ਖ਼ਾਲਸਾ ਕਾਲਜ ਵਿਖੇ ਵਿਸ਼ੇਸ਼ ਭਾਸ਼ਣ ਦੌਰਾਨ ਮੰਚ 'ਤੇ ਬੈਠੇ ਵਿਖਾਈ ਦੇ ਰਹੇ ਹਨ ਪ੍ਰੋਫੈਸਰ ਵਿਟਿਸ ਕਿਊਬਰੀ ਨਾਸਕ ਨਾਲ ਪ੍ਰਿੰਸੀਪਲ ਡਾ. ਮਹਿਲ ਸਿੰਘ ਤੇ ਹੋਰ। ਅਤੇ ਹੋਰ ਵੱਖ-ਵੱਖ ਦ੍ਰਿਸ਼।
ਅੰਮ੍ਰਿਤਸਰ, 2 ਫ਼ਰਵਰੀ 2018 :
ਖਾਲਸਾ ਕਾਲਜ ਦੇ ਪੋਲੀਟੀਕਲ ਸਾਇੰਸ ਅਤੇ ਪਬਲਿਕ ਐਡਮਨਿਸਟ੍ਰੇਸ਼ਨ ਦੇ ਪੋਸਟ ਗ੍ਰੈਜੂਏਟ ਵਿਭਾਗ ਵੱਲੋਂ 'ਬਹੁ ਸੱਭਿਆਚਾਰਕ' ਵਿਸ਼ੇ 'ਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਭਾਸ਼ਣ 'ਚ ਮੁੱਖ ਮਹਿਮਾਨ ਵਜੋਂ ਲਿਥੁਆਨੀਆ ਦੇ ਪ੍ਰਸਿੱਧ ਸਮਾਜਿਕ-ਮਾਨਵ ਵਿਗਿਆਨੀ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ ਦੇ ਪ੍ਰੋਫੈਸਰ ਵਿਟਿਸ ਕਿਊਬਰੀ ਨਾਸਕ, ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ।
ਪ੍ਰੋ: ਨਾਸਕ ਜੋ ਕਿ ਵਰਤਮਾਨ 'ਚ ਪੰਜਾਬ ਵਿੱਚ ਪ੍ਰਵਾਸ ਦੀ ਪ੍ਰਕਿਰਿਆ ਦਾ ਅਧਿਐਨ ਕਰ ਰਹੇ ਹਨ, ਨੇ ਆਪਣੇ ਸੰਬੋਧਨੀ ਭਾਸ਼ਣ 'ਚ ਕਿਹਾ ਕਿ ਬਹੁ ਸੱਭਿਆਚਾਰਕ ਪਹਿਚਾਨਾਂ ਦੇ ਪ੍ਰਸੰਗ 'ਚ ਮਾਈਗ੍ਰੇਸ਼ਨ ਦਾ ਬਹੁਤ ਮਹੱਤਵ ਹੈ, ਕਿਉਂਕਿ ਨਸਲ ਅਤੇ ਰਾਸ਼ਟਰਵਾਦ ਬਾਰੇ ਅੱਜ ਵਿਸ਼ਵ 'ਚ ਨਵੀਂ ਬਹਿਸ ਛਿੜੀ ਹੈ। ਉਨ੍ਹਾਂ ਕਿਹਾ ਕਿ ਬਾਲਕਨ ਦੇਸ਼ਾਂ ਦੇ ਬਹੁ-ਸੱਭਿਆਚਾਰਕ ਪ੍ਰਭਾਵਾਂ ਦੇ ਸੋਵੀਅਤ ਯੁੱਗ ਅਤੇ ਬਾਅਦ 'ਚ ਅਲੱਗ ਅਲੱਗ ਅਸਰ ਵੇਖਣ ਨੂੰ ਮਿਲੇ ਹਨ। ਉਨ੍ਹਾਂ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬਹੁ ਸੱਭਿਆਚਾਰਵਾਦ ਅੱਜ ਇਕ ਹਕੀਕਤ ਹੈ ਅਤੇ ਇਸ ਦੀਆਂ ਰਾਜਨੀਤਿਕ ਤੰਦਾਂ ਵੱਖ ਵੱਖ ਹਨ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪ੍ਰੋ: ਕੁਲਦੀਪ ਸਿੰਘ, ਜੋ ਕਿ ਉਚੇਚੇ ਤੌਰ 'ਤੇ ਪੁੱਜੇ ਸਨ, ਨੇ ਇਸ ਮੁੱਦੇ 'ਤੇ ਬੋਲਦਿਆਂ ਵਿਦਿਆਰਥੀਆਂ ਨੂੰ ਮੌਜੂਦਾ ਸਮੇਂ 'ਚ ਭਾਰਤ 'ਚ ਬਹੁ-ਸੱਭਿਆਚਾਰ ਅਤੇ ਰਾਸ਼ਟਰਵਾਦ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਨਾ ਅਤਿ ਜਰੂਰੀ ਹੈ। ਕਿਉਂਕਿ ਇਸ ਨਾਲ ਵਿਦਿਆਰਥੀਆਂ ਦੇ ਗਿਆਨ 'ਚ ਵਾਧਾ ਹੋਣ ਦੇ ਨਾਲ ਨਾਲ ਤਜ਼ਰਬਾ ਵੀ ਵੱਧਦਾ ਹੈ। ਸਮਾਗਮ ਮੌਕੇ ਵਿਭਾਗ ਮੁੱਖੀ ਪ੍ਰੋ. ਜਸਪ੍ਰੀਤ ਕੌਰਨੇ ਮਹਿਮਾਨਾਂ ਨੂੰ ਵਿਦਿਆਰਥੀਆਂ ਦੇ ਰੂਬਰੂ ਕਰਵਾਉਂਦਿਆਂ ਸਵਾਲ ਜਵਾਬ ਵੀ ਕੀਤੇ, ਜਿਸ 'ਚ ਭਾਰਤ ਅਤੇ ਬਾਲਕਨ ਰਾਜਾਂ ਵਿਚਾਲੇ ਬਹੁ ਸੱਭਿਆਚਾਰਵਾਦ ਦੀ ਘਟਨਾ ਬਾਰੇ ਇਕ ਤੁਲਨਾ ਕੀਤੀ ਗਈ। ਜਿਸ ਨਾਲ ਉਨ੍ਹਾਂ ਨੂੰ ਇਸ ਮੁੱਦੇ 'ਤੇ ਵਿਸਥਾਰਪੂਰਵਕ ਗਿਆਨ ਪ੍ਰਾਪਤ ਹੋਇਆ।
ਸਮਾਗਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਪ੍ਰੋ: ਦਵਿੰਦਰ ਸਿੰਘ ਨੇ ਬਾਖੂਬੀ ਨਿਭਾਈ ਅਤੇ ਡਾ. ਸੁਖਜੀਤ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਤੋਂ ਇਲਾਵਾ ਰਾਜਨੀਤਕ ਵਿਗਿਆਨ ਵਿਭਾਗ ਦੇ ਫੈਕਲਟੀ ਮੈਂਬਰ ਅਤੇ ਕਾਲਜ ਦੇ ਹੋਰ ਵਿਭਾਗਾਂ ਦੇ ਫੈਕਲਟੀ ਮੈਂਬਰ ਤੇ ਵਿਦਿਆਰਥੀ ਮੌਜੂਦ ਸਨ।