ਮਾਮਲਾ ਸਕੂਲ ਦੀ ਚੈਕਿੰਗ ਕਰਨ ਗਏ ਡੀਪੀਆਈ ਦੀ ਡਿਊਟੀ 'ਚ ਵਿਘਨ ਪਾਉਣ ਦਾ
ਗੁਰਿੰਦਰ ਸਿੰਘ
ਫਿਰੋਜ਼ਪੁਰ 19 ਅਪ੍ਰੈਲ, 2018 : ਡੀ ਪੀ ਆਈ (ਐਲੀਮੈਂਟਰੀ) ਪੰਜਾਬ ਇੰਦਰਜੀਤ ਸਿੰਘ ਵੱਲੋਂ ਬੀਤੇ ਕੱਲ੍ਹ ਫਿਰੋਜ਼ਪੁਰ ਦੇ ਵੱਖ ਵੱਖ ਸਕੂਲਾਂ ਦੀ ਚੈਕਿੰਗ ਕਰਨ ਦੌਰਾਨ ਫਿਰੋਜ਼ਪੁਰ ਦੇ ਪਿੰਡ ਬਾਜੀਦਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਚੈਕਿੰਗ ਕਰਨ ਵਾਸਤੇ ਪਹੁੰਚੇ, ਜਿਥੇ ਸਕੂਲ ਦੇ ਅਧਿਆਪਕਾਂ ਵੱਲੋਂ ਸਕੂਲੀ ਬੱਚਿਆਂ ਤੇ ਕੁੱਝ ਅਣਪਛਾਤੇ ਵਿਅਕਤੀਆਂ ਨੂੰ ਢਾਲ ਬਣਾ ਕੇ ਡਿਊਟੀ ਵਿਚ ਵਿਘਨ ਪਾਉਣ, ਧੱਕਾਮੁੱਕੀ ਕਰਨ ਅਤੇ ਡੀ ਪੀ ਆਈ ਸਮੇਤ ਸਮੁੱਚੀ ਟੀਮ ਨੂੰ ਸਕੂਲ ਅੰਦਰ ਬੰਦ ਕਰਨ ਦੇ ਦੋਸ਼ਾਂ ਤਹਿਤ ਥਾਣਾ ਕੁੱਲਗੜੀ ਪੁਲਿਸ ਨੇ ਅੱਧੀ ਦਰਜਨ ਅਧਿਆਪਕਾਂ ਤੋਂ ਇਲਾਵਾ 40/50 ਅਣਪਾਛਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਡੀ ਪੀ ਆਈ (ਐਲੀਮੈਂਟਰੀ) ਇੰਦਰਜੀਤ ਸਿੰਘ ਨੇ ਦੱਸਿਆ ਕਿ 18 ਅਪ੍ਰੈਲ ਨੂੰ ਉਹਨਾਂ ਦੀ ਅਗਵਾਈ ਹੇਠ ਇੱਕ ਟੀਮ ਜਦੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਘੱਲ ਖੁਰਦ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਬਾਜੀਦਪੁਰ ਦੀ ਚੈਕਿੰਗ ਕਰਨ ਗਏ, ਜਿਥੇ ਚੈਕਿੰਗ ਦੌਰਾਨ ਹਾਜ਼ਰੀ ਰਜਿਸਟਰ ਵਿਚ ਆਨੰਦਪ੍ਰੀਤ ਕੌਰ ਈਟੀਟੀ ਅਧਿਆਪਕ ਦੀ ਹਾਜ਼ਰੀ ਖਾਲੀ ਛੱਡੀ ਹੋਣ ਕਰਕੇ ਪੁੱਛਣ 'ਤੇ ਸਕੂਲ ਦੀ ਮੁੱਖ ਅਧਿਅਪਾਕਾਂ ਨੇ ਤਸੱਲੀਬਖਸ਼ ਜਵਾਬ ਨਾ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਉਹ ਸਕੂਲ ਦੇ ਵਿਜ਼ਿਟਰ ਰਜਿਸਟਰ ਵਿੱਚ ਅੰਕਿਤ ਕਰ ਰਹੇ ਸਨ ਤਾਂ ਇਸ ਦੌਰਾਨ ਸਕੂਲ ਹੈੱਡ ਟੀਚਰ ਦਲਜੀਤ ਕੌਰ, ਅਨੁਰਾਧਾ ਈਟੀਟੀ ਅਧਿਆਪਕ, ਮਮਤਾ ਸ਼ਰਮਾ ਈਟੀਟੀ ਅਧਿਆਪਕ, ਨੀਲਮ ਬਾਲਾ ਅਤੇ ਵਿਜੈ ਲਕਸ਼ਮੀ ਨੇ ਉਨ੍ਹਾਂ ਦੀ ਡਿਊਟੀ ਵਿਚ ਵਿਘਨ ਪਾਇਆ ਅਤੇ ਫੋਨ ਕਰਕੇ ਬਾਹਰੋਂ 40/50 ਹੋਰ ਵਿਅਕਤੀ ਸਕੂਲ ਵਿਖੇ ਸੱਦ ਕੇ ਉਨ੍ਹਾਂ ਤੇ ਟੀਮ ਨਾਲ ਧੱਕਾਮੁੱਕੀ ਕੀਤੀ ਅਤੇ ਸਕੂਲ ਦੇ ਗੇਟ ਅੱਗੇ ਵਿਦਿਆਰਥੀਆਂ ਨੂੰ ਬਿਠਾ ਕੇ ਕੁਝ ਸਮਾਂ ਸਕੂਲ ਵਿਚ ਰੋਕੀ ਰੱਖਿਆ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਡੀ ਪੀ ਆਈ (ਐਲੀਮੈਂਟਰੀ) ਪੰਜਾਬ ਇੰਦਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਸਰਕਾਰੀ ਪ੍ਰਾਇਮਰੀ ਸਕੂਲ ਬਜੀਦਪੁਰ ਦੀ ਹੈੱਡ ਟੀਚਰ ਦਲਜੀਤ ਕੌਰ, ਅਨੁਰਾਧਾ ਈਟੀਟੀ ਅਧਿਆਪਕ, ਮਮਤਾ ਸ਼ਰਮਾ ਈਟੀਟੀ ਅਧਿਆਪਕ, ਨੀਲਮ ਬਾਲਾ ਅਤੇ ਵਿਜੈ ਲਕਸ਼ਮੀ ਤੋਂ ਇਲਾਵਾ 40/50 ਅਣਪਛਾਤੇ ਲੋਕਾਂ ਖਿਲਾਫ ਧਾਰਾ 353, 186, 506, 420, 341, 342, 149 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।