ਫਿਰੋਜ਼ਪੁਰ 14 ਅਗਸਤ (ਗੁਰਿੰਦਰ ਸਿੰਘ ) ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਸਥਾਨ ਹੁਸੈਨੀਵਾਲਾ ਤੋਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਭਗਤ ਸਿੰਘ ਕੌਮੀ ਰੁਜਗਾਰ ਗਰੰਟੀ ਕਾਨੂੰਨ ਦੀ ਪਾ੍ਰਪਤੀ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਸੰਭਾਲ ਲਈ ਤੋਰੇ ਜੱਥੇ ਮਾਰਚ ਦਾ ਫਿਰੋਜਪੁਰ ਨੇ ਨੇੜਲੇ ਪਿੰਡਾਂ ਦੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ ਖਾਸ ਕਰ ਨੌਜਵਾਨਾਂ ਅਤੇ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਇਸ ਸੰਬੰਧ ਵਿਚ ਅੱਜ ਫਿਰੋਜਪੁਰ ਅਤੇ ਹੁਸੈਨੀਵਾਲਾ ਦੇ ਪਿੰਡਾਂ ਬਾਰੇ ਕੇ, ਝੁੱਗੇ ਹਜਾਰਾ ਸਿੰਘ, ਗੱਟੀ ਰਾਜੋਕੇ, ਹਬੀਬ ਵਾਲਾ ਆਦਿ ਪਿੰਡਾਂ ਵਿਚ ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ ਵਿਸ਼ਾਲ ਜਨ ਸਭਾਵਾਂ ਕੀਤੀਆਂ ਗਈਆਂ। ਇਹਨਾਂ ਜਨ ਸਭਾਵਾਂ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ, ਵਿਦਿਆਰਥੀਆਂ ਅਤੇ ਪਿੰਡਾਂ ਦੇ ਆਮ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਹਨਾਂ ਜਨ ਸਭਾਵਾਂ ਵਿਚ ਹਾਜਰੀਨ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਚਰਨਜੀਤ ਸਿੰਘ ਛਾਂਗਾ ਰਾਏ ਨੇ ਕਿਹਾ ਕਿ ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਤੋਰੇ ਜੱਥੇ ਪੰਜਾਬ ਦੀ ਨਿਰਾਸ਼ ਹੋ ਚੁੱਕੀ ਜਵਾਨੀ ਵਿਚ ਨਵੀਂ ਆਸ ਦੀ ਕਿਰਨ ਜਗਾ ਰਹੇ ਹਨ ਇਸ ਲਈ ਹੀ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਵਿਦਿਆਰਥੀ ਇਹਨਾਂ ਜੱਥਾ ਮਾਰਚਾਂ ਦਾ ਹਿੱਸਾ ਬਣ ਰਹੇ ਹਨ। ਵਿਦਿਆਰਥੀ ਜੱਥੇਬੰਦੀ ਦੇ ਸੂਬਾਈ ਪ੍ਰਧਾਨ ਨੇ ਅੱਗੇ ਕਿਹਾ ਕਿ ਪੰਜਾਬ ਸਾਡੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾ ਵੇਲੇ ਪੰਜਾਬ ਦੀ ਜਵਾਨੀ ਨੂੰ ਲਾਰਾ ਲਾਇਆ ਕਿ ਸਰਕਾਰ ਬਣਨ ਤੇ ਹਰ ਘਰ ਵਿਚ ਨੌਕਰੀ ਦਿੱਤੀ ਜਾਵੇਗੀ। ਸੂਬਾਈ ਆਗੂ ਨੇ ਵਿਅੰਗ ਕਰਦਿਆਂ ਕਿਹਾ ਕਿ ਪੌਣੇ ਦੋ ਸਾਲ ਬੀਤਣ ਤੇ ਵੀ ਰੁਜਗਾਰ ਦਾ ਵਾਅਦਾ ਲਾਰਾ ਬਣ ਕੇ ਰਹਿ ਗਿਆ ਹੈ। ਅਜੇ ਤੱਕ ਕਿਸੇ ਵੀ ਨੌਜਵਾਨ ਨੂੰ ਰੁਜਗਾਰ ਨਹੀਂ ਦਿੱਤਾ ਗਿਆ। ਪਰ ਦੂਜੇ ਪਾਸੇ ਸਾਡੇ ਮੁੱਖ ਮੰਤਰੀ ਸਾਹਿਬ ਅਜੇ ਵੀ ਸਟੇਜਾਂ ਤੇ ਭਾਸ਼ਣ ਦੇ ਘਰ ਘਰ ਵਿਚ ਨੌਕਰੀਆਂ ਦੇ ਰਹੇ ਹਨ। ਉਹਨਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਘਰ ਘਰ ਨੌਕਰੀਆਂ ਦਾ ਵਾਅਦਾ ਸਟੇਜਾਂ ਤੇ ਭਾਸ਼ਨ ਦੇ ਕੇ ਨਹੀਂ ਰੁਜਗਾਰ ਦੀ ਗਰੰਟੀ ਦਾ ਕਾਨੂੰਨ ਬਣਾ ਕੇ ਪੂਰਾ ਕੀਤਾ ਜਾ ਸਕਦਾ ਹੈ, ਪੰਜਾਬ ਸਰਕਾਰ ਅਜਿਹਾ ਕਾਨੂੰਨ ਤੁਰੰਤ ਵਿਧਾਨ ਸਭਾ ਵਿਚ ਪਾਸ ਕਰੇ ਤਾਂ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕਢਿਆ ਜਾ ਸਕੇ।ਇਸ ਤੋ ਬਾਦ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜਿਲ੍ਹਾ ਸਕੱਤਰ ਰਾਜ ਸਿੰਘ ਟਾਹਲੀਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਵਿਚ ਤੋਰੇ ਇਹ ਜੱਥੇ 28 ਸਤੰਬਰ 2018 ਨੂੰ ਪਰਮਗੁਣੀ ਭਗਤ ਸਿਘ ਦੇ ਜਨਮ ਦਿਨ ਤੇ ਦੇਸ਼ ਭਗਤ ਯਾਦਗਾਰ ਵਿਖੇ ਕੀਤੇ ਜਾ ਰਹੇ ਵਲੰਟੀਅਰ ਸੰਮੇਲਨ ਅਤੇ ਮਾਰਚ ਤੱਕ ਪੰਜਾਬ ਵਿਚ ਜਾਰੀ ਰਹਿਣਗੇ।ਇਸ ਮੌਕੇ ਉਹਨਾਂ ਨਾਲ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਆਗੂ ਭਗਵਾਨਦਾਸ ਬਹਾਕਰਕੇ ਵਿਸ਼ੇਸ਼ ਤੌਰ ਤੇ ਹਾਜਰ ਸਨ। ਇਸ ਮੌਕੇ ਵੱਖ ਵੱਖ ਪਿੰਡਾਂ ਵਿਚ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀਆਂ ਇਕਾਈਆਂ ਵੀ ਗਠਿੱਤ ਕੀਤੀਆਂ ਗਈਆਂ।