ਸਿੱਧੂ ਮੂਸੇ ਵਾਲੇ ਨੇ ਕਿਹਾ ਕਿ 'ਮੈਂ ਕੋਈ ਦੁੱਧ ਧੋਤਾ ਨਹੀਂ, ਕਮੀਆਂ ਹਰ ਇਕ ਵਿੱਚ ਹੁੰਦੀਆਂ ਨੇ' ਪੜ੍ਹੋ ਪੂਰੀ ਖ਼ਬਰ
- ਚੁਸਪਿੰਦਰਵੀਰ ਚਾਹਲ ਦੇ ਡੋਪ ਟੈਸਟ ‘ਚੈਲੈਂਜ’ ਤੋਂ ਭੱਜੇ ਸਿੱਧੂ ਮੂਸੇਵਾਲਾ
ਸੰਜੀਵ ਜਿੰਦਲ
ਮਾਨਸਾ, 12 ਜਨਵਰੀ, 2022 : ਇਕ ਮਹੀਨਾ ਪਹਿਲਾਂ ਹੀ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਵਿੱਚ ਕਾਂਗਰਸ ਚ ਸ਼ਾਮਲ ਹੋਏ ਪੰਜਾਬੀ ਲੋਕ ਗਾਇਕ ਸ਼ੁਭਦੀਪ ਸਿੰਘ ( ਸਿੱਧੂ ਮੂਸੇਵਾਲਾ ) ਨੇ ਜਦੋਂ ਦਾ ਰਾਜਨੀਤਕ ਪਿੜ ਵਿੱਚ ਪੈਰ ਰੱਖਿਆ ਹੈ ਵਿਵਾਦਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।
ਮਾਨਸਾ ਜ਼ਿਲ੍ਹਾ ਕਾਂਗਰਸ ਯੂਥ ਪ੍ਰਧਾਨ ਚੁਸਪਿੰਦਰਵੀਰ ਚਹਿਲ ਵੱਲੋਂ ਸਿੱਧੂ ਮੂਸੇਵਾਲਾ ਨੂੰ ‘ਡੋਪ ਟੈਸਟ’ ਕਰਾਉਣ ਦੀ ਦਿੱਤੀ ਗਈ ਚੁਣੌਤੀ ਤੋਂ ਨਾ ਕੇਵਲ ਸਿੱਧੂ ਮੂਸੇਵਾਲਾ ਭੱਜਦੇ ਨਜ਼ਰ ਆ ਰਹੇ ਹਨ, ਸਗੋਂ ਉਨ੍ਹਾਂ ਵੱਲੋਂ ਦਿੱਤੇ ਜਵਾਬ ਕਾਰਨ ਉਹ ਆਪ ਹੀ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ।
ਆਪਣੀ ਕਾਂਗਰਸ ਵਿੱਚ ਸ਼ਮੂਲੀਅਤ ਦੇ ਦਿਨ ਹੀ ਦਿੱਲੀ ਪੁੱਜ ਕੇ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਕਰਕੇ ਅਤੇ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਦਾ ਸਾਂਝਾ ਸਮਰਥਨ ਪ੍ਰਾਪਤ ਹੋਣ ਕਾਰਨ ਮਾਨਸਾ ਤੋਂ ਪਾਰਟੀ ਦੇ ਲਗਪਗ ਪੱਕੇ ਸਮਝੇ ਜਾ ਰਹੇ ਅਤੇ ਇਸ ਇਲਾਕੇ ਵਿੱਚ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਚੁੱਕੇ ਸਿੱਧੂ ਮੂਸੇਵਾਲਾ ਨੂੰ ਪਹਿਲੇ ਦਿਨ ਤੋਂ ਹੀ ਹਲਕੇ ਦੇ ‘ਟਕਸਾਲੀ ਕਾਂਗਰਸੀਆਂ’ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਲਕੇ ਦੇ ਗਾਗੋਵਾਲ ਪਰਿਵਾਰ ਅਤੇ ਯੂਥ ਕਾਂਗਰਸ ਆਗੂ ਚੁਸਪਿੰਦਰਵੀਰ ਚਹਿਲ ਵੱਲੋਂ ਸਿੱਧੂ ਮੁੂਸੇਵਾਲਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਚੁਸਪਿੰਦਰਵੀਰ ਚਹਿਲ ਵੱਲੋਂ ਹਲਕੇ ਵਿੱਚ ਕੀਤੇ ਇਕ ਭਰਵੇਂ ਇਕੱਠ ਵਿੱਚ ਪੁੱਜੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਸਿੱਧੇ ਤੌਰ ’ਤੇ ਚੁਸਪਿੰਦਰਵੀਰ ਚਹਿਲ ਦੀ ਪਿੱਠ ਥਾਪੜਦਿਆਂ ਇਹ ਐਲਾਨ ਕਰ ਦਿੱਤਾ ਸੀ ਕਿ ਕਿਸੇ ਬਾਹਰੀ ਵਿਅਕਤੀ ਨੂੰ ਹਲਕੇ ਦੇ ਕਾਂਗਰਸੀ ਆਗੂਆਂ ਦੇ ਹੱਕ ’ਤੇ ਡਾਕਾ ਮਾਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਸ ਤੋਂ ਬਾਅਦ ਬੀਤੇ ਦਿਨੀਂ ਹੀ ਕਿਸਾਨ ਆਗੂ, ਕਿਸਾਨ ਮੋਰਚੇ ਦੇ ਇਕ ਪ੍ਰਮੁੱਖ ਚਿਹਰੇ ਅਤੇ ਸੰਯੁਕਤ ਸਮਾਜ ਮੋਰਚੇ ਦੇ ਨੇਤਾ ਰੁਲਦੂ ਸਿੰਘ ਮਾਨਸਾ ਨੇ ਵੀ ਐਲਾਨ ਕਰ ਦਿੱਤਾ ਸੀ ਕਿ ਉਹ ਮਾਨਸਾ ਤੋਂ ਚੋਣ ਲੜਨਗੇ।
ਸਿੱਧੂ ਮੂਸੇਵਾਲਾ ਦਾ ਚੁਸਪਿੰਦਰਵੀਰ ਚਹਿਲ ਨਾਲ ਤਾਜ਼ਾ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦ ਚਹਿਲ ਨੇ ਦੋਸ਼ ਲਗਾਉਂਦਿਆਂ ਸਿੱਧੂ ਮੂਸੇਵਾਲਾ ਦੇ ਸਾਹਮਣੇ ‘ਚੈਲੰਜ’ ਪੇਸ਼ ਕੀਤਾ ਕਿ ਉਹ ਖ਼ੁਦ ਅਤੇ ਸਿੱਧੂ ਮੂਸੇਵਾਲਾ ‘ਡੋਪ ਟੈੱਸਟ’ ਕਰਵਾਉਣ ਅਤੇ ਜਿਹੜਾ ‘ਪਾਜ਼ਿਟਿਵ’ ਪਾਇਆ ਗਿਆ, ਉਹ ਘਰ ਬਹਿ ਜਾਵੇ ਅਤੇ ਦੂਜੇ ਨੂੰ ਜਨਤਾ ਦੀ ਸੇਵਾ ਦਾ ਮੌਕਾ ਦੇਵੇ।
ਚੁਸਪਿੰਦਰ ਚਾਹਲ ਦੇ ਦੋਸ਼ ਤੇ ਬੜੀ ਹੀ ਸਪੱਸ਼ਟ ਚੁਣੌਤੀ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਜੋ ਬਿਆਨ ਸਾਹਮਣੇ ਆਇਆ ਹੈ, ਉਹ ਮੂਸੇਵਾਲਾ ਦੀ ਇਸ ਮਾਮਲੇ ਵਿੱਚ ਸਥਿਤੀ ਨੂੰ ਸਪੱਸ਼ਟ ਕਰਨ ਦੀ ਜਗ੍ਹਾ ਹੋਰ ਉਲਝਾ ਗਿਆ ਹੈ।
ਚਹਿਲ ਦੇ ਦੋਸ਼ਾਂ ਬਾਰੇ ਪੁੱਛੇ ਜਾਣ ’ਤੇ ਮੂਸੇਵਾਲਾ ਨੇ ਕਿਹਾ ਕਿ ਮੇਰੇ ਕੋਲ ਡੋਪ ਟੈਸਟ ਕਰਵਾਉਣ ਦਾ ਸਮਾਂ ਨਹੀਂ ਹੈ। ਇਸ ਦੇ ਨਾਲ ਹੀ ਮੂਸੇਵਾਲਾ ਨੇ ਆਖ਼ਿਆ ਕਿ ‘ਮੈਂ ਕੋਈ ਦੁੱਧ ਦਾ ਧੋਤਾ ਵੀ ਨਹੀਂ ਹਾਂ, ਕਮੀਆਂ ਹਰ ਇਕ ਵਿੱਚ ਹੁੰਦੀਆਂ ਹਨ। ਉਹਨਾਂ ਆਖ਼ਿਆ ਕਿ ਜਿਹੜੀਆਂ ਮਾੜੀਆਂ ਚੀਜ਼ਾਂ ਹਨ, ਜਿਹੜੀ ‘ਨੈਗੈਟਿਵਿਟੀ’ ਹੈ, ਉਸਨੂੰ ‘ਇਗਨੋਰ’ ਕਰਨਾ ਜ਼ਰੂਰੀ ਹੈ। ਉਹਨਾਂ ਆਖ਼ਿਆ ਕਿ ਹਜ਼ਾਰ ਬੰਦਾ ਮੇਰੇ ਬਾਰੇ ਹਜ਼ਾਰ ਗੱਲਾਂ ਕਰਦੈ, ਹੁਣ ਕੀ ਮੈਂ ਸਾਰੀਆਂ ਗੱਲਾਂ ਦਾ ਜਵਾਬ ਦੇਵਾਂਗਾ।