ਲੁਧਿਆਣਾ, 11 ਅਗਸਤ, 2017 : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਅੱਜ ਨਾਸ ਦੇ ਲੁਧਿਆਣਾ ਚੈਪਟਰ ਦੇ ਅਧੀਨ ਡਾ. ਪੀ ਕੇ ਅਗਰਵਾਲ ਰਿਜ਼ਨਲ ਪ੍ਰੋਗਰਾਮ ਡਾਇਰੈਕਟਰ, ਸੀ ਜੀ ਆਈ ਏ ਆਰ ਦਾ ਭਾਸ਼ਣ 'ਖੇਤੀਬਾੜੀ ਵਿੱਚ ਜਲਵਾਯੂ ਸਮੱਸਿਆਵਾਂ ਦਾ ਸੰਚਾਲਨ : ਵੱਡਾ ਡਾਟਾ, ਨਵੀਆਂ ਰਾਹਾਂ' ਆਯੋਜਿਤ ਕੀਤਾ ਗਿਆ । ਇਸ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਡਾ ਐਸ ਐਸ ਕੁੱਕਲ ਡੀਨ ਕਾਲਜ ਐਗਰੀਕਲਚਰ ਨੇ ਡਾ ਅਗਰਵਾਲ ਦਾ ਰਸਮੀ ਸਵਾਗਤ ਕੀਤਾ ਤੇ ਉਹਨਾਂ ਬਾਰੇ ਚਾਨਣਾ ਪਾਇਆ ।
ਡਾ. ਅਗਰਵਾਲ ਦਾ ਜਨਮ 1954 ਵਿੱਚ ਨਵੀਂ ਦਿੱਲੀ ਵਿੱਚ ਹੋਇਆ ਅਤੇ ਉਹਨਾਂ ਨੇ ਬੀ ਐਸ ਸੀ 1973 ਵਿੱਚ ਦਿੱਲੀ ਵਿਖੇ ਕੀਤੀ । ਇਸ ਤੋਂ ਬਾਅਦ ਐਮ ਐਸ ਸੀ ਅਤੇ ਪੀ ਐਚ ਡੀ ਕ੍ਰਮਵਾਰ 1975 ਅਤੇ 1983 ਵਿੱਚ ਇੰਦੌਰ ਵਿਖੇ ਕੀਤੀ । ਬਾਅਦ ਵਿੱਚ ਉਹਨਾਂ ਨੇ ਸੰਨ 2000 ਵਿੱਚ ਨੀਂਦਰਲੈਂਡ ਤੋਂ ਦੁਬਾਰਾ ਪੀ ਐਚ ਡੀ ਦੀ ਵਿੱਦਿਆ ਹਾਸਲ ਕੀਤੀ । ਡਾ. ਅਗਰਵਾਲ 1999 ਤੋਂ 2003 ਤੱਕ ਨੈਸ਼ਨਲ ਫੈਲੋ ਰਹੇ ਅਤੇ 2002 ਤੋਂ 2007 ਤੱਕ ਆਈ ਏ ਆਰ ਆਈ ਵਿਖੇ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ।
