ਕਲਾਕਾਰਾਂ ਨੰ ਸਨਮਾਨਤ ਕਰਦੇ ਹੋਏ ਮੁੱਖ ਮਹਿਮਾਨ ਚੀਫ ਕਮਿਸ਼ਨਰ ਆਫ ਇਨਕਮ ਟੈਕਸ ਐਸ.ਜੇ.ਸਿੰਘ, ਈਡੀਅਟ ਕਲੱਬ ਦੇ ਪ੍ਰਧਾਨ ਰਾਜਿੰਦਰ ਰਿਖੀ,ਸੀਨੀ.ਮੀਤ ਪ੍ਰਧਾਨ ਧਵਨੀ ਮਹਿਰਾ ਅਤੇ ਕੇ.ਐਸ.ਪਾਰਸ।
ਅੰਮ੍ਰਿਤਸਰ, 16 ਅਪ੍ਰੈਲ, 2017 : ਈਡੀਅਟ ਕਲੱਬ ਵੱਲੋਂ ਪਿਛਲੇ ਪੰਜ ਸਾਲ ਤੋਂ ਜਸਪਾਲ ਭੱਟੀ ਐਵਾਰਡ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੱਜ ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ 'ਈਡੀਅਟ' ਅਤੇ ਸੀ. ਮੀਤ ਪ੍ਰਧਾਨ ਧਵਨੀ ਮਹਿਰਾ ਦੀ ਯੋਗ ਅਗਵਾਈ ਹੇਠ ਪੰਜਵੇਂ ਜਸਪਾਲ ਭੱਟੀ ਐਵਾਰਡ ਸ਼ੋਅ ਦਾ ਆਯੋਜਨ ਮਾਲ ਆਫ ਅੰਮ੍ਰਿਤਸਰ ਦੇ ਅਹਿਮ ਸਹਿਯੋਗ ਦੇ ਨਾਲ ਮਾਲ ਦੇ ਸਰਫੇਸ ਗਾਰਡਨ ਵਿਚ ਕੀਤਾ ਗਿਆ।ਗਾਇਕ ਗਗਨਦੀਪ ਸ਼ਰਮਾ ਦੇ ਗੀਤ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।
ਇਸ ਸ਼ੋਅ ਵਿਚ ਵਿਸ਼ਵ ਪ੍ਰਸਿੱਧ ਹਾਸ ਕਲਾਕਾਰਾਂ, ਫਿਲਮੀ ਅਤੇ ਕਲਾ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੀਆਂ ਹਸਤੀਆਂ ਨੇ ਸ਼ਿਰਕਤ ਕੀਤੀ।ਜਸਪਾਲ ਭੱਟੀ ਐਵਾਰਡ ਸ਼ੋਅ ਦੇ ਮੁੱਖ ਮਹਿਮਾਨ ਚੀਫ ਕਮਿਸ਼ਨਰ ਆਫ ਇਨਕਮ ਟੈਕਸ ਐਸ.ਜੇ.ਸਿੰਘ ਸਨ। ਸ਼ਿਵ ਸੈਨਾ (ਬਾਲ ਠਾਕਰੇ) ਪੰਜਾਬ ਦੇ ਪ੍ਰਧਾਨ ਹਰਵਿੰਦਰ ਸੋਨੀ ਸਪੈਸ਼ਲ ਮਹਿਮਾਨ ਦੇ ਤੌਰ 'ਤੇ ਇਸ ਐਵਾਰਡ ਸ਼ੋਅ ਵਿਚ ਸ਼ਾਮਲ ਹੋਏ।ਪੰਜਾਬੀ ਗਾਇਕ ਸ਼ੀਰਾ ਜਸਵੀਰ ਨੂੰ (ਸੁਰਾਂ ਦਾ ਬਾਦਸ਼ਾਹ) ਐਵਾਰਡ, ਪ੍ਰਸਿਧ ਸੰਗੀਤਕਾਰ ਬੀਟ ਮਨਿਸਟਰ ਨੂੰ (ਸਰਵੋਤਮ ਸੰਗੀਤਕਾਰ),ਅਦਾਕਾਰਾ ਰੋਜ.ਜੇ.