ਚੰਡੀਗੜ੍ਹ, 6 ਜਨਵਰੀ, 2017 : ਫਿਲਮ ਜਗਤ ਦਾ ਨਾਇਕ ਓਮ ਰਾਜੇਸ਼ ਪੁਰੀ ਦਾ ਪੂਰਾ ਜੀਵਨ ਸੰਘਰਸ਼ਮਈ ਰਿਹਾ। 18 ਅਕਤੂਬਰ, 1950 ਵਿਚ ਪਟਿਆਲਾ ਵਿੱਚ ਜਨਮੇ ਓਮ ਨੇ ਭਾਰਤੀ ਅਤੇ ਬ੍ਰਿਟਿਸ਼ ਫਿਲਮਾਂ, ਕਲਾ ਫਿਲਮਾਂ ਅਤੇ ਥੀਏਟਰ ਵਿਚ ਬਹੁਤ ਪ੍ਰਸਿੱਧੀ ਹਾਸਲ ਕੀਤੀ। ਫਿਲਮਾਂ ਵਿੱਚ ਪਾਏ ਗਏ ਯੋਗਦਾਨ ਕਾਰਨ ਓਮ ਪੁਰੀ ਨੂੰ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਓਮ ਦਾ ਜੀਵਨ ਬਹੁਤ ਹੀ ਸੰਘਰਸ਼ ਭਰਿਆ ਰਿਹਾ। ਘਰੇਲੂ ਮਜਬੂਰੀਆਂ ਦੇ ਕਾਰਨ ਉਸ ਨੇ 7 ਸਾਲ ਦੀ ਉਮਰ ਵਿਚ ਹੀ ਚਾਹ ਵੇਚਣੀ ਸ਼ੁਰੂ ਕਰ ਦਿੱਤੀ ਸੀ। ਚਾਹ ਵੇਚਣ ਵਾਲੇ ਲੜਕੇ ਦਾ ਫਿਲਮੀ ਦੁਨੀਆ ਵਿਚ ਛਾ ਜਾਣਾ ਹੀ ਓਮ ਦੀ ਸਖਸ਼ੀਅਤ ਦਾ ਹਿੱਸਾ ਸੀ।
ਓਮ ਪੁਰੀ ਦਾ ਸੁਭਾਅ ਗੁੱਸੇ ਵਾਲਾ ਸੀ। ਇਸ ਕਾਰਨ ਕਈ ਵਾਰ ਉਹ ਵਿਵਾਦਾਂ ਵਿੱਚ ਰਿਹਾ। ਓਮ ਪੁਰੀ ਦੀ ਪਤਨੀ ਨੇ ਉਸਦੇ ਜੀਵਨ ਬਾਰੇ ਲਿਖੀ ਕਿਤਾਬ ਵਿਚ ਦੱਸਿਆ ਹੈ,” ਓਮ ਦਾ ਪਿਤਾ ਵੀ ਬਹੁਤ ਗੁੱਸੇ ਵਾਲਾ ਸੀ ਇਸ ਕਾਰਨ ਹਰ 6 ਮਹੀਨੇ ਮਗਰੋਂ ਉਹ ਨੌਕਰੀ ਛੱਡ ਘਰ ਬੈਠ ਜਾਂਦਾ ਸੀ। ਜਿਸ ਕਾਰਨ ਉਨ੍ਹਾਂ ਦੇ ਘਰ ‘ਤੇ ਇੰਨੀ ਗਰੀਬੀ ਪੈ ਗਈ ਕਿ ਓਮ ਨੂੰ 7 ਸਾਲ ਦੀ ਉਮਰ ਤੋਂ ਚਾਹ ਦੀ ਦੁਕਾਨ ‘ਤੇ ਬਰਤਨ ਸਾਫ ਕਰਨ ਦਾ ਕੰਮ ਕਰਨਾ ਪਿਆ।”
