ਸਰਕਾਰੀ ਸਕੂਲਾਂ ਵਿਚ ਲਗਾਏ ਸਮਰ ਕੈਂਪਾਂ ਦੀਆਂ ਮੂੰਹ ਬੋਲਦੀਆਂ ਤਸਵੀਰਾਂ
ਫ਼ਿਰੋਜ਼ਪੁਰ 2 ਜੂਨ (ਗੁਰਿੰਦਰ ਸਿੰਘ) ਸਰਕਾਰੀ ਸਕੂਲਾਂ ਅੰਦਰ ਪੜ੍ਹੋ ਪੰਜਾਬ ਪੜ੍ਹਾਓ-ਪੰਜਾਬ ਤਹਿਤ ਜੂਨ ਦੀਆਂ ਛੁੱਟੀਆਂ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਅਤੇ ਬਚਪਨ ਦਾ ਆਨੰਦ ਮਾਨਣ ਲਈ ਜ਼ਿਲ੍ਹੇ ਦੇ 111 ਸਕੂਲਾਂ ਵਿੱਚ ਸਮਰ ਕੈਂਪ ਆਯੋਜਨ ਕੀਤੇ ਗਏ ।ਇਨ੍ਹਾਂ ਕੈਂਪਾਂ ਤਹਿਤ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਖੇਡਾਂ ਰਾਹੀਂ ਆਨੰਦਮਈ ਮਾਹੌਲ 'ਚ ਸਿੱਖਿਆ ਪ੍ਰਦਾਨ ਕੀਤੀ ਗਈ। ਜਿੱਥੇ ਸਰਕਾਰੀ ਅਧਿਆਪਕਾਂ ਨੇ ਆਪਣੇ ਬਚਪਨ ਨੂੰ ਮੁੜ ਤੋਂ ਯਾਦ ਕੀਤਾ ਉੱਥੇ ਉਨ੍ਹਾਂ ਵਿਦਿਆਰਥੀਆਂ ਨੂੰ ਵਿਰਾਸਤੀ ਖੇਡਾਂ,ਆਧੁਨਿਕ ਤਕਨੀਕਾਂ, ਚਿੱਤਰਕਾਰੀ, ਕਲੇਅ ਮਾਡਲਿੰਗ, ਨੈਤਿਕ ਕਦਰਾਂ-ਕੀਮਤਾਂ,ਸਰੀਰਕ ਕਸਰਤ ਆਦਿ ਵਰਗੇ ਗੁਣਾਂ ਨੂੰ ਪੈਦਾ ਕਰਨ ਦਾ ਯਤਨ ਕੀਤਾ ।
ਇਸ ਮੌੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਦੀਪ ਸ਼ਰਮਾ ਨੇ ਅਧਿਆਪਕ ਸਾਥੀਆਂ ਨੂੰ ਸਮਰ ਕੈਂਪਾਂ ਦੇ ਆਗਾਜ਼ ਕਰਨ ਨੂੰ ਕਾਬਲੇ ਤਾਰੀਫ ਦੱਸਿਆ ਅਤੇ ਇਸ ਸੁਚੱਜੇ ਕੰਮ ਨੂੰ ਚਲਾਉਂਦੇ ਹੋਏ ਸਭ ਅਧਿਆਪਕ ਜਗਤ ਨੂੰ ਵਧਾਈ ਦਿੱਤੀ। ਇਸ ਮੌਕੇ ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਪ੍ਰਾਜੈਕਟ ਦੇ ਜ਼ਿਲ੍ਹਾ ਕੋਆਰਡੀਨੇਟਰ ਮਹਿੰਦਰ ਸਿੰਘ ਸ਼ੈਲੀ ਨੇ ਸਮਰ ਕੈਂਪ ਲਗਾ ਰਹੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਜਜ਼ਬੇ ਨੂੰ ਸਲਾਮ ਕਰਦਿਅਾਂ ਅਧਿਆਪਕਾਂ ਵੱਲੋਂ ਲਗਾਏ ਜਾ ਰਹੇ ਕੈਂਪਾਂ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਅਧਿਆਪਕ ਸਮਾਜ ਦੀ ਰੀੜ ਦੀ ਹੱਡੀ ਹੁੰਦੇ ਹਨ, ਅਧਿਆਪਕ ਭਵਿੱਖ ਦੇ ਨਿਰਮਾਤਾ ਹੁੰਦੇ ਹਨ ਅਤੇ ਸਮਾਜ ਨੂੰ ਨਿਰੋਆ ਅਤੇ ਤੰਦਰੁਸਤ ਬਣਾਉਣ ਵਿੱਚ ਇਨ੍ਹਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਅੰਤ ਵਿੱਚ ਮਹਿੰਦਰ ਸਿੰਘ ਸ਼ੈਲੀ ਨੇ ਸਮਰ ਕੈਂਪ ਲਗਾ ਰਹੇ ਵਿਦਿਆਰਥੀ ਅਤੇ ਅਧਿਆਪਕਾਂ ਨੂੰ 'ਹਰ ਇੱਕ ਮਨੁੱਖ, ਲਾਵੇ ਇੱਕ ਰੁੱਖ ' ਦਾ ਨਾਅਰਾ ਦਿੰਦਿਆਂ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਨ ਨੂੰ ਸੁੰਦਰ ਅਤੇ ਸ਼ੁੱਧ ਬਣਾਉਣ ਲਈ ਵੱਧ ਤੋਂ ਵੱਧ ਫੁੱਲਦਾਰ ਫਲਦਾਰ ਅਤੇ ਛਾਂ ਵਾਲੇ ਬੂਟੇ ਵੀ ਲਗਾਏ ਜਾਣ ।