ਐੱਸ.ਏ.ਐੱਸ. ਨਗਰ 14 ਅਗਸਤ 2018: ਪੰਜਾਬ ਦੇ ਸਰਕਾਰੀ ਸਕੂਲਾਂ 'ਚ ਜਿੱਥੇ ਸਿੱਖਣ ਪੱਧਰ ਨੂੰ ਉੱਚਾ ਚੁੱਕਣ ਲਈ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਤਹਿਤ ਅਧਿਆਪਕ ਸਿਖਲਾਈ ਪ੍ਰੋਗਰਾਮ ਅਤੇ ਹੋਰ ਸਹਿ-ਅਕਾਦਮਿਕ ਸਰਗਰਮੀਆਂ ਕਰਵਾਈਆਂ ਜਾ ਰਹੀਆਂ ਹਨ ਉੱਥੇ ਅਧਿਆਪਕ ਲਗਨ ਅਤੇ ਮਿਹਨਤ ਨਾਲ ਸਕੂਲਾਂ ਦੀਆਂ ਇਮਾਰਤਾਂ ਨੂੰ ਸਿੱਖਣ-ਸਿਖਾਉਣ ਦੇ ਮਾਹੌਲ ਲਈ ਤਿਆਰ ਕਰਨ ਲਈ ਪੱਬਾਂ ਭਾਰ ਹੋਏ ਪਏ ਹਨ|
ਇਸ ਦੀ ਮਿਸਾਲ ਸਰਕਾਰੀ ਪ੍ਰਾਇਮਰੀ ਸਕੂਲ ਠੱਠੀਆਂ ਮਹੰਤਾਂ ਬਲਾਕ ਚੋਹਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਹੈ ਜਿਸ ਦੀ ਹਰ ਦੀਵਾਰ ਅਤੇ ਕੋਨਾ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਮੂੰਹੋਂ ਬੋਲਦਾ ਹੈ| ਇਸ ਸਬੰਧੀ ਹੈੱਡ ਟੀਚਰ ਨਰੇਸ਼ ਬਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਠੱਠੀਆਂ ਮਹੰਤਾਂ 'ਚ ਸਾਰੀਆਂ ਦੀਵਾਰਾਂ ਨੂੰ ਪੇਂਟ ਕਰਵਾਕੇ ਜਮਾਤ ਅਨੁਸਾਰ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਾਲੀਆਂ ਸਿੱਖਣ-ਸਿਖਾਉਣ ਸਹਾਇਕ ਸਮੱਗਰੀ ਵੱਜੋਂ ਵਰਤੀਆਂ ਜਾਣ ਵਾਲੀਆਂ ਤਸਵੀਰਾਂ ਨਾਲ ਸਜਾਇਆ ਗਿਆ ਹੈ|
ਸਰਕਾਰੀ ਪ੍ਰਾਇਮਰੀ ਸਕੂਲ ਠੱਠੀਆਂ 'ਚ ਪਹਿਲੀ ਤੋਂ ਪੰਜਵੀਂ ਤੱਕ 136 ਵਿਦਿਆਰਥੀਆਂ ਦੇ ਬੈਠਣ ਦਾ ਉਚਿਤ ਪ੍ਰਬੰਧ ਹੈ| ਇਸ ਦੇ ਨਾਲ ਹੀ ਸਕੂਲ 'ਚ ਪ੍ਰੀ-ਪ੍ਰਾਇਮਰੀ 'ਖੇਡ ਮਹਿਲ' ਵੀ ਚਲ ਰਿਹਾ ਹੈ ਜਿਸ 'ਚ 37 ਬੱਚੇ ਖੇਡ ਵਿਧੀਆਂ ਨਾਲ਼ ਮਿਆਰੀ ਤੇ ਵਧੀਆ ਮਹੌਲ 'ਚ ਵਿਚਰਦੇ ਹੋਏ ਸਕੂਲੀ ਸਿੱਖਿਆ ਨਾਲ ਜੁੜ ਰਹੇ ਹਨ|
ਸਕੂਲ ਮੁਖੀ ਨਰੇਸ਼ ਬਾਲਾ ਨੇ ਅੱਗੇ ਦੱਸਿਆ ਕਿ ਸਕੂਲ ਦੇ ਸਾਰੇ ਕਮਰੇ ਸਮਾਰਟ ਕਲਾਸਰੂਮ ਵੱਜੋਂ ਤਿਆਰ ਕੀਤੇ ਗਏ ਹਨ| ਸਕੂਲ 'ਚ 6 ਪ੍ਰੋਜੈਕਟਰ, 3 ਲੈਪਟਾਪ ਅਤੇ 2 ਡੈਸਕਟਾਪ ਕੰਪਿਊਟਰ ਹਨ ਜਿਸ ਨਾਲ ਬੱਚਿਆਂ ਨੂੰ ਈ-ਕੰਟੈਂਟ ਰਾਹੀਂ ਰੌਚਕ ਢੰਗ ਨਾਲ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ|
ਸਕੂਲ ਦੇ ਅਧਿਆਪਕ ਸਤਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਬੱਚਿਆਂ ਦਾ ਰਿਕਾਰਡ ਸਕੂਲ ਮੈਨੇਜਮੈਂਟ ਸਾਫਟਵੇਅਰ ਤਿਆਰ ਕਰਕੇ ਰੱਖਿਆ ਗਿਆ ਹੈ| ਉਹਨਾਂ ਦੱਸਿਆ ਕਿ ਸਕੂਲ ਦੀ ਹਾਲਾਤ ਖਸਤਾ ਸੀ ਪਰ ਸਤੰਬਰ 2017 ਤੋਂ ਇਸ ਦੇ ਨਵੀਨੀਕਰਨ ਦਾ ਬੀੜਾ ਸਮੂਹ ਅਧਿਆਪਕਾਂ ਨੇ ਸਮਾਜ ਦੇ ਸਹਿਯੋਗ ਨਾਲ ਚੁੱਕਿਆ| ਸਕੂਲ 'ਤੇ ਹੁਣ ਤੱਕ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਬਲਾਕ ਸੰਮਤੀ ਦੇ ਸਹਿਯੋਗ ਨਾਲ 25 ਲੱਖ ਰੁਪਏ ਦੇ ਕਰੀਬ ਖਰਚ ਕੀਤਾ ਜਾ ਚੁੱਕਾ ਹੈ| ਸਰਕਾਰੀ ਪ੍ਰਾਇਮਰੀ ਸਕੂਲ ਠੱਠੀਆਂ ਮਹੰਤਾਂ 'ਚ ਸਿੱਖਿਆ ਦਾ ਮਿਆਰ ਬਹੁਤ ਵਧੀਆ ਹੈ ਅਤੇ ਮਾਰਚ 2018 ਦਾ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦਾ ਨਤੀਜਾ 80% ਰਿਹਾ ਹੈ| ਸਕੂਲ ਵਿੱਚ ਅਧਿਆਪਕਾ ਪਰਮਿੰਦਰ ਕੌਰ, ਹਰਪ੍ਰੀਤ ਕੌਰ ਤੇ ਰੁਪਿੰਦਰ ਕੌਰ ਵਧੀਆ ਕਾਰਜ ਲਈ ਭਰਪੂਰ ਸਹਿਯੋਗ ਕਰ ਰਹੀਆਂ ਹਨ|
ਇਸ ਤੋਂ ਇਲਾਵਾ ਸਕੂਲ ਵੱਲੋਂ ਆਪਣੀ ਵੈਬਸਾਈਟ ਵੀ ਤਿਆਰ ਕੀਤੀ ਗਈ ਹੈ| ਸਕੂਲ ਦੇ ਵਿਦਿਆਰਥੀਆਂ ਨੂੰ ਸਕੇਟਿੰਗ, ਘੋੜ-ਸਵਾਰੀ ਅਤੇ ਹੋਰ ਖੇਡਾਂ ਵੀ ਕਰਵਾਈਆਂ ਜਾਂਦੀਆਂ ਹਨ| ਸਕੂਲ ਦੇ ਪ੍ਰਾਰਥਨਾ ਦੇ ਮੈਦਾਨ ਨੂੰ ਇੰਟਰਲਾਕਿੰਗ ਟਾਇਲਾਂ ਨਾਲ ਪੱਕਾ ਕੀਤਾ ਹੋਇਆ ਹੈ|
ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਨੇ ਅਧਿਆਪਕਾਂ ਦੇ ਸੁਹਿਰਦ ਯਤਨਾਂ ਦੀ ਪ੍ਰਸੰਸ਼ਾ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਹਰੇਕ ਸਕੂਲ ਅਧਿਆਪਕ ਵੱਲੋਂ ਆਸ਼ਾਵਾਦੀ ਨਜਰੀਏ ਨਾਲ ਸਿੱਖਿਆ ਦੇ ਖੇਤਰ ਲਈ ਨਿਵੇਕਲਾ ਕਾਰਜ ਕਰਕੇ ਕੁਝ ਨਵਾਂ ਕਰਨ ਦੀ ਤਾਂਘ ਹੈ| ਬਾਲ ਕੇਂਦਰਿਤ ਮਨੋਵਿਗਿਆਨ ਨਾਲ ਭਰਪੂਰ ਸਕੂਲ ਦਾ ਵਿਹੜਾ ਸਹੀ ਅਰਥਾਂ ਵਿੱਚ ਵਿਦਿਆਰਥੀ ਨੂੰ ਸਿੱਖਣ ਲਈ ਉਤਸ਼ਾਹਿਤ ਕਰਦਾ ਹੈ|