ਓਮ ਦੀ ਇੱਛਾ ਇਕ ਫੌਜੀ ਬਣਨ ਦੀ ਸੀ ਪਰ ਪਰਿਵਾਰ ਦੀਆਂ ਮੁਸ਼ਕਿਲਾਂ ਕਾਰਨ ਅਜਿਹਾ ਨਾ ਹੋ ਸਕਿਆ। ਉਸ ਨੂੰ ਉਸਦੇ ਮਾਮੇ ਦੇ ਕੋਲ ਭੇਜ ਦਿੱਤਾ ਗਿਆ ਤਾਂ ਕਿ ਪਰਿਵਾਰ ਦੇ ਸਿਰ ਤੋਂ ਕੁੱਝ ਭਾਰ ਘੱਟ ਸਕੇ। ਨੌਵੀਂ ਜਮਾਤ ਵਿਚ ਪੜ੍ਹਦੇ ਓਮ ਨੂੰ ਅਭਿਨੇਤਾ ਬਣਨ ਦਾ ਸ਼ੌਂਕ ਉਸ ਸਮੇਂ ਹੋਇਆ ਜਦ ਉਸਨੇ ਲਖਨਊ ਵਿਚ ਹੋਣ ਵਾਲੇ ਫਿਲਮ ਆਡੀਸ਼ਨ ਬਾਰੇ ਸੁਣਿਆ। ਓਮ ਨੇ ‘ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆੱਫ ਇੰਡੀਆ’, ਪੁਣੇ ਤੋਂ ਗ੍ਰੈਜੁਏਸ਼ਨ ਕੀਤੀ। 1973 ਵਿਚ ਨਸੀਰੂਦੀਨ ਸ਼ਾਹ ਨਾਲ ਉਸ ਨੇ ਥੀਏਟਰ ਦੀ ਪੜਾਈ ਕੀਤੀ। ਸ਼ੁਰੂ ਵਿਚ ਬਹੁਤ ਹੀ ਘੱਟ ਤਨਖਾਹ ‘ਤੇ ਅਦਾਕਾਰੀ ਸ਼ੁਰੂ ਕੀਤੀ ।
‘ਘਾਇਲ’ ਫਿਲਮ ਲਈ ਓਮ ਨੂੰ ‘ਬੈਸਟ ਸਹਾਇਕ ਅਦਾਕਾਰ’ ਦਾ ਫਿਲਮ ਫੇਅਰ ਅਵਾਰਡ ਮਿਲਿਆ। ਓਮ ਦੀ ਝੋਲੀ ਵਿਚ ‘ਜਾਨੇ ਭੀ ਦੋ ਯਾਰੋ’, ‘ਮਾਚਿਸ’, ‘ਗੁਪਤ’, ‘ਚਾਚੀ’, ‘ਹੇਰਾ ਫੇਰੀ’, ‘ਮਾਲਾਮਾਲ ਵੀਕਲੀ’, ‘ਸਿੰਘ ਇਜ਼ ਕਿੰਗ’, ‘ਮੇਰੇ ਬਾਪ ਪਹਿਲੇ ਆਪ’ ਵਰਗੀਆਂ ਹਿੰਦੀ ਫਿਲਮਾਂ, ਪੰਜਾਬੀ , ਹਿੰਦੀ ਅਤੇ ਕਈ ਹਾਲੀਵੁੱਡ ਫਿਲਮਾਂ ਕੀਤੀਆਂ ਹਨ। ਇਸ ਤੋਂ ਇਲਾਵਾ ਓਮ ਨੇ ਕਈ ਟੀ.ਵੀ ਸ਼ੋਅ ਜਿਵੇਂ ‘ਸਾਵਧਾਨ ਇੰਡੀਆ’, ‘ਆਹਟ’ ਆਦਿ ਵੀ ਕੀਤੇ ਹਨ। ਓਮ ਨੂੰ ਬਹੁਤ ਸਾਰੇ ਫਿਲਮ ਫੇਅਰ ਅਵਾਰਡ ਮਿਲ ਚੁੱਕੇ ਹਨ।