ਫਿਰੋਜ਼ਪੁਰ 21 ਜੁਲਾਈ (ਗੁਰਿੰਦਰ ਸਿੰਘ): ਸਰਹੱਦੀ ਖੇਤਰ ਦੇ ਨਿਵਾਸੀਆਂ ਨੂੰ ਨਸ਼ਾਖੋਰੀ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਭਾਰਤ ਸਰਕਾਰ ਦੇ ਅਦਾਰੇ ਰਾਸ਼ਟਰੀ ਅਨੁਸੂਚਿਤ ਜਾਤੀ ਵਿੱਤ ਅਤੇ ਵਿਕਾਸ ਕਾਰਪੋਰੇਸ਼ਨ ਨਵੀਂ ਦਿੱਲੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਚ 16 ਤੋਂ 31 ਜੁਲਾਈ 2018 ਤੱਕ ਮਨਾਏ ਜਾ ਰਹੇ ''ਸਵੱਛਤਾ ਪੰਦਰਵਾੜੇ'' ਦੇ 5ਵੇਂ ਦਿਨ ਵਿਸ਼ਾਲ ਨਸ਼ਾ ਵਿਰੋਧੀ ਜਾਗਰੂਕਤਾ ਸਮਾਗਮ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਦੀ ਅਗਵਾਈ ਵਿਚ ਕਰਵਾਇਆ ਗਿਆ। ਜਿਸ ਵਿਚ ਕਾਰਪੋਰੇਸ਼ਨ ਦੇ ਅਧਿਕਾਰੀ ਅਮਿਤ ਭਾਟੀਆ ਜਨਰਲ ਮੈਨੇਜਰ ਅਤੇ ਗਰਵਿਤ ਨਾਗਪਾਲ ਨੋਡਲ ਅਫਸਰ ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਗਮ ਨੂੰ ਸਾਰਥਿਕ ਅਤੇ ਪ੍ਰ੍ਰਭਾਵਸ਼ਾਲੀ ਬਨਾਉਣ ਲਈ ਵਿਜੇ ਬਹਿਲ ਨਾਇਬ ਤਹਿਸੀਲਦਾਰ, ਲਾਭ ਸਿੰਘ ਐੱਸਡੀਓ, ਸਿਧਾਰਥ ਭੰਡਾਰੀ ਇੰਜ਼ੀਨੀਅਰ ਪਬਲਿਕ ਹੈੱਲਥ ਅਤੇ ਜਲ ਸਪਲਾਈ, ਰਜਿੰਦਰ ਕਟਾਰੀਆ ਸਹਾਇਕ ਡਾਇਰੈਕਟਰ ਮੱਛੀ ਪਾਲਣ ਵਿਭਾਗ ਤੋਂ ਇਲਾਵਾ ਪੰਜਾਬ ਪੁਲਿਸ ਦੀ ਟਰੈਫਿਕ ਸੈੱਲ ਦੀ ਟੀਮ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਈ।
ਇਸ ਮੌਕੇ 'ਤੇ ਟਰੈਫਿਕ ਸੈੱਲ ਦੀ ਟੀਮ ਦੇ ਏਐਸਆਈ ਬਲਦੇਵ ਕ੍ਰਿਸ਼ਨ, ਲਖਵੀਰ ਸਿੰਘ ਹੈੱਡਕਾਂਸਟੇਬਲ ਅਤੇ ਗੁਰਮੇਜ ਸਿੰਘ ਐੱਚਸੀ ਨੇ ਨਸ਼ੇ ਦੀ ਲਾਹਨਤ ਖਿਲਾਫ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਨਸ਼ਾ ਪੰਜਾਬ ਨੂੰ ਆਰਥਿਕ, ਸਮਾਜਿਕ ਅਤੇ ਨੈਤਿਕਤਾ ਦੇ ਤੌਰ 'ਤੇ ਤਬਾਹ ਕਰ ਰਿਹਾ ਹੈ, ਜਿਸ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਅਤੇ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਨੌਜਵਾਨ ਵਰਗ ਨੂੰ ਸਹੀ ਰਸਤੇ ਤੇ ਲਿਆ ਕੇ ਸੂਬੇ ਦੇ ਵਿਕਾਸ ਵੱਲ ਸੋਚਣ ਲਈ ਯਤਨਸ਼ੀਲ ਕਰ ਰਹੀ ਹੈ, ਜਿਸ ਦੇ ਚੰਗੇ ਨਤੀਜੇ ਨਿਕਲ ਰਹੇ ਹਨ। ਉਨ੍ਹਾਂ ਨੇ ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ 'ਤੇ ਗੁਆਂਢੀ ਦੇਸ਼ ਦੀਆਂ ਗਲਤ ਹਰਕਤਾਂ ਤੋਂ ਸੁਚੇਤ ਹੋਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਇਲਾਵਾ ਵੱਖ ਵੱਖ ਸਰਹੱਦੀ ਪਿੰਡਾਂ ਦੇ ਨੌਜਵਾਨ ਭਾਰੀ ਗਿਣਤੀ ਵਿਚ ਪਹੁੰਚੇ, ਜਿੰਨ੍ਹਾਂ ਨੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਨਸ਼ੇ ਖਿਲਾਫ ਕੰਮ ਕਰਨ ਦਾ ਵਿਸਵਾਸ਼ ਪ੍ਰਗਟਾਇਆ ਅਤੇ ਜ਼ਿੰਦਗੀ ਵਿਚ ਕਦੇ ਵੀ ਨਸ਼ਾ ਨਾ ਕਰਨ ਦਾ ਪ੍ਰਣ ਵੀ ਕੀਤਾ। ਸਕੂਲੀ ਵਿਦਿਆਰਥੀਆਂ ਵੱਲੋਂ ਨਸ਼ਾ ਵਿਰੋਧੀ ਪੋਸਟਰ ਪ੍ਰਦਰਸ਼ਿਤ ਕੀਤੇ ਗਏ। ਵਿਦਿਆਰਥੀ ਹਰਪ੍ਰੀਤ ਸਿੰਘ ਨੇ ਆਪਣੇ ਲਿਖਤ ਮੋਲਿਕ ਗੀਤ ''ਚਿੱਟੇ ਨਾਲ ਪਾਕਿਸਤਾਨ ਕਰਨਾ ਚਾਹੁੰਦਾ ਤਬਾਹ ਪੰਜਾਬ ਨੂੰ'' ਰਾਹੀਂ ਬੇਹੱਦ ਪ੍ਰਭਾਵਾਸ਼ਾਲੀ ਤਰੀਕੇ ਨਾਲ ਸੰਦੇਸ਼ ਦਿੰਦਿਆਂ ਸੋਚਣ ਲਈ ਮਜ਼ਬੂਰ ਕੀਤਾ।
ਸ਼੍ਰੀ ਅਮਿਤ ਭਾਟੀਆ ਨੇ ਆਪਣੇ ਸੰਬੋਧਨ ਵਿਚ ਸਕੂਲ ਅਤੇ ਪਿੰਡ ਗੱਟੀ ਰਾਜੋ ਕੇ ਲਈ ਕਾਰਪੋਰੇਸ਼ਨ ਵੱਲੋਂ ਵਿਕਾਸ ਲਈ ਸਾਫ ਪਾਣੀ ਦਾ ਪ੍ਰਬੰਧ ਕਰਨ ਅਤੇ ਹੋਰ ਸਹੂਲਤਾਂ ਤਹਿਤ ਮੈਡੀਕਲ ਪ੍ਰੋਗਰਾਮ ਕਰਵਾਉਣ ਐਲਾਣ ਵੀ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਅਮਿਤ ਭਾਟੀਆ ਵੱਲੋਂ ਪੰਜਾਬ ਦਾ ਇਕ ਮਾਤਰ ਸਕੂਲ ਇਸ ਪ੍ਰੋਜੈਕਟ ਲਈ ਚੁਣਿਆ ਜਾਣਾ ਸਰਹੱਦੀ ਖੇਤਰ ਲਈ ਬੇਹੱਦ ਲਾਹੇਵੰਦ ਰਹੇਗਾ ਅਤੇ ਵਿਕਾਸ ਲਈ ਅਨੇਕਾਂ ਰੁਕੇ ਕੰਮ ਹੋਣਗੇ। ਸਮਾਗਮ ਨੂੰ ਸਫਲ ਬਨਾਉਣ ਵਿਚ ਸੁਖਵਿੰਦਰ ਸਿੰਘ ਲੈਕਚਰਾਰ, ਗੀਤਾ, ਰਜੇਸ਼ ਕੁਮਾਰ, ਮੀਨਾਕਸ਼ੀ ਸ਼ਰਮਾ, ਪ੍ਰਿਤਪਾਲ ਸਿੰਘ, ਜੁਗਿੰਦਰ ਸਿੰਘ, ਸ਼ਿੰਦਰਪਾਲ ਸਿੰਘ, ਲਖਵਿੰਦਰ ਸਿੰਘ, ਦਵਿੰਦਰ ਕੁਮਾਰ, ਵਿਜੇ ਭਾਰਤੀ, ਸ਼੍ਰੀਮਤੀ ਸਰੂਚੀ ਮਹਿਤਾ, ਮੰਜ਼ੂ, ਗੁਰਦੀਪ ਸਿੰਘ ਅਤੇ ਮੰਗਲ ਸਿੰਘ ਚੇਅਰਮੈਨ, ਧਰਮ ਸਿੰਘ, ਮੁਖਤਿਆਰ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ।