ਲੈਫ਼. ਜਨਰਲ ਅਸ਼ਵਨੀ ਕੁਮਾਰ ਨੇ ਸੀਯੂ ਵੱਲੋਂ ਸੈਨਿਕਾਂ ਦੇ ਬੱਚਿਆਂ ਲਈ ਐਲਾਨੀ 15 ਕਰੋੜੀ ਵਜ਼ੀਫ਼ਾ ਸਕੀਮ ਦਾ ਕੀਤਾ ਆਗ਼ਾਜ਼
ਦੇਸ਼ ਦੇ ਸੈਨਿਕਾਂ ਵੱਲੋਂ ਦਿੱਤੀਆਂ ਸੇਵਾਵਾਂ ਅਤੇ ਕੁਰਬਾਨੀਆਂ ਨੂੰ ਸਨਮਾਨ ਦਿੰਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਵਿੱਦਿਅਕ ਵਰ੍ਹੇ 2020-21 ਦੌਰਾਨ ਦੇਸ਼ ਦੇ ਜਾਬਾਜ਼ ਫ਼ੌਜੀਆਂ ਦੇ ਬੱਚਿਆਂ ਲਈ 15 ਕਰੋੜ ਦੀ ਆਰਮਡ ਫ਼ੋਰਸਿਜ਼ ਐਜੂਕੇਸ਼ਨਲ ਵੈਲਫ਼ੇਅਰ ਸਕੀਮ ਦਾ ਐਲਾਨ ਕੀਤਾ ਹੈ। ਜਿਸ ਦੇ ਅੰਤਰਗਤ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸੈਨਿਕਾਂ ਦੇ ਬੱਚਿਆਂ ਨੂੰ ਦਾਖ਼ਲੇ ਵਿੱਚ ਹਰ ਕੋਰਸ ਦੀਆਂ ਸੀਟਾਂ 'ਚ 5 ਫ਼ੀਸਦੀ ਰਾਖਵਾਂਕਰਨ ਅਤੇ ਫ਼ੀਸ ਵਿੱਚ 10 ਤੋਂ 15 ਫ਼ੀਸਦੀ ਹਰ ਸਮੈਸਟਰ 'ਤੇ ਖਾਸ ਰਿਆਇਤ ਦਿੱਤੀ ਜਾਵੇਗੀ। ਜਿਸ ਅਧੀਨ ਥਲ ਸੈਨਾ, ਜਲ ਸੈਨਾ, ਹਵਾਈ ਫ਼ੌਜ, ਪੈਰਾਮਿਲਟਰੀ ਫ਼ੋਰਸਾਂ, ਬੀਐਸਐਫ਼ ਅਤੇ ਸਾਬਕਾ ਫ਼ੌਜੀਆਂ ਦੀਆਂ ਸ਼੍ਰੇਣੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਸ ਤਹਿਤ ਯੂਨੀਵਰਸਿਟੀ ਵਿਚ ਵਜ਼ੀਫ਼ਾ ਸਕੀਮ ਜਾਰੀ ਕਰਨ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਭਾਰਤੀ ਫ਼ੌਜ਼ ਦੇ ਲੈਫ਼. ਜਨਰਲ ਸ਼੍ਰੀ ਅਸ਼ਵਨੀ ਕੁਮਾਰ (ਏਵੀਐਸਐਮ, ਵੀਐਸਐਮ, ਏਡੀਸੀ, ਐਡਜੁਟੈਂਟ ਜਨਰਲ, ਐਮਓਡੀ ਦੇ ਆਈਐੱਚਕਿਊ) ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।ਚੰਡੀਗੜ੍ਹ ਯੂਨੀਵਰਸਿਟੀ ਪਹੁੰਚਣ 'ਤੇ ਲੈਫ਼. ਜਨਰਲ ਸ਼੍ਰੀ ਅਸ਼ਵਨੀ ਕੁਮਾਰ ਦਾ ਚਾਂਸਲਰ ਸ. ਸਤਨਾਮ ਸਿੰਘ ਸੰਧੂ ਅਤੇ ਵਾਈਸ ਚਾਂਸਲਰ ਡਾ. ਆਰ.ਐਸ ਬਾਵਾ, ਸੀਨੀਅਰ ਐਗਜੀਕਿਊਟਿਵ ਵਾਈਸ ਪ੍ਰੈਜੀਡੈਂਟ ਸ. ਡੀ.