ਸੀਨੀਅਰ ਸਟਾਫ ਰਿਪੋਰਟਰ, ਬਠਿੰਡਾ- ਅਕਾਲ ਯੂਨੀਵਰਸਿਟੀ ਦੇ ਮਿਹਨਤੀ ਵਿਦਿਆਰਥੀ ਦੀ ਵੱਖ-ਵੱਖ ਖੇਤਰਾਂ ’ਚ ਸਫਲਤਾਂ ਦੇ ਨਤੀਜੇ ਨਿਰੰਤਰ ਸਾਹਮਣੇ ਆ ਰਹੇ ਹਨ। ਹਰ ਸਾਲ ਯੂ ਜੀ ਸੀ ਦੀ ਮੁਕਾਬਲਾ ਪ੍ਰੀਖਿਆ ’ਚ ਲਗਪਗ 9 ਲੱਖ ਵਿਦਿਆਰਥੀ ਭਾਗ ਲੈਂਦੇ ਹਨ। ਦਸੰਬਰ 2019 ਦੀ ਪ੍ਰੀਖਿਆ ’ਚ ਅਕਾਲ ਯੂਨੀਵਰਸਿਟੀ ਦੇ ਕਾਮਰਸ ਵਿਭਾਗ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਸੁਖਮਨਪ੍ਰੀਤ ਕੌਰ ਅਤੇ ਹਰਜੋਤ ਕੌਰ ਨੇ ਯੂਜੀਸੀ ਨੈੱਟ ਦੀ ਪ੍ਰੀਖਿਆ ਜੇਆਰਐੱਫ ਸਹਿਤ ਪਾਸ ਕੀਤੀ। ਇਹ ਦੋਵੇਂ ਐੱਮਕਾਮ ਦੇ ਦੂਜੇ ਸਾਲ ਦੀਆਂ ਵਿਦਿਆਰਥਣਾਂ ਹਨ। ਇਸ ਤੋਂ ਇਲਾਵਾ
ਪੰਜਾਬੀ ਵਿਭਾਗ ਦੀ ਐੱਮ ਏ ਦੂਜੇ ਸਾਲ ਦੀ ਵਿਦਿਆਰਥਣ ਪਰਮਜੀਤ ਕੌਰ ਨੇ ਵੀ ਦਸੰਬਰ 2019 ਦੀ ਨੈੱਟ ਪ੍ਰੀਖਿਆ ਪਾਸ ਕੀਤੀ ਹੈ। ਗੌਰਤਲਬ ਹੈ ਕਿ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਜਿੱਥੇ ਵੱਖ-ਵੱਖ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਂਦੀ ਹੈ, ਉੱਥੇ ਹਰ ਵਿਭਾਗ ਦੁਆਰਾ ਐੱਮ ਏ, ਐੱਮ ਕਾਮ ਅਤੇ ਐੱਮ ਐੱਸ ਸੀ ਦੇ ਵਿਦਿਆਰਥੀਆਂ ਦਾ ਪਹਿਲਾ ਲੈਕਚਰ ਖਾਸ ਤੌਰ ’ਤੇ ਯੂ ਜੀ ਸੀ ਦੀ ਤਿਆਰੀ ਲਈ ਲਾਇਆ ਜਾਂਦਾ ਹੈ।
ਵਿਦਿਆਰਥੀਆਂ ਦੀ ਇਸ ਸਫ਼ਲਤਾ ਲਈ ਸਬੰਧਿਤ ਵਿਭਾਗ ਦੇ ਮੁਖੀ ਸਹਿਤ ਸਾਥੀ ਪ੍ਰੋਫੈਸਰ ਸਾਹਿਬਾਨ ਨੇ ਵਧਾਈ ਦਿੱਤੀ। ਇਸ ਮੌਕੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਗੁਰਮੇਲ ਸਿੰਘ, ਡੀਨ ਅਕਾਦਮਿਕ ਪ੍ਰੋ. ਐੱਮਐੱਸ ਜੌਹਲ ਅਤੇ ਰਜਿਸਟਰਾਰ ਪ੍ਰੋ. ਸਵਰਨ ਸਿੰਘ ਨੇ ਵੀ ਵਿਸ਼ੇਸ਼ ਤੌਰ ’ਤੇ ਵਧਾਈਆਂ ਦਿੱਤੀਆਂ।