ਹਰੀਸ਼ ਕਾਲੜਾ
- 2.79 ਲੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਲੈ ਚੁੱਕੇ ਹਨ 10 ਮੁਕਾਬਲਿਆਂ 'ਚ ਹਿੱਸਾ
ਰੂਪਨਗਰ 22 ਨਵੰਬਰ 2020 - ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ 'ਚ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਆਖਰੀ ਪ੍ਰਤੀਯੋਗਤਾ ਦਸਤਾਰਬੰਦੀ ਕੱਲ੍ਹ 23 ਨਵੰਬਰ ਤੋਂ ਆਰੰਭ ਹੋਵੇਗੀ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ 'ਚ ਰਾਜ ਸਿੱਖਿਆ, ਸਿਖਲਾਈ ਤੇ ਖੋਜ ਪ੍ਰੀਸ਼ਦ ਪੰਜਾਬ ਵੱਲੋਂ ਆਯੋਜਿਤ ਇੰਨ੍ਹਾਂ ਮੁਕਾਬਲਿਆਂ ਦੀਆਂ ਹੁਣ ਤੱਕ 10 ਪ੍ਰਤੀਯੋਗਤਾਵਾਂ ਹੋ ਚੁੱਕੀਆਂ ਹਨ, ਜਿੰਨ੍ਹਾਂ 'ਚ ਵਿੱਚ ਰਾਜ ਭਰ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ 2.79 ਲੱਖ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।
ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ 'ਚ ਹਿੱਸਾ ਲਿਆ ਹੈ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ 'ਚ ਹੋ ਰਹੇ ਮੁਕਾਬਲਿਆਂ 'ਚ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈ.) ਰਾਜ ਕੁਮਾਰ ਖੋਸਲਾ ਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.) ਜਰਨੈਲ ਸਿੰਘ ਨੇ ਦੱਸਿਆ ਕਿ ਦਸਤਾਰਬੰਦੀ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਪ੍ਰਤੀਯੋਗੀ 23 ਤੋਂ 27 ਨਵੰਬਰ ਰਾਤ 12 ਵਜੇ ਤੱਕ ਦਸਤਾਰਬੰਦੀ ਦੀਆਂ ਤਸਵੀਰਾਂ/ਵੀਡੀਓ ਸ਼ੋਸ਼ਲ ਮੀਡੀਆ ਦੇ ਵੱਖ-ਵੱਖ ਮਾਧਿਅਮਾਂ 'ਤੇ ਅਪਲੋਡ ਕਰ ਸਕਦੇ ਹਨ।
28 ਨਵੰਬਰ ਨੂੰ ਵੱਖ-ਵੱਖ ਸਕੂਲਾਂ ਦੇ ਕੇਵਲ ਪਹਿਲੇ ਸਥਾਨ 'ਤੇ ਰਹਿਣ ਵਾਲੇ ਪ੍ਰਤੀਯੋਗੀਆਂ ਦੀਆਂ ਤਸਵੀਰਾਂ/ਵੀਡੀਓਜ਼ ਦੇ ਲਿੰਕ ਅਤੇ ਬਾਕੀ ਪ੍ਰਤੀਯੋਗੀਆਂ ਦੇ ਵੇਰਵੇ ਸਬੰਧਤ ਸਕੂਲ ਮੁਖੀ ਤੇ ਅਧਿਆਪਕ ਵਿਭਾਗ ਦੀ ਤਕਨੀਕੀ ਟੀਮ ਵੱਲੋਂ ਦਿੱਤੇ ਗਏ ਗੂਗਲ ਫਾਰਮ 'ਚ ਭਰਨਗੇ। ਇਸ ਤੋਂ ਅੱਗੇ ਬਲਾਕ, ਜਿਲ੍ਹਾ ਤੇ ਰਾਜ ਪੱਧਰੀ ਦੇ ਨਤੀਜਿਆਂ ਦੀ ਪ੍ਰਕਿਰਿਆ ਆਰੰਭ ਹੋਵੇਗੀ। ਇਸ ਪ੍ਰਤੀਯੋਗਤਾ ਲਈ ਪ੍ਰਾਇਮਰੀ ਵਰਗ ਦੇ ਵਿਦਿਆਰਥੀ ਘੱਟ-ਘੱਟ 4 ਮੀਟਰ, ਮਿਡਲ ਤੇ ਸੈਕੰਡਰੀ ਵਰਗ ਦੇ ਪ੍ਰਤੀਯੋਗੀ ਘੱਟੋ-ਘੱਟ 6 ਮੀਟਰ ਦੀ ਦਸਤਾਰ ਸਜਾਉਣਗੇ। ਸਾਰੇ ਵਰਗਾਂ ਲਈ ਵੱਧ ਤੋਂ ਵੱਧ ਸਮਾਂ 8 ਮਿੰਟ ਹੋਵੇਗਾ।
ਦਸਤਾਰ ਸਜਾਉਣ ਉਪਰੰਤ ਵੱਖ-ਵੱਖ 5 ਪਾਸਿਆਂ ਤੋਂ ਤਸਵੀਰਾਂ ਖਿੱਚ ਕੇ ਮੁਕਾਬਲੇਬਾਜੀ ਲਈ ਅੱਪਲੋਡ ਕਰਨਗੇ ਅਤੇ ਦਸਤਾਰ ਸਜਾਉਣ ਮੌਕੇ ਦੀਆਂ ਘੱਟੋ-ਘੱਟ 5 ਮਿੰਟ ਦੀ ਵੀਡੀਓ ਵੀ ਨਾਲ ਅੱਪਲੋਡ ਕੀਤੀ ਜਾਣੀ ਲਾਜ਼ਮੀ ਹੈ। ਜਿਲ੍ਹਾ ਕੋਆਰਡੀਨੇਟਰ ਸੈਕੰਡਰੀ ਰੁਚੀ ਗਰੋਵਰ ਤੇ ਐਲੀਮੈਂਟਰੀ ਕਮਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਮੁਕਾਬਲਿਆਂ ਵਾਂਗ ਰਾਜ ਭਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਦਸਤਾਰਬੰਦੀ ਪ੍ਰਤੀਯੋਗਤਾ 'ਚ ਵੀ ਪੂਰੇ ਉਤਸ਼ਾਹ ਨਾਲ ਹਿੱਸਾ ਲੈਣਗੇ।