ਬਰਨਾਲਾ, 22 ਜਨਵਰੀ 2018 :
ਐਸ.ਬੀ.ਆਈ ਆਰਸੈਟੀ ਬਰਨਾਲਾ ਦੇ ਡਾਇਰੈਕਟਰ ਸ਼੍ਰੀ ਸੱਤਪਾਲ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟੇਟ ਬੈਂਕ ਆਫ ਇੰਡੀਆ, ਪੇਂਡੂ ਸਵੈ ਰੁਜ਼ਗਾਰ ਸੰਸਥਾਨ, ਬਰਨਾਲਾ ਅਤੇ ਪੇਂਡੂ ਵਿਕਾਸ ਮੰਤਰਾਲੇ ਭਾਰਤ ਸਰਕਾਰ ਦੁਆਰਾ ਪਿਛਲੇ 8-9 ਸਾਲਾਂ ਤੋਂ ਸ਼ਹਿਰ ਬਰਨਾਲਾ ਵਿਖੇ ਸਫ਼ਲਤਾ ਪੂਰਵਕ ਚਲਾਏ ਜਾ ਰਹੇ ਇੰਸਟੀਚਿਊਟ ਵਿੱਚ ਵੱਖ-ਵੱਖ ਕਿੱਤਿਆਂ ਦੀ ਮੁਫ਼ਤ ਟ੍ਰੇਨਿੰਗ ਕੋਰਸਾਂ ਦੀ ਸਿਲਖਾਈ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ।
ਇਸ ਸਮੇਂ ਇੰਸਟੀਚਿਊਟ ਵਿੱਚ ਵੂਮੈਨ ਟੇਲਰਜ ਅਤੇ ਪਿੰਡ ਭੱਠਲਾਂ ਵਿਖੇ ਵੂਮੈਨ ਟੇਲਰਜ ਦਾ ਕੋਰਸ ਚਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਇੰਸਟੀਚਿਊਟ ਵਿੱਚ ਪਿੰਡਾਂ ਦੇ ਬੀ.ਪੀ.ਐਲ ਪਰਿਵਾਰਾਂ ਦੇ ਲੜਕੇ-ਲੜਕੀਆਂ ਨੂੰ ਬਿਨ੍ਹਾਂ ਕਿਸੇ ਦਾਖ਼ਲਾ ਫ਼ੀਸ ਦੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਜਿੰਨਾਂ ਵਿੱਚੋਂ ਬਿਊਟੀ ਪਾਰਲਰ ਮੈਨੇਜਮੈਂਟ, ਡੇਅਰੀ ਫਾਰਮਿੰਗ, ਵੂਮੈਨ ਟੇਲਰਜ (ਲੜਕੀਆਂ ਲਈ), ਮੈਨਜ ਟੇਲਰ (ਲੜਕਿਆਂ ਲਈ) ਪਲੰਬਰ ਵਰਕਸ, ਮੋਬਾਇਲ ਰਿਪੇਅਰ, ਇਲੈਕਟ੍ਰੀਕਲ ਹਾਊਸ ਫਿਟਿੰਗ, ਕ੍ਰਿਸ਼ੀ ਉਦਮੀ (ਖੇਤੀਬਾੜੀ ਸਬੰਧਿਤ), ਆਚਾਰ-ਮਸਾਲਾ ਬਣਾਉਣਾ ਆਦਿ ਹੋਰ ਬਹੁਤ ਸਾਰੇ ਕੋਰਸਾਂ ਲਈ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਇੰਨ੍ਹਾਂ ਕੋਰਸਾਂ ਵਿੱਚ ਦਾਖਲਾ ਲੈਣ ਵਾਲੇ ਉਮੀਦਵਾਰਾਂ ਨੂੰ ਕੋਰਸ ਨਾਲ ਸਬੰਧਿਤ ਵਰਤੋਂ ਵਿੱਚ ਆਉਣ ਵਾਲਾ ਸਾਰਾ ਸਮਾਨ, ਦੁਪਹਿਰ ਦਾ ਖਾਣਾ ਅਤੇ ਦੋ ਟਾਇਮ ਦੀ ਚਾਹ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਜਾਂਦੀ ਹੈ। ਕੋਰਸ ਪੂਰਾ ਹੋਣ ਉਪਰੰਤ ਐਸ.ਬੀ.ਆਈ ਆਰਸੈਟੀ, ਬਰਨਾਲਾ ਵੱਲੋਂ ਟ੍ਰੇਨਿੰਗ ਲਏ ਗਏ ਕੋਰਸ ਦਾ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ ਜੋ ਕਿ ਪੇਂਡੂ ਵਿਕਾਸ ਮੰਤਰਾਲੇ ਅਤੇ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੋਵੇਗਾ।
ਸ਼੍ਰੀ ਸਤਪਾਲ ਗਰਗ ਨੇ ਕਿਹਾ ਕਿ ਜੋ ਉਮੀਦਵਾਰ ਆਪਣਾ ਕੰਮ ਉੱਚੇ ਪੱਧਰ ਤੇ ਚੁੱਕਣਾ ਚਾਹੁੰਦੇ ਹਨ, ਉਨ੍ਹਾਂ ਨੂੰ ਲੋਨ ਦੀ ਸੁਵਿਧਾ ਪ੍ਰਦਾਨ ਕਰਨ ਵਿੱਚ ਵੀ ਮਦਦ ਕੀਤੀ ਜਾਵੇਗੀ। ਉਨ੍ਹਾਂ ਚਾਹਵਾਨ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਬੇਰੁਜ਼ਗਾਰ ਉਮੀਦਵਾਰ ਆਪਣਾ ਨਾਮ ਆਰਸੈਟੀ ਦੇ ਦਫ਼ਤਰ ਵਿਖੇ, ਜੋ ਕਿ ਸਾਹਿਬਜਾਦਾ ਅਜੀਤ ਸਿੰਘ ਨਗਰ, ਗਲੀ ਨੰ: 2, ਸਾਹਮਣੇ ਨਵਾਂ ਬੱਸ ਸਟੈਂਡ ਬਰਨਾਲਾ ਵਿਖੇ ਦੇ ਸਕਦੇ ਹਨ।