ਕੌਰ ਨੂੰ (ਗਰੇਸਫੁੱਲ ਐਕਟ੍ਰੈਸ), ਪੌਲੀਵੁਡ ਅਦਾਕਾਰ ਨੀਟੂ ਪੰਧੇਰ ਨੂੰ (ਸ਼ਰੀਫ ਬਦਮਾਸ਼), ਦੂਰਦਰਸ਼ਨ ਜਲੰਧਰ ਦੇ ਡਾਇਰੈਕਟਰ ਓਮ ਗੌਰੀ ਦੱਤ ਸ਼ਰਮਾ ਨੂੰ (ਬੈਸਟ ਆਰਟ ਪ੍ਰੋਮੋਟਰ) ਅਤੇ ਫਿਲਮ ਕਹਾਣੀਕਾਰ ਧੀਰਜ ਕੁਮਾਰ ਨੂੰ (ਕਲਮ ਦਾ ਧਨੀ) ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਡਲਹੌਜੀ ਹਿਲਟੌਪ ਸਕੂਲ ਡਲਹੌਜੀ ਨੂੰ (ਬੈਸਟ ਬੋਰਡਿੰਗ ਸਕੂਲ) ਅਤੇ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਮੰਗਲ ਸਿੰਘ ਨੂੰ (ਬੈਸਟ ਐਜੂਕੇਸ਼ਨਿਸਟ) ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਕਲਾਸੀਕਲ ਡਾਂਸ ਅਤੇ ਗਾਇਕੀ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੀ ਖਿਯਾਤੀ ਮਹਿਰਾ ਨੂੰ ਉਸਦੀ ਫਿਲਮ ਸਰਬਜੀਤ ਦੇ ਲਈ ਐਵਾਰਡ ਦੇ ਕੇ ਸਪੈਸ਼ਲ ਸਨਮਾਨ ਕੀਤਾ ਗਿਆ। ਪ੍ਰਸਿਧ ਹਸਤ ਰੇਖਾ ਮਾਹਿਰ ਕੇ.ਐਸ.ਪਾਰਸ ਨੂੰ (ਜੋਤਿਸ਼ ਕੁਲਗੁਰੂ), ਦੀਪਕ ਤਿੱਲੀ, ਦੀਪਕ ਬੱਧਨੀ, ਦੀਪਕ ਪਠਾਣੀਆਂ, ਕੁਲਵੀਰ ਸੋਨੀ ਅਤੇ ਗੁਰਜੀਤ ਦੌਲਾ ਨੂੰ (ਸਾਰਿਆਂ ਨੂੰ ਮਸਖਰੇ ਪੰਜਾਬ ਦੇ) ਐਵਾਰਡ ਦੇ ਨਾਲ ਸਨਮਾਨਤ ਕੀਤਾ ਗਿਆ।ਸੂਫੀ ਗਾਇਕ ਸੰਨੀ ਸਲੀਮ ਨੂੰ ਬੈਸਟ ਸੂਫੀ ਗਾਇਕ ਦਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਕਲੱਬ ਦੇ ਪ੍ਰਧਾਨ ਰਾਜਿੰਦਰ ਰਿਖੀ 'ਈਡੀਅਟ' ਨੇ ਕਿਹਾ ਕਿ ਉਹਨਾਂ ਵੱਲੋਂ ਪਿਛਲੇ ਪੰਜ ਸਾਲ ਤੋਂ ਇਹ ਐਵਾਰਡ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਅਤੇ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਜਸਪਾਲ ਭੱਟੀ ਦੇ ਅਸ਼ੀਰਵਾਦ ਨਾਲ ਹੀ ਅਸੀਂ 19 ਸਾਲ ਪਹਿਲਾਂ ਈਡੀਅਟ ਕਲੱਬ ਦੀ ਸਥਾਪਨਾ ਕੀਤੀ ਸੀ।