← Go Back
ਐੱਸ.ਏ.ਐੱਸ ਨਗਰ 03 ਅਪ੍ਰੈਲ 2018: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੋਰਡ ਦੇ ਪ੍ਰਕਾਸ਼ਨ ਅਧੀਨ ਛਪਦੀਆਂ ਪਾਠ ਪੁਸਤਕਾਂ ਦੀ ਵਿਕਰੀ ਵਧਾਉਣ ਲਈ ਅਤੇ ਨਿੱਜੀ ਪ੍ਰਕਾਸ਼ਨਾਂ ਵੱਲੋਂ ਬੋਰਡ ਦੇ ਮਾਅਰਕੇ ਹੇਠ ਛਾਪੀਆਂ ਜਾਂਦੀਆਂ ਪਾਠ ਪੁਸਤਕਾਂ ਦੇ ਜਾਅਲਸਾਜ਼ੀ ਧੰਦੇ ਨੂੰ ਨੱਥ ਪਾਉਣ ਲਈ ਬੋਰਡ ਨੇ ਕਮਰ ਕੱਸ ਲਈ ਹੈ| ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ੍ਰੀ ਮਨੋਹਰ ਕਾਂਤ ਕਲੋਹੀਆ ਵੱਲੋਂ ਪ੍ਰੈੱਸ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਹੈ ਕਿ ਜਿਵੇਂ ਐਫੀਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ ਵਾਸਤੇ ਬੋਰਡ ਨੇ ਨਿਯਮ ਬਣਾਏ ਹਨ ਕਿ ਉਹ 90% ਬੋਰਡ ਦੀਆਂ ਪ੍ਰਕਾਸ਼ਨ ਪਾਠ ਪੁਸਤਕਾਂ ਖਰੀਦਣਗੇ| ਉਹਨਾਂ ਦੱਸਿਆ ਕਿ ਉਹ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰਕਾਸ਼ਨ ਅਧੀਨ ਛਪਦੀਆਂ ਅਤੇ ਬੋਰਡ ਵੱਲੋਂ ਪ੍ਰਵਾਨਿਤ ਬੁੱਕ ਸੈਲਰਾਂ ਦੀਆਂ ਏਜੰਸੀਆਂ ਤੋਂ ਹੀ ਪਾਠ ਪੁਸਤਕਾਂ ਦੀ ਖਰੀਦ ਕਰਨ| ਬੋਰਡ ਚੇਅਰਮੈਨ ਨੇ ਕਿਹਾ ਕਿ ਅਜਿਹਾ ਕਰਕੇ ਜਿੱਥੇ ਉਹ ਬਾਜ਼ਾਰ 'ਚ ਵਿਕਦੀਆਂ ਜਾਅਲੀ ਪਾਠ ਪੁਸਤਕਾਂ ਤੋਂ ਅਤੇ ਵਿੱਤੀ ਨੁਕਸਾਨ ਤੋਂ ਬਚਣਗੇ ਉੱਥੇ ਹੀ ਇਸ ਤਰ੍ਹਾਂ ਕਰਨ ਨਾਲ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵਿੱਤੀ ਨੁਕਸਾਨ ਤੋਂ ਵੀ ਬਚਾਅ ਕਰਨਗੇ| ਕਿਸੇ ਵੀ ਕਿਸਮ ਦੀ ਜਾਅਲਸਾਜ਼ੀ ਨੂੰ ਕਰੜਾਈ ਨਾਲ ਨਿਪਟਿਆ ਜਾਵੇਗਾ ਅਤੇ ਜਾਅਲੀ ਕਿਤਾਬਾਂ ਛਾਪਣ ਅਤੇ ਵੇਚਣ ਵਾਲਿਆਂ ਨੂੰ ਨਾ ਕੇਵਲ ਬਲੈਕ ਲਿਸਟ ਕੀਤਾ ਜਾਵੇਗਾ ਬਲਕਿ ਪੁਖਤਾ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ| ਬੋਰਡ ਦੇ ਚੇਅਰਮੈਨ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵੀ ਬੋਰਡ ਵੱਲੋਂ ਛਪਦੀਆਂ ਪਾਠ ਪੁਸਤਕਾਂ ਦਾ ਪ੍ਰਚਾਰ ਕਰਨਾ ਬਣਦਾ ਹੈ| ਉਹਨਾਂ ਕਿਹਾ ਸਰਕਾਰੀ ਸਕੂਲਾਂ ਦੇ ਜਿਹੜੇ ਵਿਦਿਆਰਥੀ ਜਾਂ ਅਧਿਆਪਕ ਜਾਅਲੀ ਕਿਤਾਬਾਂ ਬਾਰੇ ਸੂਚਨਾ ਬੋਰਡ ਨੂੰ ਦੇਣਗੇ, ਉਹਨਾਂ ਦੇ ਨਾਂ ਪਤੇ ਬੋਰਡ ਵੱਲੋਂ ਗੁਪਤ ਰੱਖੇ ਜਾਣਗੇ ਅਤੇ ਉਹਨਾਂ ਨੂੰ ਬੋਰਡ ਵੱਲੋਂ ਢੁੱਕਵੇਂ ਇਨਾਮ ਵੀ ਦਿੱਤੇ ਜਾਣਗੇ| ਨਿੱਜੀ ਪ੍ਰਕਾਸ਼ਨਾਂ ਵੱਲੋਂ ਜਾਅਲਸਾਜ਼ੀ ਕਰਦਿਆਂ ਬੋਰਡ ਦੀਆਂ ਪਾਠ ਪੁਸਤਕਾਂ ਨੂੰ ਧੋਖੇ ਨਾਲ ਛਾਪਣ ਵਾਲੇ ਪ੍ਰਕਾਸ਼ਕਾਂ ਨੂੰ ਬੋਰਡ ਚੇਅਰਮੈਨ ਵੱਲੋਂ ਸਖ਼ਤ ਤਾੜਨਾ ਕਰਦਿਆਂ ਕਿਹਾ ਗਿਆ ਹੈ ਕਿ ਉਹ ਜਾਅਲਸਾਜ਼ੀ ਤੋਂ ਬਾਜ਼ ਆਉਣ| ਉਹਨਾਂ ਵੱਲੋਂ ਇਸ ਸੰਬੰਧੀ ਕਾਨੂੰਨੀ ਧਾਰਾਵਾਂ ਦਾ ਡੂੰਘਾਈ ਨਾਲ ਅਧਿਐਨ ਕਰ ਲਿਆ ਗਿਆ ਹੈ| ਉਹਨਾਂ ਕਿਹਾ ਅਜਿਹੇ ਪ੍ਰਕਾਸ਼ਕਾਂ ਵਿਰੁੱਧ ਬੋਰਡ ਵੱਲੋਂ ਸਖ਼ਤ ਕਨੂੰਨੀ ਕਾਰਵਾਈ ਕੀਤੀ ਜਾਵੇਗੀ| ਬੋਰਡ ਚੇਅਰਮੈਨ ਨੇ ਦੱਸਿਆ ਕਿ ਜਾਅਲੀ ਕਿਤਾਬਾਂ ਫੜਨ ਲਈ ਬੋਰਡ ਵੱਲੋਂ ਰਣਨੀਤੀ ਘੜੀ ਜਾ ਰਹੀ ਹੈ ਤੇ ਜਲਦੀ ਹੀ ਇਹ ਅਮਲ ਵਿੱਚ ਲਿਆਂਦੀ ਜਾਵੇਗੀ|
Total Responses : 267