ਡਾ. ਅਗਰਵਾਲ ਕਈ ਤਰ੍ਹਾਂ ਦੇ ਇਨਾਮਾਂ ਨਾਲ ਸਨਮਾਨਿਤ ਹਨ । ਅੱਜਕੱਲ ਡਾ. ਅਗਰਵਾਲ ਨਵੀਂ ਦਿੱਲੀ ਵਿਖੇ ਸਾਊਥ ਏਸ਼ੀਆ ਦੇ ਬਾਰਲੋਗ ਇੰਸਟੀਚਿਊਟ ਵਿਖੇ, ਸੀ ਜੀ ਆਈ ਏ ਆਰ ਦੇ ਰਿਜ਼ਨਲ ਪ੍ਰੋਗਰਾਮ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਜਲਵਾਯੂ ਪਰਿਵਰਤਨ ਦੀਆਂ ਨਵੀਆਂ ਚੁਣੌਤੀਆਂ ਬਾਰੇ ਦੱਸਦਿਆ ਕਿਹਾ ਕਿ ਮੌਸਮ ਸੰਬੰਧੀ ਚੁਣੌਤੀਆਂ ਵਿਸ਼ਵ ਭਰ ਵਿੱਚ ਸਮੇਂ ਦੇ ਨਾਲ-ਨਾਲ ਵਧ ਰਹੀਆਂ ਹਨ । ਉਹਨਾਂ ਨੇ ਦੱਸਿਆ ਕਿ ਜਲਵਾਯੂ ਪਰਿਵਰਤਨ ਨਾਲ ਜੁੜੇ ਹੋਏ ਖਤਰੇ ਦਿਨੋ-ਦਿਨ ਵਧ ਰਹੇ ਹਨ ਅਤੇ ਭਾਰਤ ਦੀ ਗਿਣਤੀ ਮੌਸਮ ਅਧਾਰਿਤ ਆਫ਼ਤਾਂ ਦੇ ਅੰਤਰਗਤ ਆਉਂਦੇ ਇਲਾਕਿਆਂ ਵਿੱਚੋਂ ਹੈ । ਉਹਨਾਂ ਇਹ ਵੀ ਕਿਹਾ ਕਿ ਇਹ ਆਫ਼ਤਾਂ ਵਿਸ਼ਵ ਪੱਧਰ ਤੇ ਅਨਾਜ ਨੂੰ ਪ੍ਰਭਾਵਿਤ ਕਰਕੇ 56 ਪ੍ਰਤੀਸ਼ਤ ਜਨਤਾ ਨੂੰ ਅਸਰ ਕਰ ਰਹੀਆਂ ਹਨ । ਇਹ ਚੀਜ਼ਾਂ ਦੱਖਣੀ ਏਸ਼ੀਆ ਵਿੱਚ ਬਹੁਤ ਜ਼ਿਆਦਾ ਪ੍ਰਚੱਲਤ ਹਨ ਜਿਸ ਕਰਕੇ ਭਾਰਤ ਮੱਧਮ ਦਰਜ਼ੇ ਦੇ ਅਸੁਰੱਖਿਅਤ ਭੋਜਨ ਕ੍ਰਮ ਵਿੱਚ ਦਰਜ਼ ਹੈ ਪਰ ਆਉਣ ਵਾਲੇ ਸਮੇਂ ਵਿੱਚ ਇਹ ਵੱਧ ਦਰਜ਼ੇ ਵਿੱਚ ਸ਼ਾਮਲ ਹੋ ਸਕਦਾ ਹੈ । ਉਹਨਾਂ ਕਿਹਾ ਕਿ ਭਾਰਤ ਵਿੱਚ ਖੁਦਕੁਸ਼ੀਆਂ ਵਧਣ ਦਾ ਇਕ ਕਾਰਨ ਇਹ ਵੀ ਹੈ। ਡਾ. ਅਗਰਵਾਲ ਨੇ ਇਹਨਾਂ ਆਫ਼ਤਾਂ ਤੋਂ ਬਚਾਅ ਲਈ ਕੁਝ ਸੁਝਾਅ ਵੀ ਸਾਂਝੇ ਕੀਤੇ । ਉਹਨਾਂ ਨੇ ਨਵੀਂ ਵਿਕਸਿਤ ਕੀਤੀ ਤਕਨੀਕ 'ਡਾਟਾ ਭੰਡਾਰ' ਬਾਰੇ ਸਰੋਤਿਆਂ ਨੂੰ ਜਾਣੂੰ ਕਰਵਾਇਆ । ਉਹਨਾਂ ਨੇ ਦੱਸਿਆ ਕਿ ਖੇਤੀਬਾੜੀ ਵਿੱਚ ਜਲਵਾਯੂ ਚੁਣੌਤੀਆਂ ਦੇ ਪ੍ਰਬੰਧਨ ਲਈ ਵੱਡੇ ਡਾਟੇ ਨੂੰ ਕਿਸ ਤਰ੍ਹਾਂ ਵਰਤਿਆ ਜਾ ਸਕਦਾ ਹੈ। ਫਿਰ ਉਹਨਾਂ ਨੇ ਵੱਖ-ਵੱਖ ਵਰਤੇ ਜਾਣ ਵਾਲੇ ਪਸਾਰ ਸਾਧਨਾਂ ਜਿਵੇਂ ਕਿ ਕੈਮਰਾ, ਮੋਬਾਈਲ ਫੋਨ, ਮਾਈਕ੍ਰੋਸੈਟੇਲਾਈਟ ਚਿੱਤਰ, ਸ਼ੋਸ਼ਲ ਮੀਡੀਆ ਆਦਿ ਬਾਰੇ ਵੀ ਵਿਚਾਰ ਕਰਦਿਆਂ ਉਹਨਾਂ ਨੇ ਦੱਸਿਆ ਕਿ ਕਿਵੇਂ ਵਿਕਸਿਤ ਦੇਸ਼ਾਂ ਵਿੱਚ ਸੈਟੇਲਾਈਟ ਚਿੱਤਰਾਂ ਨਾਲ ਕਣਕ ਵਿੱਚ ਨਾਈਟ੍ਰੋਜਨ ਦਬਾਅ ਨੂੰ ਜਾਂਚਿਆ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਖੇਤੀਬਾੜੀ ਵਿੱਚ ਨਵੇਂ ਅਵਸਰਾਂ ਨੂੰ ਪੜਤਾਲਿਆ ਜਾ ਸਕਦਾ ਹੈ ਅਤੇ ਅੰਤਰਰਾਸ਼ਟਰੀ ਪੱਧਰ ਤੇ ਖੇਤੀਬਾੜੀ ਖੋਜ ਨੂੰ ਪ੍ਰਫੁੱਲਤ ਕੀਤਾ ਜਾ ਸਕਦਾ ਹੈ । ਅਖੀਰ ਵਿੱਚ ਉਹਨਾਂ ਨੇ ਡਾਟਾ ਭੰਡਾਰ ਦੀ ਵਰਤੋਂ ਨਾਲ ਖੇਤੀਬਾੜੀ ਵਿੱਚ ਖੁਸ਼ਹਾਲੀ ਲਿਆਉਣ ਅਤੇ ਵੱਧ ਰਹੇ ਦਬਾਵਾਂ ਤੇ ਠੱਲ੍ਹ ਪਾਉਣ ਲਈ ਇੱਕਜੁਟ ਹੋ ਕੇ ਕੰਮ ਕਰਨ ਨੂੰ ਤਰਜੀਹ ਦਿੱਤੀ ।
ਭਾਸ਼ਣ ਦੇ ਅੰਤ ਵਿੱਚ ਡਾ. ਏ ਐਸ ਨੰਦਾ, ਵਾਈਸ ਚਾਂਲਸਰ, ਗਡਵਾਸੂ ਨੇ ਡਾ. ਅਗਰਵਾਲ ਨੂੰ ਮਮੈਂਟੋ ਦੇ ਕੇ ਸਨਮਾਨਿਤ ਕੀਤਾ ਅਤੇ ਨਵੀਆਂ ਤਕਨੀਕਾਂ ਬਾਰੇ ਜਾਗਰੂਕ ਕਰਵਾਉਣ ਲਈ ਉਹਨਾਂ ਦੀ ਸਲਾਹੁਤਾ ਕੀਤੀ । ਉਸ ਤੋਂ ਬਾਅਦ ਉਹਨਾਂ ਨੇ ਨਾਸ ਲੜੀ ਦੇ ਅੰਤਰਗਤ ਇਹ ਭਾਸ਼ਣ ਕਰਵਾਉਣ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ।ਡਾ. ਵੀ ਕੇ ਅਰੋੜਾ, ਨਾਸ ਫੈਲੋ ਨੇ ਡਾ. ਅਗਵਾਲ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ । ਇਹ ਭਾਸ਼ਣ ਡਾ. ਪੀ ਕੇ ਛੁਨੇਜਾ ਮੁਖੀ ਕੀਟ ਵਿਗਿਆਨ ਵਿਭਾਗ ਵੱਲੋਂ ਸੰਚਾਲਨ ਕੀਤਾ ਗਿਆ ।