ਮੁੰਬਈ, 9 ਜਨਵਰੀ, 2017 : ਹਾਲ ਹੀ 'ਚ ਰਿਲੀਜ਼ ਹੋਈ ਫਿਲਮ ‘ਦੰਗਲ’ ਨੂੰ ਭਾਰਤੀ ਫਿਲਮ ਸਨਅਤ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਪਹਿਲਵਾਨ ਮਹਾਵੀਰ ਸਿੰਘ ਫੋਗਾਟ ਅਤੇ ਉਸ ਦੀਆਂ ਦੋ ਧੀਆਂ ਗੀਤਾ ਅਤੇ ਬਬੀਤਾ ਦੇ ਜੀਵਨ ’ਤੇ ਅਧਾਰਿਤ ਇਸ ਫਿਲਮ ਨੇ ਸਲਮਾਨ ਖਾਨ ਦੀਆਂ ਹੁਣ ਤੱਕ ਦੀਆਂ ਸੱਭ ਤੋਂ ਵੱਧ ਕਾਰੋਬਾਰ ਕਰਨ ਵਾਲੀਆਂ ਫਿਲਮਾਂ ‘ਬਜਰੰਗੀ ਭਾਈਜਾਨ’ ਅਤੇ ‘ਸੁਲਤਾਨ’ ਦੇ ਵੀ ਸਾਰੇ ਰਿਕਾਰਡ ਤੋੜ ਦਿੱਤੇ ਹਨ। ਆਪਣੀ ਫਿਲਮ ਨੂੰ ਮਿਲੀ ਇਸ ਕਾਮਯਾਬੀ ’ਤੇ ਅਦਾਕਾਰ ਆਮਿਰ ਖਾਨ ਨੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਦਰਸ਼ਕਾਂ ਵੱਲੋਂ ਮਿਲਣ ਵਾਲਾ ਇਹ ਪਿਆਰ ਹੀ ਕਲਾਕਾਰ ਦੀ ਅਸਲੀ ਕਾਮਯਾਬੀ ਹੁੰਦਾ ਹੈ। ਆਮਿਰ ਖਾਨ ਤੋਂ ਬਿਨਾ ਇਸ ਫਿਲਮ ਵਿਚ ਫਾਤਿਮਾ ਸਨਾ ਸ਼ੇਖ ਅਤੇ ਸਾਨਿਆ ਮਲਹੋਤਰਾ ਵੱਲੋਂ ਵੀ ਆਪਣੀ ਅਦਾਕਾਰੀ ਦੇ ਜਲਵੇ ਦਿਖਾਏ ਗਏ ਹਨ। ਨੈੱਟ ਇੰਡੀਆ ਬਾਕਸ ਆਫਿਸ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹੁਣ ਤੱਕ ਇਸ ਫਿਲਮ ਨੇ 345.3 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਯਾਦ ਰਹੇ ਕਿ ਅਦਾਕਾਰ ਆਮਿਰ ਖਾਨ ਨੇ ਖੁਦ ਵੀ ਇਸ ਫਿਲਮ ਉਤੇ ਵਾਹਵਾ ਮਿਹਨਤ ਕੀਤੀ ਅਤੇ ਫਿਲਮ ਦੇ ਹਰ ਪੱਖ ਵੱਲ ਉਚੇਚਾ ਧਿਆਨ ਦਿੱਤਾ। ਉਧਰ, ਨੋਟਬੰਦੀ ਕਾਰਨ ਜਦੋਂ ਫਿਲਮਾਂ ਲਈ ਦਰਸ਼ਨ ਜੁੜਨੇ ਮੁਸ਼ਕਿਲ ਹੋ ਗਏ ਸਨ ਤਾਂ ਆਮਿਰ ਖਾਨ ਫਿਲਮ ਦੀ ਸਫਲਤਾ ਬਾਰੇ ਥੋੜ੍ਹਾ ਫ਼ਿਕਰਮੰਦ ਵੀ ਹੋ ਗਿਆ ਸੀ। ਉਂਝ ਨੋਟਬੰਦੀ ਦਾ ਇਸ ਫਿਲਮ ਉਤੇ ਕੋਈ ਅਸਰ ਨਹੀਂ ਪਿਆ ਅਤੇ ਲੋਕ ਕਤਾਰਾਂ ਬੰਨ੍ਹ ਕੇ ਇਹ ਫਿਲਮ ਦੇਖ ਪੁੱਜੇ। ਜਿਹੜਾ ਵੀ ਇਹ ਫਿਲਮ ਦੇਖ ਕੇ ਆਉਂਦਾ, ਉਹ ਆਪਣੇ ਨਾਲ ਦੇ ਨੂੰ ਇਹ ਫਿਲਮ ਦੇਖਣ ਲਈ ਜ਼ਰੂਰ ਪ੍ਰੇਰਦਾ।