸਰੋਤੇ ਅਸ਼ ਅਸ਼ ਕਰ ਉੱਠੇ। ਇੱਕ ਤੋਂ ਬਾਅਦ ਇੱਕ ਪੰਜਾਬੀਆਂ ਦੀ ਪੱਗ ਵਰਗੇ ਗੀਤਾਂ ਅਤੇ ਸ਼ਿਅਰੋ-ਸ਼ਾਇਰੀ ਨਾਲ 'ਜੱਸ' ਨੇ ਮਹਿਫਲ ਨੂੰ ਅਜਿਹਾ ਸ਼ਿੰਗਾਰਿਆ ਕਿ ਜੱਸ ਅੱਜ ਦੀ ਮਹਿਫਲ ਦਾ ਹਾਸਲ ਹੋ ਨਿਬੜਿਆ। "ਸ਼ਾਮ ਸੁਰੀਲੀ"ਚ'ਗੂੰਜਵੇਂ ਬੋਲ ਕੁਝ ਇਵੇਂ ਉਠੇ ਕਿ ਮਹਿਫ਼ਲ ਵਿੱਚ ਜਾਪਿਆ ਕਿ ਰੰਗਲਾ ਪੰਜਾਬ ਜਿਵੇ ਕੈਲੇਫੋਰਨੀਆ ਦੇ ਮੈਡਸਟੋ ਸ਼ਹਿਰ ਵਿੱਚ ਵੱਸ ਗਿਆ ਹੋਵੇ ਤੇ ਪੰਜਾਬ ਦੀਆਂ ਸਵੇਰਾਂ, ਪੰਜਾਬ ਦੀਆਂ ਸ਼ਾਮਾਂ, ਪੰਜਾਬ ਦੀਆਂ ਹੀਰਾਂ, ਪੰਜਾਬ ਦੇ ਰਾਂਝੇ, ਪੰਜਾਬ ਦੇ ਖੂਹ, ਟਿੰਡਾਂ, ਹਲਟ,ਚਰਖੇ ਇਕੋ ਸਾਹੇ ਬੋਲਾਂ ਤੇ ਸੁਰਾਂ ਦੀ ਤੰਦ ਪਾਉਣ ਲੱਗ ਪਏ ਹੋਣ।
ਇਸੇ ਮਹਿਫ਼ਲ ਵਿਚ ਜਸਪਾਲ ਨਿੱਜਰ ਨੇ ਬੁਲੰਦ ਅਵਾਜ਼ ਵਿੱਚ ਗੀਤ ਗਾਏ। ਮਹਿਫ਼ਲ ਨੂੰ ਚਾਰ ਚੰਨ ਲਾਉਣ ਵਾਲਿਆਂ ਵਿੱਚ ਸੈਮ ਗਿੱਲ, ਅਮਨ ਤਮੰਨਾ, ਸੁਖੀ ਸੰਘੇੜਾ, ਭਾਈ ਅਮਰਜੀਤ ਸਿੰਘ, ਭਾਈ ਮਨਜੀਤ ਸਿੰਘ, ਅਸ਼ੋਕ ਵਰਮਾ, ਕਾਲਾ ਟਰੇਸੀ, ਜਗਰੂਪ ਸਿੱਧੂ, ਇੰਦਰਜੀਤ ਗੁਰਮ, ਜਗਤਾਰ ਸਿੱਧੂ, ਨਿਰੰਜਨ ਸਿੰਘ ਸ਼ਰਮਾ, ਸੁਖਮੰਦਰ, ਮਨਮੀਤ ਗਰੇਵਾਲ, ਜਸਪਾਲ ਨਿੱਜਰ, ਬਿੱਲਾ ਪੱਤੜ, ਸੰਧੂ ਪਰਿਵਾਰ, ਚਾਹਲ ਪਰਿਵਾਰ, ਮਹਿੰਦਰ ਕੰਡਾ, ਰੰਧਾਵਾ ਪਰਿਵਾਰ, ਖੱਖ ਪਰਿਵਾਰ ਅਤੇ ਘੋਲੀ ਗਰੇਵਾਲ ਸ਼ਾਮਲ ਸਨ। ਇਹ ਸਫਲ ਮਹਿਫ਼ਲ ਇਸ ਆਸ਼ਾ ਨਾਲ ਸੰਪਨ ਹੋਈ ਕਿ ਅੱਗੋਂ ਵੀ ਸੁਰਾਂ ਇੰਜ ਹੀ ਗੂੰਜਦੀਆਂ ਰਹਿਣਗੀਆਂ, ਆਸ਼ਾ ਸ਼ਰਮਾ ਦੇ ਬੋਲ ਲੋਕਾਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਵਿਰਸੇ ਨਾਲ ਜੋੜੀ ਰੱਖਣਗੇ।