ਸਕੂਲ ਮੁਖੀਆਂ ਨਾਲ ਮੈਰੀਟੋਰੀਅਸ ਸਕੂਲ ਵਿਖੇ ਮਿਸ਼ਨ ਸ਼ਤ-ਪ੍ਰਤੀਸ਼ਤ ਸਬੰਧੀ ਕੀਤੀ ਮੀਟਿੰਗ
ਗੁਰਨਾਮ ਸਿੱਧੂ
ਫਿਰੋਜ਼ਪੁਰ 12 ਜਨਵਰੀ 2020 : ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਗੁਣਾਤਮਕ ਸਿੱਖਿਆ ਅਤੇ ਮਿਆਰੀ ਨਤੀਜਿਆਂ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਇਸ ਵਾਰ ਮਿਸ਼ਨ ਸ਼ਤ-ਪ੍ਰਤੀਸ਼ਤ ਤਹਿਤ ਬੋਰਡ ਦੀਆਂ ਜਮਾਤਾਂ ਵਿਚ ਪੜ੍ਹਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਸਬੰਧੀ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਲਈ ਵਿਸ਼ੇਸ਼ ਮੀਟਿੰਗਾਂ ਅਤੇ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀ ਕੇਂਦਰਿਤ ਪਹੁੰਚ ਬਣਾ ਕੇ ਹਰ ਵਿਦਿਆਰਥੀ ਨੂੰ ਸਫਲਤਾ ਪੂਰਵਕ ਚੰਗੇ ਅੰਕ ਲੈਣ ਲਈ ਪ੍ਰੇਰਿਤ ਕੀਤਾ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੁਆਰਾ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਮੈਰੀਟੋਰੀਅਸ ਸਕੂਲ ਵਿਖੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਮੂਹ ਸਿੱਖਿਆ ਅਧਿਕਾਰੀਆਂ, ਪ੍ਰਿੰਸੀਪਲ, ਹੈੱਡਮਾਸਟਰ, ਸਕੂਲ ਇੰਚਾਰਜ਼, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸੈਂਟਰ ਹੈੱਡ ਟੀਚਰ, ਹੈੱਡ ਟੀਚਰ ਆਦਿ ਨਾਲ ਮਿਸ਼ਨ ਸ਼ਤ ਪ੍ਰਤੀਸ਼ਤ ਸਬੰਧੀ ਮੀਟਿੰਗ ਵਿੱਚ ਕੀਤਾ। ਇਸ ਮੌਕੇ ਉਨ੍ਹਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਇਮਤਿਹਾਨ ਵਿਚ ਸਫਲ ਹੋਣ ਵਾਲੇ ਸਿੱਧੀ ਭਰਤੀ ਵਾਲੇ ਮੁੱਖ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਸਕੂਲ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਚ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਪ੍ਰਾਪਤੀ ਲਈ ਅਧਿਆਪਕ ਵਾਧੂ ਜਮਾਤਾਂ ਲਗਾ ਰਹੇ ਹਨ। ਇਸ ਤੋਂ ਇਲਾਵਾ ਸਿੱਖਿਆ ਸਕੱਤਰ ਵੱਲੋਂ ਦਾਖ਼ਲਾ ਮੁਹਿੰਮ ਅਤੇ ਸਮਾਰਟ ਸਕੂਲ ਬਨਾਉਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਵਿਚ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਨੂੰ ਪ੍ਰਮੁੱਖਤਾ ਦਿੰਦਿਆਂ ਹਰ ਪੱਧਰ ਤੇ ਹੈੱਡ ਟੀਚਰ, ਸੈਂਟਰ ਹੈੱਡ ਟੀਚਰ, ਬੀਪੀਈਓ ਅਤੇ ਪ੍ਰਿੰਸੀਪਲਾਂ ਦੀ ਨਿਯੁਕਤੀ ਸਿੱਧੀ ਭਰਤੀ ਅਤੇ ਤਰੱਕੀਆਂ ਰਾਹੀਂ ਕੀਤੀ ਹੈ ਉਹ ਸਕੂਲ ਮੁਖੀਆਂ ਆਉਣ ਵਾਲੇ ਸਮੇਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਇਸ ਮੌਕੇ ਸਹਾਇਕ ਡਾਇਰੈਕਟਰ ਟ੍ਰੇਨਿੰਗ ਜਰਨੈਲ ਸਿੰਘ ਕਾਲੇ ਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਕੁਲਵਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋੜਾ, ਜਗਜੀਤ ਸਿੰਘ, ਰੁਪਿੰਦਰ ਕੌਰ, ਪ੍ਰਗਟ ਸਿੰਘ ਬਰਾੜ ਪ੍ਰਿੰਸੀਪਲ ਮੈਰੀਟੋਰੀਅਸ ਸਕੂਲ, ਜ਼ਿਲ੍ਹਾ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਕੋਆਰਡੀਨੇਟਰ ਮਹਿੰਦਰ ਸਿੰਘ ਸ਼ੈਲੀ, ਡੀਐੱਮ ਉਮੇਸ਼ ਕੁਮਾਰ, ਰਾਮ ਗੁਪਤਾ, ਗੁਰਵਿੰਦਰ ਸਿੰਘ, ਸਮਾਰਟ ਸਕੂਲ ਇੰਚਾਰਜ਼ ਰਕੇਸ਼ ਸ਼ਰਮਾ, ਸਹਿਤ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਮੂਹ ਪ੍ਰਿੰਸੀਪਲ ਹੈੱਡਮਾਸਟਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਤੇ ਸੈਂਟਰ ਹੈਡ ਟੀਚਰ ਹਾਜ਼ਰ ਸਨ।