ਪੀ ਸਿੰਘ ਅਤੇ ਡਾਇਰੈਕਟਰ ਕਾਰਪੋਰੇਟ ਰਿਲੇਸ਼ਨ ਮਿਸ ਹਿਮਾਸ਼ੀ ਸੂਦ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਦੌਰਾਨ ਲੈਫ਼. ਜਨਰਲ ਸ਼੍ਰੀ ਅਸ਼ਵਨੀ ਕੁਮਾਰ ਨੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਐਲਾਨੀ 15 ਕਰੋੜ ਦੀ ਵਜ਼ੀਫ਼ਾ ਸਕੀਮ ਜਾਰੀ ਕਰਦਿਆਂ ਕਿਹਾ ਹਰ ਸਮੇਂ ਦੇਸ਼ ਦੀ ਰਾਖੀ ਕਰਦੇ ਸਾਡੇ ਦੇਸ਼ ਦੇ ਸੁਰਖਿਆ ਜਵਾਨਾਂ ਵੱਲੋਂ ਦੇਸ਼ ਲਈ ਦਿੱਤੀਆਂ ਕੁਰਬਾਨੀਆਂ, ਸੇਵਾਵਾਂ ਨੂੰ ਮੁੱਖ ਰੱਖਦਿਆਂ ਵਰਸਿਟੀ ਵੱਲੋਂ ਕੀਤਾ ਇਹ ਉਪਰਾਲਾ ਸ਼ਲਾਘਾਯੋਗ ਹੈ। ਦੇਸ਼ ਦੇ ਜਵਾਨ ਹਰ ਸਮੇਂ ਸਰਹੱਦ 'ਤੇ ਤਾਇਨਾਤ ਰਹਿੰਦੇ ਹਨ ਤੇ ਉਨ੍ਹਾਂ ਦੇ ਬੱਚਿਆਂ ਨੂੰ ਸਹੀ ਮਾਰਗ ਦਰਸ਼ਕ ਦੀ ਲੋੜ ਹੁੰਦੀ ਹੈ ਕਿ ਉਨ੍ਹਾਂ ਨੇ ਸਿੱਖਿਆ ਦੇ ਕਿਹੜੇ ਖਿੱਤੇ ਵਿਚ ਜਾਣਾ ਹੈ। ਜਿਸ ਦੇ ਅੰਤਰਗਤ ਉਨ੍ਹਾਂ ਦੀ ਲੋੜ ਨੂੰ ਪੂਰਾ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਅੱਗੇ ਆਈ ਹੈ, ਜੋ ਉਨ੍ਹਾਂ ਲਈ ਮਾਰਗ ਦਰਸ਼ਕ ਦੇ ਤੌਰ 'ਤੇ ਕੰਮ ਕਰੇਗੀ ਅਤੇ ਉਸ ਦੇ ਨਾਲ ਨਾਲ ਆਰਥਿਕ ਤੌਰ 'ਤੇ ਵੀ ਵਜ਼ੀਫ਼ਾ ਸਕੀਮ ਜਾਰੀ ਕਰਕੇ ਉਨ੍ਹਾਂ ਦੀ ਬਾਂਹ ਫੜ੍ਹੇਗੀ।
ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਆਰਮਡ ਫ਼ੋਰਸਿਜ਼ ਐਜ਼ੂਕੇਸ਼ਨ ਵੈਲਫ਼ੇਅਰ ਵਜ਼ੀਫ਼ਾ ਸਕੀਮ ਅਧੀਨ ਵੱਖ-ਵੱਖ ਸ਼੍ਰੇਣੀਆਂ ਦੇ ਸੁਰੱਖਿਆ ਦਸਤਿਆਂ, ਜਿਨ੍ਹਾਂ ਵਿਚ ਸੈਨਿਕਾਂ ਦੀਆਂ ਵਿਧਵਾਵਾਂ, ਜੰਗ ਦੌਰਾਨ ਸ਼ਹੀਦ ਤੇ ਜ਼ਖ਼ਮੀ ਹੋਏ ਸੈਨਿਕਾਂ, ਉਨ੍ਹਾਂ ਦੀਆਂ ਪਤਨੀਆਂ ਤੇ ਬੱਚੇ, ਯੁੱਧ ਦੌਰਾਨ ਅੰਗਹੀਣ ਹੋਏ ਸੈਨਿਕਾਂ ਦੇ ਬੱਚਿਆਂ ਨੂੰ ਵਜ਼ੀਫ਼ਿਆਂ ਦਾ ਲਾਭ ਦੇਣ ਦੀ ਯੋਜਨਾ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਯੂਨਵਰਸਿਟੀ ਵੱਲੋਂ ਸੈਨਿਕਾਂ ਦੇ ਬੱਚਿਆਂ ਨੂੰ ਹਰ ਕੋਰਸ ਦੀਆਂ ਸੀਟਾਂ 'ਚ 5 ਫ਼ੀਸਦੀ ਰਾਖਵਾਕਰਨ ਅਤੇ ਹਰ ਸਮੈਸਟਰ ਦੀ ਫ਼ੀਸ ਉੱਤੇ 15 ਫ਼ੀਸਦੀ ਵਜ਼ੀਫ਼ਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਬਕਾ ਫ਼ੌਜੀਆਂ ਅਤੇ ਅਰਧ ਸੈਨਿਕ ਬਲਾਂ ਅਤੇ ਬੀਐਸਐਫ਼ ਸੈਨਿਕਾਂ ਦੇ ਬੱਚਿਆਂ ਨੂੰ ਫ਼ੀਸ ਵਿਚ ਹਰ ਸਮੈਸਟਰ 'ਤੇ 10 ਫ਼ੀਸਦੀ ਵਜ਼ੀਫ਼ਾ ਦਿਤਾ ਜਾਵੇਗਾ।
