ਐੱਸ.ਏ.ਐੱਸ. ਨਗਰ, 10ਜਨਵਰੀ - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 19 ਜਨਵਰੀ ਨੁੰ ਕਰਵਾਈ ਜਾਣ ਵਾਲੀ ਪ੍ਰੀਖਿਆ ਟੀ.ਈ.ਟੀ.-2018 ਲਈ ਅਜਿਹੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ ਕਿ ਪ੍ਰੀਖਿਆਰਥੀਆਂ ਤੋਂ ਇਲਾਵਾ ਡਿਊਟੀ ਸਟਾਫ਼ ਅਤੇ ਉਡਣ ਦਸਤਿਆਂ ਆਦਿ ਦੇ ਮੈਂਬਰ ਵੀ ਇਲੈਕਟ੍ਰਾਨਿਕ ਵਸਤਾਂ ਤੇ ਸੈੱਲ ਫ਼ੋਨ ਆਦਿ ਸਮੇਤ ਪ੍ਰੀਖਿਆ ਕੇਂਦਰ ਵਿੱਚ ਨਹੀਂ ਜਾ ਸਕਣਗੇ।
ਬੋਰਡ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਪ੍ਰੀਖਿਆ ਲਈ ਜਾਰੀ ਹਦਾਇਤਾਂ ਵਿੱਚ ਉਮੀਦਵਾਰ ਨੁੰ ਖਾਲੀ ਕਾਗਜ਼, ਸੈੱਲ ਫ਼ੋਨ, ਐੱਫ.ਐੱਮ. ਰੇਡੀਓ, ਕੈਲਕੂਲੇਟਰ ਘੜੀ ਜਾਂ ਅਜਿਹਾ ਕੋਈ ਵੀ ਸਾਧਨ ਜੋ ਪ੍ਰੀਖਿਆ ਦੌਰਾਨ ਪ੍ਰੀਖਿਆਰਥੀਆਂ ਨੂੰ ਕਿਤੇ ਬਾਹਰ ਜੋੜ ਸਕਦਾ ਹੋਵੇ, ਨਾਲ ਲਿਜਾਣ ਤੋਂ ਰੋਕ ਲਗਾਈ ਗਈ ਹੈ| ਇੱਥੇ ਹੀ ਬੱਸ ਨਹੀਂ ਸਗੋਂ ਪ੍ਰੀਖਿਆ ਦੌਰਾਨ ਡਿਊਟੀ ਦੇਣ ਵਾਲੇ ਸਟਾਫ਼ ਨੂੰ ਵੀ ਅਜਿਹੇ ਕਿਸੇ ਇਲੈਕਟ੍ਰਾਨਿਕ ਯੰਤਰ ਦੀ ਵਰਤੋਂ ਕਰਨ ਦੀ ਮਨਾਹੀ ਹੋਵੇਗੀ ਜੋ ਪ੍ਰੀਖਿਆਰਥੀ ਨੇ ਨਾ ਵਰਤਣਾ ਹੋਵੇ ਅਤੇ ਇਹ ਸ਼ਰਤ ਅਤੇ ਰੋਕ ਚੈਕਿੰਗ ਵਿੱਚ ਆਉਣ ਵਾਲੇ ਸਟਾਫ਼ ਤੇ ਵੀ ਲਾਗੂ ਹੋਵੇਗੀ| ਇਸ ਕਾਰਜ ਲਈ ਹਰ ਪ੍ਰੀਖਿਆ ਕੇਂਦਰ ਵਿੱਚ ਉਡਣ-ਦਸਤਿਆਂ ਆਦਿ ਦਾ ਕਾਰਜ ਕਰਨ ਵਾਲੇ ਸਟਾਫ਼ ਦੇ ਅਜਿਹੇ ਸਮਾਨ ਮੌਕੇ ਤੇ ਜਮ੍ਹਾਂ ਕਰਵਾਉਣ ਲਈ ਕਮਰਾ ਜਾਂ ਸਥਾਨ ਵੀ ਨਿਯਤ ਕੀਤਾ ਜਾਵੇਗਾ।
ਵਰਨਣਯੋਗ ਹੈ ਕਿ 19 ਜਨਵਰੀ ਦੀ ਪ੍ਰੀਖਿਆ ਲਈ ਬੋਰਡ ਵੱਲੋਂ ਮਿਸਾਲੀ ਪ੍ਰਬੰਧ ਕੀਤੇ ਜਾ ਰਹੇ ਹਨ| ਪ੍ਰੀਖਿਆ ਦਾ ਸਾਰਾ ਕਾਰਜ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਹੋਵੇਗਾ ਤੇ ਹਰ ਕੇੱਦਰ ਵਿੱਚ ਸਿਰਫ਼ 28 ਪ੍ਰੀਖਿਆਰਥੀ ਹੀ ਬਿਠਾਏ ਜਾਣਗੇ| ਪ੍ਰੀਖਿਆ ਸਿਰਫ਼ ਜ਼ਿਲ੍ਹਾ ਪੱਧਰ 'ਤੇ ਬਣਾਏ ਗਏ ਕੇੱਦਰਾਂ ਵਿੱਚ ਹੀ ਹੋਵੇਗੀ ਅਤੇ ਵਿਲੱਖਣ ਸਮਰਥਾ ਵਾਲੇ ਪ੍ਰੀਖਿਆਰਥੀਆਂ ਤੋਂ ਇਲਾਵਾ ਹਰ ਪ੍ਰੀਖਿਆਰਥੀ ਦਾ ਕੇਂਦਰ ਲਾਗਵੇਂ ਜ਼ਿਲ੍ਹੇ ਦੇ ਹੈੱਡ ਕੁਆਰਟਰ ਵਿੱਚ ਬਣਾਇਆ ਗਿਆ ਹੈ।