ਸਾਡਾ ਨਵੇਕਲਾ ਸੂਬਾ ਪੰਜਾਬ ਅਤੇ ਇਸ ਦੇ ਰੌਚਿਕ ਅਤੇ ਅਨੋਖੇ ਵਜ਼ੀਰ ਜਿਹੜੇ ਪੋਸਟਿੰਗ ਆਰਡਰ ਕਰਨ ਲਈ ਟਾਸ -ਵਿਧੀ ਅਪਣਾਉਂਦੇ ਹਨ . ਅਚੰਭੇ ਵਾਲੀ ਘਟਨਾ ਜ਼ਰੂਰ ਹੈ ਪਰ ਹੈ ਇਹ ਸੱਚੀ . ਇਹ ਦਿਲਚਸਪ ਕਾਰਨਾਮਾ ਕੀਤਾ ਹੈ ਪਹਿਲਾਂ ਹੀ ਚਰਚਾ'ਚ ਰਹੇ ਮੰਤਰੀ ਚਰਨਜੀਤ ਚੰਨੀ ਨੇ . ਚੰਨੀ ਸਾਹਿਬ ਨੇ ਆਪਣੇ ਮਹਿਕਮੇ ਵਿਚ ਆਪਣੇ ਸਿਆਸੀ ਅਤੇ ਵਜ਼ਾਰਤੀ ਕੈਰੀਅਰ ਨੂੰ ਇੱਕ ਨਵਾਂ ਚੰਨ ਲਾਉਂਦਿਆਂ ਨਵੀਂ ਨੌਕਰੀ ਦੇ ਪੋਸਟਿੰਗ ਆਰਡਰ ਵੀ ਟਾਸ ਕਰ ਕੇ ਜਾਰੀ ਕੀਤੇ .
ਇਹ ਮੌਕਾ ਸੀ ਪੰਜਾਬ ਦੇ ਤਕਨੀਕੀ ਸਿੱਖਿਆ ਮਹਿਕਮੇ ਲਈ ਨਵੇਂ ਭਰਤੀ ਕੀਤੇ ਮਕੈਨੀਕਲ ਲੈਕਚਰਾਰਜ਼ ਨੂੰ ਪੋਸਟਿੰਗ ਦੇਣ ਦਾ . ਕੁੱਲ 37 ਜਣੇ ਸਨ . ਚੰਨੀ ਜੀ ਨੇ ਇਹ ਤਾਂ ਬਹੁਤ ਚੰਗੀ ਪਹਿਲਕਦਮੀ ਕੀਤੀ ਕਿ ਪੋਸਟਿੰਗ ਲਈ ਜਗਾ ਉਨ੍ਹਾਂ ਨੂੰ ਪੁੱਛ ਕੇ ਦੇਣੀ ਹੈ . ਬਾਕੀ ਸਭ ਨੂੰ ਤਾਂ ਪੋਸਟਿੰਗ ਲਈ ਸਟੇਸ਼ਨ ਦੇ ਦਿੱਤੇ ਗਏ ਪਰ ਪਾਲੀਟੈਕਨਿਕ ਬਰੇਟੇ ਦੀ ਪੋਸਟਿੰਗ ਲਈ ਦੋ ਲੈਕਚਰਾਰਜ਼ ਨੇ ਬਰਾਬਰ ਦਾਅਵਾ ਕਰ ਦਿੱਤਾ .
ਚੰਨੀ ਸਾਹਿਬ ਨੇ ਐਲਾਨ ਕੀਤਾ ਕਿ ਇਸ ਦਾ ਨਿਬੇੜਾ ਟਾਸ ਕਰ ਕੇ ਕੀਤਾ ਜਾਵੇਗਾ . ਉਨ੍ਹਾਂ ਇੱਕ ਸਿੱਕਾ ਲਿਆ , ਦੋਹਾਂ ਉਮੀਦਵਾਰਾਂ ਤੋਂ ਪੁੱਠ-ਚਿੱਤ ਦੀ ਚੋਣ ਪੁੱਛੀ . ਤੇ ਕੁਰਸੀ ਤੇ ਬੈਠਿਆਂ ਹੀ ਸਭ ਦੇ ਸਾਹਮਣੇ ਸਿੱਕਾ ਉਛਾਲਿਆ . ਹਥੇਲੀ ਤੇ ਰੱਖਿਆ ਤੇ ਜਿਸ ਦਾ ਪਾਸਾ ਉੱਪਰ ਆਇਆ ਉਸ ਨੂੰ ਬਰੇਟੇ ਦੇ ਆਰਡਰ ਦੇ ਦਿੱਤੇ .