ਇਸ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਐਨਸੀਸੀ ਕੈਡਿਟਾਂ ਨੂੰ ਵੀ ਸਰਟੀਫ਼ੀਕੇਟ ਤਕਸੀਮ ਕੀਤੇ ਗਏ ਜਿਨ੍ਹਾਂ ਦੇ ਸੂਬਾ ਅਤੇ ਰਾਸ਼ਟਰੀ ਪੱਧਰੀ ਐਨਸੀਸੀ ਕੈਂਪਾਂ ਵਿਚ ਵੱਖ ਵੱਖ ਮੁਕਾਬਲੇ ਜਿੱਤੇ ਹਨ। ਜਿਨ੍ਹਾਂ ਵਿਚ ਕੈਡਿਟ ਅਜੀਤ ਕੁਮਾਰ ਮਹੰਤੀ ਨੂੰ ਐਨਸੀਸੀ ਟਰੇਨਿੰਗ ਕੈਂਪ ਰੋਪੜ ਵਿਖੇ ਬੈਸਟ ਕੈਡਿਟ ਅਤੇ ਭੁਪਿੰਦਰ ਸਿੰਘ ਨੂੰ ਐਨਸੀਸੀ ਕੈਂਪ ਰੋਪੜ ਵਿਖੇ ਅੰਤਰ ਬਟਾਲੀਅਨ ਫਾਇਰਿੰਗ ਮੁਕਾਬਲੇ ਵਿਚ 'ਬੈਸਟ ਇੰਨ ਫ਼ਾਇਰਿੰਗ' ਅਤੇ ਲੜਕੀਆਂ ਵਿਚ ਕੈਡਿਟ ਗਰਿਮਾ ਇਤਨ ਅਤੇ ਆਯੂਸ਼ੀ ਨੂੰ ਐਨਸੀਸੀ ਸਾਲਾਨਾ ਸਿਖਲਾਈ ਕੈਂਪ ਰੋਪੜ ਵਿਖੇ 'ਬੈਸਟ ਕੈਡਿਟ' ਦਾ ਖ਼ਿਤਾਬ ਮਿਲਣ 'ਤੇ ਸਰਟੀਫ਼ੀਕੇਟ ਪ੍ਰਦਾਨ ਕੀਤੇ ਗਏ। ਇਸ ਦੌਰਾਨ ਪ੍ਰੋ. ਕੈਪਟਨ ਗੁਰਪ੍ਰੀਤ ਸਿੰਘ ਨੂੰ ਐਨਸੀਸੀ ਆਫ਼ੀਸਰ ਟਰੇਨਿੰਗ ਅਕੈਡਮੀ ਕਾਮਪਟੀ (ਮਹਾਂਰਾਸ਼ਟਰ) ਵਿਖੇ 'ਬੈਸਟ ਇੰਨ ਵੈਪਨ ਟਰੇਨਿੰਗ' ਦਾ ਖ਼ਿਤਾਬ ਮਿਲਣ 'ਤੇ ਯੂਨੀਵਰਸਿਟੀ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਦੀ ਸੇਵਾ ਕਰਦੇ ਸਮੇਂ ਸ਼ਹੀਦ ਹੋਏ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਂਟ ਕਰਦੀ ਹੈ ਅਤੇ ਨਾਲ ਹੀ ਜਿਹੜੇ ਜਵਾਨ ਦੇਸ਼ ਦੀ ਰਾਖੀ ਲਈ ਸੇਵਾਵਾਂ ਨਿਭਾਅ ਰਹੇ ਹਨ, ਉਨ੍ਹਾਂ ਨੂੰ ਸਤਿਕਾਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਵਜ਼ੀਫ਼ਾ ਯੋਜਨਾ ਸਾਡੇ ਸਮਾਜ ਦੇ ਵਿਸ਼ੇਸ਼ ਵਰਗਾਂ ਪ੍ਰਤੀ ਸਾਡੀ ਸਮਾਜਿਕ ਜ਼ਿੰਮੇਵਾਰੀ ਦਾ ਵੀ ਹਿੱਸਾ ਹੈ।
ਫ਼ੋਟੋ ਕੈਪਸ਼ਨ: ਚੰਡੀਗੜ੍ਹ ਯੂਨੀਵਰਸਿਟੀ ਵਿਖੇ 'ਆਰਮਡ ਫ਼ੋਰਸਿਜ਼ ਐਜੂਕੇਸ਼ਨਲ ਵੈਲਫ਼ੇਅਰ ਸਕੀਮ' ਜਾਰੀ ਕਰਦੇ ਲੈਫ਼. ਜਨਰਲ ਅਸ਼ਵਨੀ ਕੁਮਾਰ, ਚਾਂਸਲਰ ਸ. ਸਤਨਾਮ ਸਿੰਘ ਸੰਧੂ, ਵਾਈਸ ਚਾਂਸਲਰ ਆਰ.ਐਸ. ਬਾਵਾ ਅਤੇ ਡਾਇਰੈਕਟਰ ਕਾਰਪੋਰੇਟ ਰਿਲੇਸ਼ਨ ਮਿਸ ਹਿਮਾਸ਼ੀ ਸੂਦ