ਚੰਡੀਗੜ੍ਹ, 14 ਨਵੰਬਰ 2017: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਦੇ ਖਿਡਾਰੀਆਂ ਦੀ ਸਖ਼ਤ ਮਿਹਨਤ ਰੋਜਾਨਾ ਕੋਈ ਨਾ ਕੋਈ ਨਵਾਂ ਕੀਰਤੀਮਾਨ ਸਥਾਪਤ ਕਰਦੀ ਵਿਖਾਈ ਦੇ ਰਹੀ ਹੈ ਜਿਸ ਦੀ ਬਦੌਲਤ ਸੀਜੀਸੀ ਲਾਂਡਰਾਂ ਦਾ ਨਾਮ ਧਰੂ ਤਾਰੇ ਵਾਂਗ ਚਮਕ ਰਿਹਾ ਹੈ। ਸੀਜੀਸੀ ਜਿਥੇ ਵੇਟ ਤੇ ਪਾਵਰ ਲਿਫ਼ਟਿੰਗ ਦੇ ਖੇਤਰ ਵਿਚ ਪਿਛਲੇ 8 ਸਾਲਾਂ ਤੋਂ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਚੈਂਪੀਅਨ ਹਨ ਉਥੇ ਟੇਬਲ ਟੈਨਿਸ, ਲਾਇਨ ਟੈਨਿਸ, ਬਾਸਕਿਟਬਾਲ, ਵਾਲੀਬਾਲ ਤੋਂ ਇਲਾਵਾ ਹੁਣ ਦਿਮਾਗੀ ਗੇਮ ਚੈਸ ’ਚ ਵੀ ਸੀਜੀਸੀ ਦੇ ਵਿਦਿਆਰਥੀਆਂ ਦਾ ਕੋਈ ਸਾਨੀ ਨਹੀਂ। ਸੀਜੀਸੀ ਦੇ ਖਿਡਾਰੀ ਜਿਥੇ ਅਗਲੇ ਮਹੀਨੇ ਹਿਮਾਚਲ ਪ੍ਰਦੇਸ਼ ਵਿਖੇ ਹੋਣ ਵਾਲੀ ਇੰਟਰ ਯੂਨੀਵਰਸਿਟੀ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਪੀਟੀਯੂ ਦੀ ਅਗਵਾਈ ਕਰਨਗੇ ਉਥੇ ਹੀ 10 ਤੋਂ 14 ਨਵੰਬਰ ਤਕ ਭੁਪਾਲ ਵਿਖੇ ਹੋਣ ਜਾ ਰਹੀ ਦਿਮਾਗੀ ਖੇਡ ‘ਚੈਸ’ ਦੀ ਚੈਂਪੀਅਨਸ਼ਿਪ ’ਚ ਵੀ ਸੀਜੀਸੀ ਲਾਂਡਰਾਂ ਦੀਆਂ ਖਿਡਾਰਨਾਂ ਹੀ ਪੀਟੀਯੂ ਦੀ ਪ੍ਰਤੀਨਿਧਤਾ ਕਰਨਗੀਆਂ।
ਸੀਜੀਸੀ ਲਾਂਡਰਾਂ ’ਚ ਈਸੀਈ ਦੀ ਦੂਜੇ ਸਾਲ ਦੀ ਵਿਦਿਆਰਥਣ ਅਨੀਮਾ ਅਤੇ ਸੀਐਸਈ ਦੀ ਦੂਜੇ ਸਾਲ ਦੀ ਵਿਦਿਆਰਥਣ ਪ੍ਰਿੰਸਦੀਪ ਨੇ ਦਸਿਆ ਕਿ ਜਲੰਧਰ ਵਿਖੇ ਆਈ.ਕੇ.ਜੀ.ਪੀ.ਟੀ.ਆਈ ਦੁਆਰਾ ਹਾਲ ਹੀ ਵਿਚ ਆਯੋਜਿਤ ਉੱਤਰੀ ਜ਼ੋਨ ਇੰਟਰ ਵਰਸਿਟੀ ਸ਼ਤਰੰਜ ਟੂਰਨਾਮੈਂਟ ’ਚ ਜਿਥੇ ਉਨ੍ਹਾਂ ਕਾਂਸੀ ਦਾ ਤਮਗਾ ਜਿਤਿਆ ਉਥੇ ਟੂਰਨਾਮੈਂਟ ਵਿਚ ਉਨ੍ਹਾਂ ਦੇ ਪਲੇਅ ਸਕੋਰਾਂ 'ਤੇ ਆਧਾਰਿਤ ਉਨ੍ਹਾਂ ਨੂੰ ਜੇਤੂ ਐਲਾਨਿਆ ਗਿਆ । ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਇਸ ਪ੍ਰਾਪਤੀ ’ਤੇ ਪੀਟੀਯੂ ਦੇ ਰਜਿਸਟਰਾਰ ਮਿਸ ਐਸ.ਐਸ. ਵਾਲੀਆ ਨੇ ਦੋਵਾਂ ਨੂੰ ਹੁਣ ਆਲ ਇੰਡੀਆ ਇੰਟਰ ਯੂਨੀਵਰਸਿਟੀ ਸ਼ਤਰੰਜ ਟੂਰਨਾਮੈਂਟ ਵਿਚ ਪੀਟੀਯੂ ਦੀ ਨੁਮਾਇੰਦਗੀ ਕਰਨ ਦੀ ਅਹਿਮ ਜਿੰਮੇਵਾਰੀ ਸੌਂਪੀ ਹੈ ਜੋ ਭੋਪਾਲ ਵਿਚ 10 ਤੋਂ 14 ਨਵੰਬਰ ਤਕ ਹੋਵੇਗੀ। ਇਥੇ ਜਿਕਰਯੋਗ ਹੈ ਕਿ ਅਨੀਮਾ 5 ਸਾਲ ਦੀ ਉਮਰ ਤੋਂ ਸ਼ਤਰੰਜ ਖੇਡ ਰਹੀ ਹੈ ਅਤੇ ਸੱਤ ਵਾਰ ਕੌਮੀ ਪੱਧਰ 'ਤੇ ਖੇਡ ਚੁਕੀ ਹੈ ਅਤੇ ਇਸੇ ਤਰ੍ਹਾਂ ਪ੍ਰਿੰਸਦੀਪ ਪੰਜਵੀਂ ਜਮਾਤ ਤੋਂ ਸ਼ਤਰੰਜ ਖੇਡ ਰਿਹਾ ਹੈ ਅਤੇ ਚਾਰ ਵਾਰ ਕੌਮੀ ਪੱਧਰ 'ਤੇ ਖੇਡ ਚੁਕਾ ਹੈ ।
ਸੀਜੀਸੀ ਦੇ ਚੈਸ ਖਿਡਾਰੀਆਂ ਦੀ ਇਸ ਵੱਡੀ ਪ੍ਰਾਪਤੀ ’ਤੇ ਬੋਲਦਿਆਂ ਸੀਜੀਸੀ ਦੇ ਚੇਅਰਮੈਨ ਸ. ਸਤਨਾਮ ਸਿੰਘ ਸੰਧੂ ਅਤੇ ਪ੍ਰੈਜੀਡੈਂਟ ਸ. ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਵਿਦਿਆਰਥੀ ਲਈ ਜਿੰਨੀ ਪੜ੍ਹਾਈ ਜ਼ਰੂਰੀ ਹੈ ਉਥੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਉਨਾ ਹੀ ਮਹੱਤਵ ਰੱਖਦੀਆਂ ਹਨ। ਜਿਥੇ ਖੇਡਾਂ ਨਾਲ ਵਿਦਿਆਰਥੀ ਜਿਸਮਾਨੀ ਤੌਰ ’ਤੇ ਤੰਦਰਸਤ ਰਹਿੰਦੇ ਹਨ ਉਥੇ ਚੈਸ ਵਰਗੀਆਂ ਦਿਮਾਗੀ ਖੇਡਾਂ ਨਾਲ ਵਿਦਿਆਰਥੀਆਂ ਦੇ ਬੌਧਿਕ ਗਿਆਨ ’ਚ ਵਾਧਾ ਹੋਣ ਨਾਲ ਮੁਕਾਬਲੇ ਦੇ ਯੁਗ ਵਿਚ ਨਵੇਂ ਪੈਤੜਿਆਂ ਦਾ ਵੀ ਗਿਆਨ ਮਿਲਦਾ ਹੈ।