ਚੰਨੀ ਵੱਲੋਂ ਸ਼ੁਰੂ ਕੀਤੀ ਗਈ ਇਸ ਨਵੀਂ ਸਰਕਾਰੀ ਵਿਧੀ ਦੀ ਵੀਡੀਓ ਵੀ ਨਸ਼ਰ ਹੋ ਗਈ . ਨਿਊਜ਼ 18 ਨੇ ਖ਼ਬਰ ਵੀ ਚਲਾ ਦਿੱਤੀ .
ਬਾਬੂਸ਼ਾਹੀ ਡਾਟ ਕਾਮ ਵੱਲੋਂ ਚੰਨੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਵਿਧੀ ਨੂੰ ਜਾਇਜ਼ ਠਹਿਰਾਇਆ . ਚੰਨੀ ਨੇ ਕਿਹਾ " ਮੈਂ ਕੋਈ ਗ਼ਲਤ ਕੰਮ ਨਹੀਂ ਕੀਤਾ . ਇੱਕ ਪੋਸਟ ਲਈ ਦੋ ਇੱਕੋ ਜਿਹੇ ਦੋ ਦਾਅਵੇਦਾਰ ਹੋ ਗਏ ਸਨ ਤਾਂ ਮੈਂ ਫ਼ੈਸਲਾ ਟਾਸ ਕਰ ਕੇ ਕਰ ਦਿੱਤਾ . "
ਹੁਣ ਦੇਖਣਾ ਇਹ ਹੈ ਕਿ ਕੈਪਟਨ ਸਰਕਾਰ ਦੇ ਹੋ ਮਹਿਕਮਿਆਂ ਵਿਚ ਵੀ ਸਟੇਸ਼ਨ ਦੇਣ ਵੇਲੇ ਇਹ ਪੋਸਟਿੰਗ -ਵਿਧੀ
ਮਕਬੂਲ ਹੋਵੇਗੀ ਕਿ ਨਹੀਂ ?
ਵੈਸੇ ਚੰਨੀ ਹੋਰੀਂ ਰੌਣਕੀ ਵਜ਼ੀਰ ਹਨ, ਅਜਿਹੀ ਕੋਈ ਨਾ ਕੋਈ ਰੌਣਕੀ ਖ਼ਬਰ ਬਣਾਉਂਦੇ ਹੀ ਰਹਿੰਦੇ ਨੇ . ਉਹ ਪਹਿਲੀ ਵਾਰ ਚਰਚਾ ਵਿਚ ਨਹੀਂ ਆਏ . ਕਦੇ ਉਹ ਐਮ ਏ ਅਤੇ ਐਮ ਫਿਲ ਦੇ ਇਮਿਤਿਹਾਨਾਂ ਕਰ ਕੇ , ਕਦੇ ਹਾਥੀ ਦੀ ਸਵਾਰੀ ਕਰ ਕੇ ਅਤੇ ਕਦੇ ਆਪਣੀ ਸਰਕਾਰੀ ਕੋਠੀ ਅੱਗੇ ਮਨਮਰਜ਼ੀ ਦੀ ਸੜਕ ਦੀ ਉਸਾਰੀ ਕਰ ਕੇ ਮੀਡੀਆ ਦੀਆਂ ਖ਼ਬਰਾਂ ਵਿਚ ਹੀ ਰਹਿੰਦੇ ਨੇ .
ਅੰਗਰੇਜ਼ੀ ਵਿਚ ਪੜ੍ਹਨ ਲਈ ਕਲਿੱਕ ਕਰੋ :
http://www.babushahi.com/view-news.php?id=69362&headline=When-Punjab-minister-decided-posting-order-by-tossing-coin