ਅਸੀਂ ਹਮੇਸ਼ਾਂ ਉਹਨਾਂ ਦੇ ਪਾਏ ਪੂਰਨਿਆਂ ਤੇ ਚਲਦੇ ਹੋਏ ਸਮਾਜ ਦੀ ਸੇਵਾ ਕਰਦੇ ਰਹਾਂਗੇ।ਕਲੱਬ ਦੀ ਸੀ.ਮੀਤ ਪ੍ਰਧਾਨ ਧਵਨੀ ਮਹਿਰਾ ਨੇ ਆਏ ਹੋਏ ਸਾਰੇ ਹੀ ਕਲਾਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ ਮਕਸਦ ਰਹਿੰਦੀ ਦੁਨੀਆਂ ਤੱਕ ਜਸਪਾਲ ਭੱਟੀ ਦੇ ਨਾਮ ਨੂੰ ਲੋਕਾਂ ਦੇ ਦਿਲਾਂ ਅੰਦਰ ਜਿਊਂਦਾ ਰੱਖਣਾ ਹੈ।ਗਾਇਕ ਸ਼ੀਰਾ ਜਸਵੀਰ ਨੇ ਆਪਣੇ ਅੰਦਾਜ ਵਿਚ ਗੀਤ ਗਾ ਕੇ ਕਾਫੀ ਰੰਗ ਬੰਨਿਆ। ਵਾਇਸ ਆਫ ਪੰਜਾਬ ਛੋਟਾ ਚੈਂਪ 2 ਦੀ ਫਾਇਨਲਿਸਟ ਖਿਯਾਤੀ ਮਹਿਰਾ ਨੇ ਵੀ ਆਪਣੇ ਗੀਤਾਂ ਰਾਹੀਂ ਲੋਕਾਂ ਦੀ ਵਾਹ-ਵਾਹ ਖੱਟੀ।ਇਸ ਐਵਾਰਡ ਸ਼ੋਅ ਵਿਚ ਪ੍ਰਸਿੱਧ ਹਾਸਰਸ ਕਲਾਕਾਰ ਚਾਚਾ ਬਿਸ਼ਨਾ ਐਂਡ ਟੀਮ, ਸਾਹਿਬ ਸਿੰਘ ਆਦਿ ਨੇ ਵੀ ਹਸਾ-ਹਸਾ ਕੇ ਲੋਕਾਂ ਦੇ ਢਿੱਡੀਂ ਪੀੜਾਂ ਪਾਈਆਂ। ਮੰਚ ਸੰਚਾਲਨ ਪੀਟੀਸੀ ਲਾਫਟਰ ਦਾ ਮਾਸਟਰ ਦੇ ਕਵਲਜੀਤ ਸਿੰਘ ਅਤੇ ਸਲੋਨੀ ਸਰੀਨ ਨੇ ਬਾਖੂਬੀ ਕੀਤਾ। ਫਿਲਮੀ ਅਦਾਕਾਰ ਅਤੇ ਜਸਪਾਲ ਭੱਟੀ ਦੇ ਮਸੇਰੇ ਭਰਾ ਅਰਵਿੰਦਰ ਭੱਟੀ ਨੇ ਵੀ ਉਚੇਚੇ ਤੌਰ 'ਤੇ ਇਸ ਐਵਾਰਡ ਸ਼ੋਅ ਵਿਚ ਸ਼ਿਰਕਤ ਕੀਤੀ।ਇਸ ਮੌਕੇ ਕਲੱਬ ਦੇ ਪੈਟਰਨ ਸੰਜੀਵ ਭੰਡਾਰੀ, ਕਾਂਗਰਸੀ ਨੇਤਾ ਗੁਰਬਿੰਦਰ ਮਾਹਲ, ਅਵਨੀਸ਼ ਕੁਮਾਰ ਸਿੰਘ, ਕਰਨਲ ਮਨਦੀਪ ਸਿੰਘ, ਸੁਮੀਤ ਕਾਲੀਆ, ਜਗਤਾਰ ਸਿੰਘ ਬਿੱਲਾ, ਨਾਨਕ ਸਿੰਘ, ਸੁਨੀਲ ਕੁਮਾਰ, ਸੰਦੀਪ ਰਿਖੀ ਅਤੇ ਮਾਲ ਆਫ ਅੰਮ੍ਰਿਤਸਰ ਦੇ ਪ੍ਰਬੰਧਕੀ ਬੋਰਡ ਦੇ ਸਾਰੇ ਮੈਂਬਰ ਵੀ ਹਾਜਰ ਸਨ।