ਫਤਹਿਗੜ੍ਹ ਸਾਹਿਬ, 5 ਫਰਵਰੀ 2019 - ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਅੰਗਰੇਜ਼ੀ ਵਿਭਾਗ ਦੁਆਰਾ ਡੀਨ ਵਿਦਿਆਰਥੀ ਭਲਾਈ ਦੇ ਸਹਿਯੋਗ ਨਾਲ ਸੱਭਿਆਚਾਰਕ ਅਤੇ ਵਿਰਾਸਤੀ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਪੰਜਾਬ ਦੀਆਂ ਪ੍ਰਸਿੱਧ ਵਿਰਾਸਤੀ ਖੇਡਾਂ ਜਿਵੇਂ ਕਿ ਕਿੱਕਲੀ, ਰੱਸੀ-ਟੱਪਾ, ਗੀਟੇ, ਲਾਟੂ, ਸਟਾਪੂ, ਪਿੱਠੂ ਗਰਮ, ਰੁਮਾਲ ਚੁੱਕਣਾ, ਰੱਸਾ-ਕੱਸੀ ਆਦਿ ਵਿਚ ਵੱਧ ਚੜ੍ਹ ਕੇ ਭਾਗ ਲਿਆ। ਇਨ੍ਹਾਂ ਖੇਡਾਂ ਵਿਚ ਯੂਨੀਵਰਸਿਟੀ ਦੀ ਫੈਕਲਟੀ ਅਤੇ ਸਟਾਫ ਮੈਂਬਰਾਂ ਨੇ ਵੀ ਬੜੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਵਿਦਿਆਰਥੀਆਂ ਦੁਆਰਾ ਇਸ ਆਯੋਜਨ ਦੌਰਾਨ ਪੰਜਾਬ ਦੇ ਪੁਰਾਤਨ ਪਿੰਡਾਂ ਦੇ ਘਰਾਂ ਦੇ ਮਾਡਲ ਬਣਾ ਕੇ ਪੇਸ਼ ਕੀਤੇ ਗਏ ਤਾਂ ਜੋ ਨੌਜਵਾਨਾਂ ਨੂੰ ਆਪਣੇ ਬਜੁਰਗਾਂ ਦੇ ਰਹਿਣ-ਸਹਿਣ ਦੇ ਪ੍ਰਾਚੀਨ ਢੰਗ ਤਰੀਕਿਆਂ ਬਾਰੇ ਚਾਣਨਾ ਪਾਇਆ ਜਾ ਸਕੇ।
ਇਨਾਮ ਵੰਡ ਸਮਾਰੋਹ ਦੌਰਾਨ ਲੋਕ-ਗੀਤਾਂ ਅਤੇ ਲੋਕ-ਸਾਜਾਂ ਦੀ ਬਹੁਤ ਹੀ ਮਨਮੋਹਕ ਪੇਸ਼ਕਾਰੀ ਕੀਤੀ। ਇਸ ਤੋਂ ਇਲਾਵਾ ਪੰਜਾਬ ਦੇ ਪ੍ਰਸਿੱਧ ਲੋਕ-ਨਾਚ ਗਿੱਧਾ ਅਤੇ ਭੰਗੜੇ ਦੀ ਵਿਰਾਸਤੀ ਪੇਸ਼ਕਾਰੀ ਵੀ ਕੀਤੀ ਗਈ। ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਸਵਰਾਜ ਰਾਜ ਨੇ ਸਮਾਰੋਹ ਦੌਰਾਨ ਪਹੁੰਚੇ ਪਤਵੰਤਿਆਂ ਨੂੰ ਜੀ ਆਇਆਂ ਕਹਿੰਦੇ ਹੋਏ ਕਿਹਾ ਕਿ ਇਹੋ ਜਿਹੇ ਵਿਰਾਸਤੀ ਮੇਲਿਆਂ ਦਾ ਮੰਤਵ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਸੱਭਿਆਚਾਰਕ ਵਿਰਸੇ ਨਾਲ ਜੋੜਨਾ ਹੁੰਦਾ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨ ਡਾ. ਰਾਜ ਕੁਮਾਰ ਸ਼ਰਮਾ, ਡੀਨ ਰਿਸਰਚ ਨੇ ਅੰਗਰੇਜ਼ੀ ਵਿਭਾਗ ਦੁਆਰਾ ਸੱਭਿਆਚਾਰਕ ਮੇਲੇ ਦੇ ਸਫਲ ਆਯੋਜਨ ਲਈ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੱਜ ਦੀਆਂ ਸਮੁੱਚੀ ਗੀਤਵਿਧੀਆਂ ਵਿਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਉਤਸ਼ਾਹ ਅਤੇ ਪੇਸ਼ਕਾਰੀਆਂ ਦੇਖਿਆਂ ਹੀ ਬਣਦੀਆਂ ਹਨ।
ਇਸ ਸਮਾਰੋਹ ਦੇ ਮੁੱਖ ਮਹਿਮਾਨ ਡਾ. ਪਰਿਤ ਪਾਲ ਸਿੰਘ, ਰਜਿਸਟਰਾਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹੋ ਜਿਹੇ ਸਹਿ-ਅਕਾਦਮਿਕ ਅਤੇ ਸੱਭਿਆਚਾਰਕ ਆਯੋਜਨਾਂ ਵਿਚ ਭਰਪੂਰ ਸ਼ਮੂਲੀਅਤ ਉਨ੍ਹਾਂ ਦੀ ਸਖਸ਼ੀਅਤ ਉਸਾਰੀ ਵਿਚ ਵੱਡਮੁੱਲਾ ਯੋਗਦਾਨ ਪਾਉਂਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਸੁਖਦਰਸ਼ਨ ਸਿੰਘ ਖਹਿਰਾ ਇਹੋ ਜਿਹੀਆਂ ਗਤੀਵਿਧੀਆਂ ਸਿਰਜਣ ਲਈ ਦਿਸ਼ਾ-ਨਿਰਦੇਸ਼ਾਂ ਦੇ ਨਾਲ-ਨਾਲ ਯੋਗ ਅਗਵਾਈ ਪ੍ਰਦਾਨ ਕਰਦੇ ਹਨ ਤਾਂ ਜੋ ਵਿਦਿਆਰਥੀਆਂ ਦੀ ਅਕਾਦਮਿਕ ਉੱਨਤੀ ਦੇ ਨਾਲ-ਨਾਲ ਸਮਾਜਿਕ ਵਰਤ-ਵਿਹਾਰ, ਮਿਲਵਰਤਣ, ਉਸਾਰੂ ਸੰਵਾਦ ਰਚਾਉਣ ਜਿਹੀਆਂ ਯੋਗਤਾਵਾਂ ਦਾ ਵਿਕਾਸ ਵੀ ਹੋ ਸਕੇ। ਇਸ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ, ਫੈਕਲਟੀ ਅਤੇ ਸਟਾਫ਼ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਡਾ. ਸਰਪ੍ਰੀਤ ਸਿੰਘ, ਡੀਨ ਵਿਦਿਆਰਥੀ ਭਲਾਈ ਨੇ ਸਮਾਰੋਹ ਦੇ ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਸੱਭਿਆਚਾਰਕ ਮੇਲੇ ਦੇ ਸਫਲ ਆਯੋਜਨ ਲਈ ਯੂਨੀਵਰਸਿਟੀ ਅਧਿਕਾਰੀਆਂ, ਅੰਗਰੇਜ਼ੀ ਵਿਭਾਗ, ਫੈਕਲਟੀ ਅਤੇ ਸਟਾਫ ਮੈਂਬਰਾਂ ਦੇ ਨਾਲ-ਨਾਲ ਵਿਦਿਆਰਥੀਆਂ ਦਾ ਧੰਨਵਾਦ ਕੀਤਾ।