੧੮ ਗੋਲਡ ਮੈਡਲ ਸਮੇਤ ਕੁੱਲ ੧੫੦੦ ਵਿਦਿਆਰਥੀਆਂ ਨੂੰ ਮਿਲੀ ਡਿਗਰੀ
ਮਿਹਨਤ ਦਾ ਕੋਈ ਬਦਲ ਮੋਜੂਦ ਨਹੀ, ਪ੍ਰੰਤੂ ਆਪਣੀ ਮਿਹਨਤ ਦਾ ਸਹੀ ਮੁੱਲ ਲੈਣ ਦੇ ਲਈ ਤੁਹਾਨੂੰ ਹੋਰ ਵੀ ਜਿਆਦਾ ਨਿਖਰਨਾ ਪੈਂਦਾ ਹੈ। ਉਸਦੇ ਲਈ ਸਭ ਤੋਂ ਵੱਧ ਜਰੂਰੀ ਹੈ ਕਿ ਤੁਸੀਂ ਆਪਣੀਆਂ ਕਮੀਆਂ ਨੂੰ ਸਮਝੋ ਅਤੇ ਉਹਨਾਂ ਨੂੰ ਸੁਧਾਰਦੇ ਉਹਨਾਂ ਨੂੰ ਹੁਨਰ ਵਿੱਚ ਤਬਦੀਲ ਕਰਕੇ ਖੁੱਦ ਨੂੰ ਲੋੜੀਂਦੇ ਵਾਤਾਵਰਣ ਵਿੱਚ ਢਾਲੋ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਸ਼ਵ ਪ੍ਰਸਿੱਧ ਆਈਟੀ ਕੰਪਨੀ ਆਈਬੀਐਮ ਦੇ ਮੈਨੇਜਿੰਗ ਡਾਇਰੈਕਟਰ ਕਰਨ ਬਾਜਵਾ ਨੇ ਕੀਤਾ ਜੋ ਕਿ ਚੰਡੀਗੜ• ਯੂਨੀਵਰਸਿਟੀ ਘੜੂੰਆਂ ਵਿਖੇ ਹੋਏ ਇੰਜੀਨੀਅਰਿੰਗ ਵਿਭਾਗ ਦੀ ਚੌਥੀ ਸਲਾਨਾ ਕਨਵੋਕੇਸ਼ਨ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ ਸਨ। ਕਰਨ ਬਾਜਵਾ ਨੇ ਆਪਣੇ ਕਾਲਜ ਦੇ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਡਿਗਰੀ ਮਿਲਣਾ ਇੱਕ ਇਤਿਹਾਸਿਕ ਅਤੇ ਯਾਦਗਾਰੀ ਪਲ ਹੁੰਦਾ ਹੈ। ਉਹਨਾਂ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਜਦੋ ਉਹ ਡਿਗਰੀ ਪ੍ਰਾਪਤ ਕਰਕੇ ਰੋਜ਼ਗਾਰ ਦੀ ਭਾਲ ਵਿੱਚ ਜੁੱਟਦੇ ਹਨ ਤਾਂ ਉਹਨਾਂ ਨੂੰ ਚੁਣੋਤੀਆਂ ਆਉਣਗੀਆਂ ਹੀ, ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਵਿਦਿਆਰਥੀ ਆਪਣੇ ਤਜਰਬੇ ਨੂੰ ਹੋਰ ਵੀ ਬਿਹਤਰ ਬਨਾਉਣਾ ਚਾਹੀਦਾ ਹੈ। ਇਸਦੇ ਨਾਲ ਹੀ ਅੱਗੇ ਵੱਧਣ ਦੇ ਲਈ ਵਿਦਿਆਰਥੀ ਵੱਧ ਤੋਂ ਵੱਧ ਲੋਕਾਂ ਨਾਲ ਮਿਲਕੇ ਕੰਮ ਕਰਨ। ਉਹਨਾਂ ਵਿਦਿਆਰਥੀਆਂ ਨੂੰ ਆਪਣੇ ਅੰਦਰ ਸਦਾ ਸਿੱਖਦੇ ਰਹਿਣ ਦਾ ਹੁਨਰ ਢਾਲਣ ਦੀ ਸਲਾਹ ਦਿੱਤੀ ।
ਸੀਯੂ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਕਨਵੋਕੇਸ਼ਨ ਦੌਰਾਨ 'ਵਰਸਿਟੀ ਵਿਖੇ ਸਾਲ ੨੦੧੩-੧੭ ਦੇ ਦਰਮਿਆਨ ਇੰਜੀਨੀਅਰਿੰਗ ਦੇ ਖੇਤਰ ਵਿੱਚ ਗ੍ਰੈਜੁਏਸ਼ਨ, ਪੋਸਟ ਗ੍ਰੈਜੂਏਸ਼ਨ ਅਤੇ ਪੀਐੱਚਡੀ ਦੀ ਡਿਗਰੀ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਗਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਡਿਗਰੀ ਹਾਸਿਲ ਕਰਨ ਵਾਲਿਆਂ ਵਿੱਚ 'ਵਰਸਿਟੀ ਦੇ ਪੀਐੱਚਡੀ ਦੇ ਪਹਿਲੇ ਬੈਚ ਦੇ ੯ ਵਿਦਿਆਰਥੀ, ਸਾਲ ੨੦੧੭ ਦੇ ਪਾਸ ਆਊਟ ੪੦੦ ਪੋਸਟ ਗ੍ਰੈਜੂਏਸ਼ਨ ਅਤੇ ੧੧੦੦ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਸਮੇਤ ਕੁੱਲ ੧੫੦੦ ਵਿਦਿਆਰਥੀ ਸ਼ਾਮਿਲ ਸਨ, ਜਿਹਨਾਂ ਨੇ ਕੰਪਿਊਟਰ ਸਾਇੰਸ ਇੰਜੀਨਿਅਰਿੰਗ, ਮਕੈਨੀਕਲ ਇੰਜੀਨਿਅਰਿੰਗ, ਇਲੈਕਟ੍ਰੀਕਲ ਇੰਜੀਨਿਅਰਿੰਗ, ਆਟੋਮੋਬਾਈਲ ਇੰਜੀਨਿਅਰਿੰਗ, ਇਲੈਕਟ੍ਰੌਨਿਕਸ ਇੰਜੀਨਿਅਰਿੰਗ, ਸਿਵਿਲ ਇੰਜੀਨਿਅਰਿੰਗ, ਐਰੋਨੌਟਿਕਲ ਇੰਜੀਨਿਅਰਿੰਗ, ਕੈਮੀਕਲ ਇੰਜੀਨਿਅਰਿੰਗ, ਮੈਕਾਟ੍ਰੌਨਿਕਸ ਇੰਜੀਨਿਅਰਿੰਗ ਆਦਿ ਵਿਸ਼ਿਆਂ ਵਿੱਚ ਆਪਣੀ ਪੜਾਈ ਪੂਰੀ ਕੀਤੀ ਹੈ। ਇਹਨਾਂ ਵਿੱਚੋਂ ੯ ਵਿਦਿਆਰਥੀਆਂ ਨੂੰ ਪੜਾਈ ਦੇ ਵਿੱਚ ਉਹਨਾਂ ਦੀ ਚੰਗੀ ਅਕਾਦਮਿਕ ਕਾਰਗੁਜ਼ਾਰੀ ਦੇ ਲਈ ਗੋਲਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਵਾਈਸ ਚਾਂਸਲਰ ਚੰਡੀਗੜ• ਯੂਨੀਵਰਸਿਟੀ ਘੜੂੰਆਂ ਡਾ. ਆਰ ਐੱਸ ਬਾਵਾ ਨੇ ਇਸ ਮੌਕੇ ਸਵਾਗਤੀ ਭਾਸ਼ਣ ਪੜਿਆ ਅਤੇ ਆਏ ਮਹਿਮਾਨਾਂ ਦੀ ਜਾਣ ਪਹਿਚਾਣ ਵਿਦਿਆਰਥੀਆਂ ਨਾਲ ਕਰਵਾਈ।
ਗੋਲਡ ਮੈਡਲ ਹਾਸਿਲ ਕਰਨ ਵਾਲਿਆਂ ਵਿੱਚ ਆਯੂਸ਼, ਗੁਰਪ੍ਰੀਤ ਸਿੰਘ, ਆਸ਼ਾ ਗਿੱਲ, ਅਨੁਭਵ, ਵਿਨੈ ਕੁਮਾਰ ਦੇ ਨਾਮ ਸ਼ਾਮਿਲ ਹਨ, ਜਦਕਿ ਡਾਕਟਰ ਆੱਫ ਫਿਲਾਸਫੀ (ਪੀਐੱਚਡੀ) ਦੀ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਜਗਜੀਤ ਸਿੰਘ, ਨੰਦਨ ਧੀਰ, ਨਿਤਿਨ ਮਿੱਤਲ, ਅਮਨਜੀਤ, ਹਰਜੋਤ ਸਿੰਘ ਗਿੱਲ ਅਤੇ ਸ਼ਿਲਪੀ ਜਿੰਦਲ ਸਨ। ਸਮਾਰੋਹ ਦੌਰਾਨ ਚੰਡੀਗੜ• ਯੂਨੀਵਰਸਿਟੀ ਘੜੂੰਆਂ ਦੇ ਵਾਈਸ ਚਾਂਸਲਰ ਡਾ. ਆਰ ਐੱਸ ਬਾਵਾ ਦੇ ਨਾਲ ਵਾਈਸ ਪ੍ਰੈਜ਼ੀਡੈਂਟ ਡੀਪੀ ਸਿੰਘ, ਪਰੋ ਵਾਈਸ ਚਾਂਸਲਰ ਡਾ ਬੀਐੱਸ ਸੋਹੀ, ਰਜਿਸਟਰਾਰ ਬਲਬੀਰ ਸਿੰਘ ਢੋਲ, ਡਾਇਰੈਕਟਰ ਇੰਜੀਨੀਅਰਿੰਗ ਡਾ ਸਤਬੀਰ ਸਿੰਘ ਸਹਿਗਲ ਅਤ ਡੀਨ ਐਡਮਿਨਿਸਟ੍ਰੇਸ਼ਨ ਡਾ ਤਰਲੋਕ ਸਿੰਘ ਹਾਜਿਰ ਸਨ।