ਚੰਡੀਗੜ, 10 ਜੂਨ 2018 – ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਵਾਈਸ ਚਾਂਸਲਰ ਪ੍ਰੋ. ਅਰੁਣ ਗਰੋਵਰ ਲਈ ਅੱਜ ਦਾ ਦਿਨ ਕੁੱਝ ਜ਼ਿਆਦਾ ਹੀ ਗਰਮ ਰਿਹਾ। ਉਨਾਂ ਵੱਲੋਂ ਸੱਦੀ ਗਈ ਸਿੰਡੀਕੇਟ ਮੀਟਿੰਗ ਤੋਂ ਮੈਂਬਰਾਂ ਵੱਲੋਂ ਕਿਨਾਰਾ ਕਰ ਜਾਣ ਕਾਰਨ ਅੱਜ ਮੀਟਿੰਗ ਨਾ ਹੋ ਸਕੀ। ਇਕ ਸੀਨੀਅਰ ਸੈਨੇਟ ਮੈਂਬਰ ਨੇ 'ਬਾਬੂਸ਼ਾਹੀ' ਨੂੰ ਦੱਸਿਆ ਕਿ 15 'ਚੋਂ 11 ਸਿੰਡੀਕੇਟ ਮੈਂਬਰਾਂ ਨੇ ਵੀ.ਸੀ. ਨੂੰ ਪਹਿਲਾਂ ਹੀ ਆਖ ਦਿੱਤਾ ਸੀ ਕਿ ਗਰਮ ਰੁੱਤ ਦੀਆਂ ਛੁੱਟੀਆਂ ਹੋਣ ਕਾਰਨ ਉਹ ਸਾਰੇ ਆਪਣੇ ਰੁਝੇਵਿਆਂ ਵਿਚ ਹਨ ਅਤੇ ਵੈਸੇ ਵੀ ਜੂਨ ਮਹੀਨੇ ਕਦੇ ਸਿੰਡੀਕੇਟ ਬੈਠਕ ਨਹੀਂ ਹੁੰਦੀ, ਪ੍ਰੰਤੂ ਵੀ.ਸੀ. ਨੇ ਮਨਮਰਜ਼ੀ ਕਰਦਿਆਂ ਬੈਠਕ ਬੁਲਾ ਲਈ। ਸੂਤਰਾਂ ਅਨੁਸਾਰ ਵਾਈਸ ਚਾਂਸਲਰ ਵਜੋਂ ਪ੍ਰੋ. ਅਰੁਣ ਗਰੋਵਰ ਦਾ ਕਾਰਜਕਾਲ ਅਗਲੇ ਮਹੀਨੇ ਸਮਾਪਤ ਹੋ ਰਿਹਾ ਹੈ, ਇਸ ਲਈ ਉਹ ਅੱਜ ਦੀ ਬੈਠਕ 'ਚ ਕੁੱਝ ਖਾਸ ਏਜੰਡਿਆਂ 'ਤੇ ਮੋਹਰ ਲਵਾਉਣਾ ਚਾਹੁੰਦੇ ਸਨ, ਪ੍ਰੰਤੂ ਮੈਂਬਰਾਂ ਦੀ ਗੈਰ ਮੌਜੂਦਗੀ ਕਾਰਨ ਬਣਦਾ ਕੋਰਮ ਪੂਰਾ ਨਹੀਂ ਹੋਇਆ ਅਤੇ ਬੈਠਕ ਨਾ ਹੋ ਸਕੀ। ਓਧਰ, ਯੂਨੀਵਰਸਿਟੀ ਦੇ ਡੀ.ਪੀ.ਆਰ. ਵੱਲੋਂ ਜਾਰੀ ਪ੍ਰੈੱਸ ਨੋਟ 'ਚ ਕਿਹਾ ਗਿਆ ਹੈ ਕਿ ਸਿੰਡੀਕੇਟ ਬੈਠਕ ਵਿਚ 5 ਮੈਂਬਰ ਪਹੁੰਚ ਗਏ ਸਨ ਅਤੇ ਕੋਰਮ ਲਈ 5 ਮੈਂਬਰ ਹੋਣੇ ਜ਼ਰੂਰੀ ਹੁੰਦੇ ਹਨ, ਪ੍ਰੰਤੂ ਉਨਾਂ 'ਚੋਂ ਇਕ ਮੈਂਬਰ ਨੇ ਵੀ.ਸੀ. ਨੂੰ ਬੇਨਤੀ ਕੀਤੀ ਕਿ ਬੈਠਕ ਦੇ ਏਜੰਡਿਆਂ 'ਤੇ ਮੋਹਰ ਲਈ ਵਧੇਰੇ ਮੈਂਬਰਾਂ ਦਾ ਹੋਣਾ ਜ਼ਰੂਰੀ ਹੈ, ਇਸ ਲਈ ਵੀ.ਸੀ. ਨੇ ਇਹ ਬੈਠਕ 7 ਜੁਲਾਈ 'ਤੇ ਪਾ ਦਿੱਤੀ ਹੈ।