ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਮਾਰਚ 2018 ਪਰੀਖਿਆਵਾਂ 'ਚੋਂ ਅੱਵਲ ਰਹੇ ਵਿਦਿਆਰਥੀ (ਖੱਬੇ ਤੋਂ ਸੱਜੇ) ਸ਼੍ਰੇਆ, ਗੁਰਪ੍ਰੀਤ ਸਿੰਘ, ਪੂਜਾ ਜੋਸ਼ੀ, ਪੁਸ਼ਪਿੰਦਰ ਕੌਰ, ਪ੍ਰਾਚੀ ਗੌੜ, ਸੰਦੀਪ ਕੌਰ, ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ, ਵਾਇਸ ਚੇਅਰਮੈਨ ਸ੍ਰੀ ਪ੍ਰਸ਼ਾਂਤ ਕੁਮਾਰ ਗੋਇਲ ਨਾਲ|
ਐਸ.ਏ.ਐਸ. ਨਗਰ 18 ਮਈ 2018: ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਦਸਵੀਂ,ਬਾਰ੍ਹਵੀਂ ਦੀਆਂ ਮਾਰਚ 2018 'ਚ ਹੋਈਆਂ ਪਰੀਖਿਆਵਾਂ ਨੂੰ ਹੋਰ ਸੁਚਾਰੂ ਬਣਾਉਣ ਲਈ ਅਤੇ ਇਹਨਾਂ ਪਰੀਖਿਆਂਵਾਂ 'ਚ ਹੋਰ ਸੁਧਾਰ ਲਿਆਉਣ ਲਈ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਵਿਖੇ ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ ਦੀ ਪ੍ਰਧਾਨਗੀ ਅਧੀਨ ਇਹਨਾਂ ਪਰੀਖਿਆਵਾਂ 'ਚ ਅੱਵਲ ਰਹੇ ਪਰੀਖਿਆਰਥੀਆਂ, ਜ਼ਿਲ੍ਹਾ ਸਿੱਖਿਆ ਅਫ਼ਸਰਾਂ , ਵਿੱਦਿਅਕ ਮਾਹਿਰਾਂ, ਅਫਿਲੀਏਟਿਡ ਅਤੇ ਐਸੋਸੀਏਟਿਡ ਸਕੂਲ ਜਥੇਬੰਦੀਆਂ ਦੇ ਨੁਮਾਇੰਦਿਆਂ, ਮਾਪਿਆਂ, ਅਧਿਆਪਕਾਂ ਅਤੇ ਟਰੱਕ ਯੂਨੀਅਨ ਦੇ ਨੁਮਾਇੰਦਿਆਂ ਤੋਂ ਇਲਾਵਾ ਬੋਰਡ ਦੀਆਂ ਸੰਬੰਧਿਤ ਸ਼ਾਖਾਵਾਂ ਦੇ ਮੁਖੀਆਂ ਨੇ ਇਸ ਮੀਟਿੰਗ ਵਿੱਚ ਭਾਗ ਲਿਆ|
ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ ਨੇ ਅਗਾਮੀ ਪਰੀਖਿਆਵਾਂ 'ਚ ਪਿਛਲੀ ਖ਼ਾਮੀਆਂ ਦੂਰ ਕਰਨ ਅਤੇ ਸੁਧਾਰਾਂ ਸੰਬੰਧੀ ਹੋਰ ਕਦਮ ਚੁੱਕੇ ਜਾਣ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰੀਖਿਆ ਦੌਰਾਨ ਪਰੀਖਿਆਰਥੀਆਂ ਨੂੰ ਪਰੀਖਿਆ ਹਾਲ ਵਿੱਚ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਾਉਣ, ਉੱਤਰ ਪੱਤਰੀ ਦੇ ਘੱਟ ਪੰਨਿਆ ਦੀ ਸਮੱਸਿਆ ਦੂਰ ਕਰਨ, ਸਟਰੀਮ ਵਾਈਜ਼ ਬਾਰ੍ਹਵੀਂ ਦੀ ਵੱਖ-ਵੱਖ ਰੈਂਕਿੰਗ ਤਿਆਰ ਕਰਨ, ਅਹਿਮ ਪੇਪਰਾਂ ਤੋਂ ਪਹਿਲਾਂ ਇੱਕ ਦੋ ਛੁੱਟੀਆਂ ਹੋਣ,ਓ.ਐਮ.ਆਰ, ਸ਼ੀਟਾਂ ਭਰਨ ਦੀ ਪਹਿਲਾਂ ਜਾਣਕਾਰੀ ਦੇਣ, ਸੀ.ਬੀ.ਐਸ.ਈ. ਪੈਟਰਨ 'ਤੇ ਪ੍ਰਸ਼ਨ ਪੱਤਰ ਤਿਆਰ ਕਰਨ, ਪੇਪਰਾਂ ਦਾ ਸਮਾਂ 10 ਦੀ ਬਜਾਏ 9 ਵਜੇ ਸ਼ੁਰੂ ਕਰਨ, ਪੇਪਰ ਮਾਰਕਿੰਗ ਸਮੇਂ ਬੋਰਡ ਦੀਆਂ ਹਿਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ, ਬੱਚਿਆਂ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕਰਨ, ਸਾਫ਼ ਸੁਥਰਾ ਤੇ ਸ਼ਾਂਤਮਈ ਤੇ ਭੈਅਮੁਕਤ ਵਾਤਾਵਰਣ ਦੇਣ, ਵਧੀਆ ਮਾਹੌਲ ਦੇਣ ਜਿਹੇ ਅਹਿਮ ਨੁਕਤਿਆਂ ਸਬੰਧੀ ਸਭ ਵੱਲੋਂ ਸਾਂਝੇ ਸੁਝਾਅ ਪੇਸ਼ ਕੀਤੇ ਗਏ|
ਬੋਰਡ ਚੇਅਰਮੈਨ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦੀ ਮੀਟਿੰਗ 'ਚ ਬਹੁਤ ਜ਼ਰੂਰੀ ਮਸਲਿਆਂ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ| ਉਹਨਾਂ ਦੱਸਿਆ ਕਿ ਬੋਰਡ ਵੱਲੋਂ ਇਸ ਵਾਰ ਨਕਲ ਰੋਕਣ ਲਈ ਕੀਤੇ ਗਏ ਸੁਚਾਰੂ ਇੰਤਜ਼ਾਮ ਕਰਕੇ ਨਕਲ ਰੋਕਣ 'ਚ ਹੋਰ ਵੱਡੀ ਸਫ਼ਲਤਾ ਮਿਲੀ ਹੈ ਤੇ ਤਰਨਤਾਰਨ ਖੇਤਰ 'ਚ ਨਕਲ ਦੇ ਗੜ੍ਹ ਨੂੰ ਢਾਹ ਦਿੱਤਾ ਗਿਆ ਹੈ|
ਸ੍ਰੀ ਕਲੋਹੀਆ ਨੇ ਦੱਸਿਆ ਕਿ ਪ੍ਰੈਕਟੀਕਲ ਆਪਣੇ ਹੀ ਸਕੂਲਾਂ ਵੱਲੋਂ ਲਏ ਜਾਣ,ਪਰੀਖਿਆ ਕੇਂਦਰ ਦੂਰ ਨਾ ਬਣਾਏ ਜਾਣ, ਪੇਪਰ ਸ਼ੁਰੂ ਹੋਣ ਤੇ ਖਤਮ ਹੋਣ ਸਮੇਂ ਬੱਚਿਆਂ ਦੇ ਸਮੇਂ ਨੂੰ ਨਸ਼ਟ ਹੋਣ ਤੋਂ ਬਚਾਉਣ, ਸੰਬੰਧਿਤ ਵਿਸ਼ੇ ਦੇ ਅਧਿਆਪਕ ਤੋਂ ਹੀ ਪੇਪਰ ਦਾ ਮੁਲੰਕਣ ਕਰਵਾਉਣ, ਬੈਂਕਾਂ 'ਚ ਪੇਪਰ ਰੱਖਣ ਸਮੇਂ ਆਉਂਦੀਆਂ ਸਮੱਸਿਆਵਾਂ ਦੂਰ ਕਰਨ, ਫਲਾਈਂਗ ਸਟਾਫ ਦਾ ਰਵੱਈਆ ਦਰੁਸਤ ਕਰਨ, 75 ਦੀ ਥਾਂ 100 ਪੇਪਰਾਂ ਦਾ ਬੰਡਲ ਪੰਜ ਦਿਨਾਂ 'ਚ ਚੈੱਕ ਕਰਨ, ਪਰੀਖਿਆਵਾਂ ਨੂੰ ਹੋਰ ਉਸਾਰੂ ਅਤੇ ਸੁਚਾਰੂ ਬਣਾਉਣ ਲਈ ਕਮੇਟੀਆਂ ਦਾ ਗਠਨ ਕਰਨ, ਮੁਲੰਕਣ ਸਮੇਂ ਐਪ ਉੱਤੇ ਅਵਾਰਡ ਲਿਸਟ ਅਪਲੋਡ ਕਰਨ 'ਚ ਆਉਂਦੀ ਸਮੱਸਿਆ ਦੂਰ ਕਰਨ,ਦੁਰਾਡੇ ਕੇਦਰਾਂ 'ਤੇ ਪੇਪਰ ਚੈੱਕ ਕਰਨ ਜਾਣ ਦੀ ਡਿਊਟੀ ਨਾ ਲਗਾਉਣਾ,ਪ੍ਰਸ਼ਨ ਪੱਤਰ ਅਤੇ ਉੱਤਰ ਪੱਤਰੀਆਂ ਲੈ ਕੇ ਜਾਣ ਵਾਲੀਆਂ ਗੱਡੀਆਂ ਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਬੋਰਡ ਵੱਲੋਂ ਟਰੱਕਾਂ ਨੂੰ ਦਸਤਾਵੇਜ਼ ਮੁਹੱਈਆ ਕਰਵਾਉਣ ਦੇ ਨੁਕਤਿਆਂ 'ਤੇ ਗੰਭੀਰਤਾ ਨਾਲ ਵਿਚਾਰ ਕੀਤੀ ਗਈ|
ਅੱਜ ਦੀ ਮੀਟਿੰਗ ਵਿੱਚ ਸ਼੍ਰੇਆ ਟੌਪਰ ਦਸਵੀਂ ਸਪੋਰਟਸ ਕੈਟਾਗਿਰੀ, ਗੁਰਪ੍ਰੀਤ ਸਿੰਘ 10 ਵੀਂ ਟੌਪਰ ਅਕਾਦਮਿਕ, ਪੂਜਾ ਜੋਸ਼ੀ ਬਾਰ੍ਹਵੀਂ, ਪੁਸ਼ਪਿੰਦਰ ਕੌਰ ਬਾਰ੍ਹਵੀਂ, ਪ੍ਰਾਚੀ ਗੌੜ ਬਾਰ੍ਹਵੀਂ ਅਤੇ ਸੰਦੀਪ ਕੌਰ ਬਾਰ੍ਹਵੀਂ ਸ਼੍ਰੇਣੀ ਚੋਂ ਅੱਵਲ ਰਹੇ ਵਿਦਿਆਰਥੀ ਬੋਰਡ ਦੇ ਸੱਦੇ 'ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ|
ਬੋਰਡ ਚੇਅਰਮੈਨ ਵੱਲੋਂ ਉਪ੍ਰੋਕਤ ਸਮੱਸਿਆਵਾਂ ਨੂੰ ਜਲਦ ਦੂਰ ਕਰਨ ਦਾ ਭਰੋਸਾ ਦਿਵਾਇਆ ਗਿਆ| ਅੱਜ ਦੀ ਮੀਟਿੰਗ ਦੀ ਸਮੁੱਚੀ ਕਾਰਵਾਈ ਨੂੰ ਬੋਰਡ ਦੇ ਸਕੱਤਰ ਮੈਡਮ ਹਰਗੁਣਜੀਤ ਕੌਰ ਨੇ ਅੰਜਾਮ ਦਿੱਤਾ| ਬੋਰਡ ਦੇ ਵਾਈਸ ਚੇਅਰਮੈਨ ਕਮ ਡੀ.ਜੀ.ਐਸ.ਈ ਸ੍ਰੀ ਪ੍ਰਸ਼ਾਤ ਕੁਮਾਰ ਗੋਇਲ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ|