ਫਿਰੋਜ਼ਪੁਰ 16 ਜੂਨ (ਗੁਰਿੰਦਰ ਸਿੰਘ)- ਪੰਜਾਬ ਸਰਕਾਰ ਦੁਆਰਾ ਸੂਬੇ ਦੇ ਹੋਣਹਾਰ ਵਿਦਿਆਰਥੀਆਂ ਲਈ ਸੁਸਾਇਟੀ ਫਾਰ ਪ੍ਰਮੋਸ਼ਨ ਆਫ ਕੁਆਲਿਟੀ ਐਜੁਕੇਸ਼ਨ ਫਾਰ ਪੂਅਰ ਐਂਡ ਮੈਰੀਟੋਰੀਅਸ ਸਟੂਡੈਂਟਸ ਅਧੀਨ ਰਾਜ ਭਰ ਦੇ 10 ਮੈਰੀਟੋਰੀਅਸ ਰਿਹਾਇਸ਼ੀ ਸਕੂਲ ਅੰਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਮੋਹਾਲੀ,ਪਟਿਆਲਾ, ਗੁਰਦਾਸਪੁਰ, ਪਿੰਡ ਹਕੂਮਤ ਸਿੰਘ ਵਾਲਾ ਫਿਰੋਜਪੁਰ , ਪਿੰਡ ਘਾਬੰਦਾ ਸੰਗਰੂਰ ਅਤੇ ਹੁਸ਼ਿਆਰਪੁਰ ਦੇ ਤਲਵਾੜਾ (ਸਿਰਫ ਲੜਕੀਆਂ ਲਈ) ਵਿਖੇ ਖੋਲੇ ਗਏ ਹਨ। ਇਨ੍ਹਾਂ ਸਕੂਲਾਂ ਵਿੱਚ ਮੁਫਤ ਵਿੱਦਿਆ, ਰਿਹਾਇਸ਼ ਅਤੇ ਖਾਣ ਪੀਣ ਦਾ ਪ੍ਰਬੰਧ ਸਰਕਾਰ ਵੱਲੋ ਕੀਤਾ ਜਾਂਦਾ ਹੈ। ਇਨ੍ਹਾਂ ਸਕੂਲਾਂ ਵਿੱਚ ਜਮਾਤ 11ਵੀਂ ਦੇ ਦਾਖਲੇ ਲਈ 6 ਰੋਜਾ ਕੋਂਸਲਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਿਰੋਜਪੁਰ ਸ਼ਹਿਰ ਵਿਖੇ ਚਲ ਰਹੀ ਹੈ। ਕੋਂਸਲਿੰਗ ਦੇ ਤੀਜੇ ਦਿਨ 25 ਸਫਲ ਵਿਦਿਆਰਥੀਆਂ ਨੂੰ ਉੱਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ.) ਕਮ ਪ੍ਰਿੰਸੀਪਲ ਮੈਰੀਟੋਰੀਅਸ ਸਕੂਲ ਫਿਰੋਜਪੁਰ ਪ੍ਰਗਟ ਸਿੰਘ ਬਰਾੜ ਨੇ ਮੌਕੇ ਤੇ ਹੀ ਮਨਭਾਉਂਦੇ ਸਕੂਲਾਂ ਵਿੱਚ ਦਾਖਲਾ ਪੱਤਰ ਦਿੱਤੇ।ਇਨ੍ਹਾਂ ਵਿੱਚ 15 ਲੜਕੇ ਅਤੇ 10 ਲੜਕੀਆਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਅੱਜ ਤੀਜੇ ਦਿਨ 25 ਵਿਦਿਆਰਥੀਆਂ ਵਿੱਚੋ 2 ਵਿਦਿਆਰਥੀਆਂ ਨੇ ਅੰਮ੍ਰਿਤਸਰ, 17 ਨੇ ਫਿਰੋਜਪੁਰ, 2 ਨੇ ਗੁਰਦਾਸਪੁਰ, 1 ਨੇ ਜਲੰਧਰ ਅਤੇ 3 ਨੇ ਮੋਹਾਲੀ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਲਿਆ।
ਦਾਖਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਕੋਆਰਡੀਨੇਟਰ ਐਮ.ਆਈ.ਐਸ. ਪਵਨ ਮਦਾਨ ਨੇ ਦੱਸਿਆ ਕਿ ਪੰਜਾਬ ਦੇ 1524 ਲੜਕੇ ਅਤੇ 3253 ਲੜਕੀਆਂ ਸਮੇਤ 4777 ਵਿਦਿਆਰਥੀ ਵਿਭਾਗ ਵੱਲੋ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਵਾਸਤੇ ਲਈ ਗਈ ਪ੍ਰਵੇਸ਼ ਪ੍ਰੀਖਿਆ ਵਿੱਚੋ ਸਫਲ ਹੋ ਕੇ ਜਿਲ੍ਹਾ ਹੈੱਡਕੁਆਟਰਾਂ ਤੇ ਆਨਲਾਈਨ ਕੋਂਸਲਿੰਗ ਵਿੱਚ ਭਾਗ ਲੈ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਜਿਲ੍ਹਾ ਫਿਰੋਜਪੁਰ ਵਿੱਚ 41 ਲੜਕੇ ਅਤੇ 67 ਲੜਕੀਆਂ ਸਮੇਤ 108 ਵਿਦਿਆਰਥੀ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਤੀਜੇ ਦਿਨ ਦੀ ਕੋਂਸਲਿੰਗ ਉਪਰੰਤ ਲੜਕਿਆਂ ਦੀ ਦਾਖਲਾ ਪ੍ਰਕਿਰਿਆ ਖਤਮ ਹੋ ਗਈ ਹੈ ਜਦੋ ਕਿ ਲੜਕੀਆਂ ਦੀ ਦਾਖਲਾ ਪ੍ਰਕਿਰਿਆ ਅਜੇ ਕੁਝ ਦਿਨ ਹੋਰ ਚਲੇਗੀ। ਤਿੰਨ ਦਿਨ ਦੀ ਕੋਂਸਲਿੰਗ ਉਪਰੰਤ ਫਿਰੋਜਪੁਰ ਵਿੱਚ 38 ਲੜਕੇ ਅਤੇ 24 ਲੜਕੀਆਂ ਸਮੇਤ ਕੁੱਲ 62 ਵਿਦਿਆਰਥੀਆਂ ਨੇ ਪੰਜਾਬ ਦੇ ਵੱਖ ਵੱਖ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲਾ ਲਿਆ। ਦਾਖਲਾ ਪ੍ਰਕਿਰਿਆ ਦੀ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਦਾਖਲਾ ਪੂਰੀ ਪਾਰਦਰਸ਼ਤਾ ਨਾਲ ਪੰਜਾਬ ਦੇ ਸਾਰੇ ਮੈਰੀਟੋਰੀਅਸ ਸਕੂਲਾਂ ਵਿੱਚ ਖਾਲੀ ਸੀਟਾਂ ਆਨਲਾਈਨ ਦਿਖਾ ਕੇ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਅਪਣੀ ਮੈਰਿਟ ਅਨੁਸਾਰ ਮਨਭਾਉਦੇਂ ਸਕੂਲ ਵਿੱਚ ਦਾਖਲਾ ਲੈ ਸਕਣ ਅਤੇ ਉਨ੍ਹਾਂ ਨੂੰ ਮੌਕੇ ਤੇ ਹੀ ਆਫਰ/ਦਾਖਲਾ ਪੱਤਰ ਦਿੱਤੇ ਜਾ ਰਹੇ ਹਨ।ਇਸ ਮੌਕੇ ਐਮ.ਆਈ.ਐਸ. ਕੋਆਰਡੀਨੇਟਰ ਸੰਦੀਪ ਕੁਮਾਰ, ਜਸਵਿੰਦਰ ਸਿੰਘ ਅਤੇ ਮੈਰੀਟੋਰੀਅਸ ਸਕੂਲ ਫਿਰੋਜਪੁਰ ਤੋ ਮੈਡਮ ਸ਼ਾਇਨਾ ਅਤੇ ਮਨਦੀਪ ਕੌਰ ਹਾਜ਼ਰ ਸਨ।