ਲੁਧਿਆਣਾ, 18 ਜੁਲਾਈ, 2017 : ਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈ ਸੀ ਏ ਆਰ), ਨਵੀਂ ਦਿੱਲੀ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਅਤੇ ਮੁੱਲਾਂਕਣ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਜਿੱਥੇ ਦੇਸ਼ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਪਹਿਲਾ ਸਥਾਨ ਹਾਸਲ ਹੋਇਆ ਹੈ ਉਥੇ ਸਮੁੱਚੀਆਂ ਖੇਤੀ ਖੋਜ ਸੰਸਥਾਵਾਂ ਅਤੇ ਖੇਤੀ ਯੂਨੀਵਰਸਿਟੀਆਂ ਦੇ ਸਮੁੱਚ ਵਿੱਚ ਇਸ ਨੂੰ ਤੀਜਾ ਸਥਾਨ ਮਿਲਿਆ ਹੈ । ਇਸ ਸੰਬੰਧੀ ਆਈ ਸੀ ਏ ਆਰ ਵੱਲੋਂ ਨਵੀਂ ਦਿੱਲੀ ਵਿੱਚ ਪੂਸਾ ਦੇ ਨਾਸ ਕੰਪਲੈਕਸ ਦੇ ਏਪੀ ਛਿੰਦੇ ਹਾਲ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਇਹ ਸਨਮਾਨ ਸਰਟੀਫਿਕੇਟ ਹਾਸਲ ਕੀਤਾ ।
ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਕਰਵਾਏ ਗਏ ਇਸ ਮੁੱਲਾਂਕਣ ਦਾ ਮੁੱਖ ਮੰਤਵ ਦੇਸ਼ ਵਿੱਚ ਖੇਤੀ-ਵਿੱਦਿਆ ਅਤੇ ਖੇਤੀ-ਖੋਜ ਦੇ ਪੱਧਰ ਨੂੰ ਸੁਧਾਰਨਾ ਅਤੇ ਹੋਰ ਉਪਰ ਚੁੱਕਣਾ ਹੈ ਤਾਂ ਜੋ ਇਹ ਵਿਸ਼ਵ ਪੱਧਰ ਦੀ ਖੋਜ ਅਤੇ ਵਿੱਦਿਆ ਦੇ ਹਾਣੀ ਹੋ ਸਕਣ । ਇਸ ਸਰਵੇਖਣ ਵਿੱਚ ਦੇਸ਼ ਦੀਆਂ 57 ਖੇਤੀਬਾੜੀ ਯੂਨੀਵਰਸਿਟੀਆਂ ਸ਼ਾਮਲ ਸਨ ਜਿਨ•ਾਂ ਦੀ ਪਰਖ ਲਈ 6 ਪੈਮਾਨਿਆਂ ਨੂੰ ਆਧਾਰ ਬਣਾਇਆ ਗਿਆ । ਇਨ•ਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਮਿਆਰ, ਵਿਦਿਆਰਥੀਆਂ ਨੂੰ ਮਿਲਦੇ ਰੁਜ਼ਗਾਰ-ਖੇਤਰ, ਉਚ-ਪੱਧਰ ਦੇ ਖੋਜ-ਰਸਾਲਿਆਂ ਵਿੱਚ ਫੈਕਲਟੀ ਦੇ ਛਪਦੇ ਖੋਜ-ਪੱਤਰ, ਨਵੀਂ ਵਿਕਸਤ ਤਕਨਾਲੋਜੀ, ਤਕਨਾਲੋਜੀ ਦਾ ਪੰਜੀਕਰਨ ਅਤੇ ਫ਼ਸਲਾਂ ਦੀਆਂ ਨਵੀਆਂ ਵਿਕਸਤ ਕਿਸਮਾਂ ਸ਼ਾਮਲ ਸਨ । ਜ਼ਿਕਰਯੋਗ ਹੈ ਕਿ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਇਸ ਸਰਵੇਖਣ ਵਿੱਚ ਨੈਸ਼ਨਲ ਡੇਅਰੀ ਸੰਸਥਾ ਕਰਨਾਲ ਨੂੰ ਪਹਿਲਾ, ਭਾਰਤੀ ਖੇਤੀ ਖੋਜ ਸੰਸਥਾ ਨਵੀਂ ਦਿੱਲੀ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ ਹੈ ਜਦਕਿ ਹਿਸਾਰ ਦੀ ਖੇਤੀਬਾੜੀ ਯੂਨੀਵਰਸਿਟੀ ਚੌਥੇ, ਤਾਮਿਲਨਾਡੂ ਦੀ ਖੇਤੀਬਾੜੀ ਯੂਨੀਵਰਸਿਟੀ ਸੱਤਵੇਂ ਅਤੇ ਪੰਤਨਗਰ ਦੀ ਖੇਤੀਬਾੜੀ ਯੂਨੀਵਰਸਿਟੀ ਅੱਠਵੇਂ ਸਥਾਨ ਤੇ ਰਹੀਆਂ ।
ਇਸ ਤੋਂ ਵੀ ਪਹਿਲਾਂ ਇਸ ਸਾਲ ਦੇ ਸ਼ੁਰੂ ਵਿੱਚ ਮਨੁੱਖੀ ਵਿਕਾਸ ਮੰਤਰਾਲੇ ਵੱਲੋਂ ਪੀਏਯੂ ਨੂੰ ਇਸ ਦੇ ਅਕਾਦਮਿਕ, ਖੋਜ ਅਤੇ ਪਸਾਰ ਦੇ ਮਿਆਰ ਦਾ ਮੁੱਲਾਂਕਣ ਕਰਦਿਆਂ ਪੰਜਾਬ ਦੀ ਸਭ ਤੋਂ ਵਧੀਆ ਯੂਨੀਵਰਸਿਟੀ ਐਲਾਨਿਆ ਗਿਆ ਸੀ ।
ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਖੁਸ਼ੀ ਅਤੇ ਤਸੱਲੀ ਜ਼ਾਹਿਰ ਕਰਦਿਆਂ ਪੀਏਯੂ ਦੇ ਅਧਿਆਪਕਾਂ, ਕਰਮਚਾਰੀਆਂ ਅਤੇ ਕਿਸਾਨਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪ੍ਰਾਪਤੀ ਉਨ•ਾਂ ਵੱਲੋਂ ਪੰਜਾਬ ਦੀ ਕਿਰਸਾਨੀ ਦੀ ਬੇਹਤਰੀ ਲਈ ਪੂਰੀ ਇਮਾਨਦਾਰੀ ਨਾਲ ਕੀਤੇ ਜਾਂਦੇ ਸਭ ਦੇ ਸਾਂਝੇ ਯਤਨਾਂ ਸਦਕਾ ਹੀ ਸੰਭਵ ਹੋਈ ਹੈ ਜਿਨ•ਾਂ ਸਦਕਾ ਪੀਏਯੂ ਦੇਸ਼ ਦੀਆਂ ਬੇਹਤਰੀਨ ਯੂਨੀਵਰਸਿਟੀਆਂ ਵਿੱਚ ਆਪਣਾ ਸਥਾਨ ਬਣਾ ਸਕੀ ਹੈ ।