ਵਿਸ਼ਵ ਧਰਤ ਦਿਵਸ ਮੌਕੇ ਵਿਚਾਰ ਵਟਾਂਦਰਾ ਕਰਦੇ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂ ਸੁਖਜਿੰਦਰ ਸਿੰਘ ਸੁੱਖੀ ਤੇ ਹੋਰ।
ਫ਼ਿਰੋਜ਼ਪੁਰ, 23 ਅਪ੍ਰੈਲ, 2017 (ਗੁਰਿੰਦਰ ਸਿੰਘ) : ਵਿਸ਼ਵ ਧਰਤ ਦਿਵਸ ਮੌਕੇ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਵਿਸ਼ਵ ਪੌਣ ਪਾਣੀ ਤੇ ਕੁਦਰਤੀ ਅਸੰਤੁਲਨ ਨਾਲ ਆ ਰਹੀਆਂ ਸਮੱਸਿਆਵਾਂ ਅਤੇ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਭੂਗੋਲ ਲੈਕਚਰਾਰਾਂ ਦੀ ਘਾਟ ਸਬੰਧੀ ਵਿਚਾਰ ਕਰਨ ਲਈ ਜੱਥੇਬੰਦੀ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਚੀਫ਼ ਮਨਿਸਟਰ ਐਵਾਰਡੀ ਪੰਜਾਬ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਵਿਚ ਚਿੰਤਾ ਪ੍ਰਗਟ ਕੀਤੀ ਗਈ ਕਿ ਮਨੁੱਖ ਆਪਣੀਆਂ ਲੋੜਾਂ ਦੀ ਪੂਰਤੀ ਲਈ ਕੁਦਰਤੀ ਸੋਮਿਆਂ ਦੀ ਦੁਰਵਰਤੋਂ ਕਰ ਰਿਹਾ ਹੈ।
ਜੱਥੇਬੰਦੀ ਦੇ ਸਕੱਤਰ ਸਮਸ਼ੇਰ ਸਿੰਘ ਸ਼ੈਰੀ ਨੇ ਦੱਸਿਆ ਕਿ ਧਰਤ ਦਿਵਸ 2017 ਦਾ ਥੀਮ ''ਗਲੋਬਲ ਵਾਤਾਵਰਨਿਕ ਅਤੇ ਜਲਵਾਯੂ ਸਾਖ਼ਰਤਾ'' ਚੁਣਿਆ ਹੈ। ਯੂਨਾਈਟਿਡ ਨੇਸ਼ਨਜ਼ ਫ਼ਾਰ ਐਨਵਾਇਰਮੈਂਟ ਪ੍ਰੋਗਰਾਮ ਦੁਆਰਾ ਅਪ੍ਰੈਲ ਮਹੀਨਾ ਧਰਤੀ ਨੂੰ ਬਚਾਉਣ ਲਈ ਯਕੀਨੀ ਕੀਤਾ ਗਿਆ ਹੈ ਤਾਂ ਜੋ ਹਰ ਵਿਦਿਆਰਥੀ ਆਪਣਾ ਬਣਦਾ ਯੋਗਦਾਨ ਦੇ ਸਕੇ। ਜੌਗਰਫ਼ੀ ਦੇ ਪ੍ਰੋਫ਼ੈਸਰ ਨਵਦੀਪ ਸਿੰਘ ਨੇ ਦੱਸਿਆ ਕਿ ਜਲਵਾਯੂ ਸਾਖ਼ਰਤਾ ਦਾ ਭਾਵ ਮਨੁੱਖ ਦਾ ਜਲਵਾਯੂ ਅਤੇ ਜਲਵਾਯੂ ਦਾ ਮਨੁੱਖ ਉੱਪਰ ਪ੍ਰਭਾਵ ਨੂੰ ਸਮਝਣਾ ਹੈ। ਇਹਨਾਂ ਦੀ ਜਾਣਕਾਰੀ ਹੀ ਧਰਤੀ ਨੂੰ ਪਲੀਤ ਹੋਣ ਤੋਂ ਰੋਕਣ ਵਿਚ ਸਹਾਈ ਹੋ ਸਕਦੀ ਹੈ। ਮੀਟਿੰਗ ਵਿਚ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ ਨੇ ਤੱਥਾਂ ਦੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਧਰਤੀ ਮਨੁੱਖ ਦਾ 'ਘਰ' ਹੈ, ਇਸ ਨੂੰ ਬਚਾਉਣ ਲਈ ਭੂਗੋਲ ਦਾ ਗਿਆਨ ਜ਼ਰੂਰੀ ਹੈ। ਪ੍ਰੰਤੂ ਜਲਵਾਯੂ ਅਤੇ ਧਰਤੀ ਸਬੰਧੀ ਵਿਸਥਾਰਿਤ ਜਾਣਕਾਰੀ ਦੇਣ ਵਾਲੇ ਇਸ ਵਿਸ਼ੇ ਨੂੰ ਪੰਜਾਬ ਵਿਚ ਹਮੇਸ਼ਾ ਹੀ ਅੱਖੋ ਪਰੋਖੇ ਕੀਤਾ ਜਾਂਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਕਿ ਸਾਲ 2015 ਵਿਚ 650 ਸਕੂਲ ਲੈਕਚਰਾਰਾਂ ਦੀ ਸਿੱਧੀ ਭਰਤੀ ਸਮੇਂ ਭੂਗੋਲ ਵਿਸ਼ੇ ਦਾ ਕੋਈ ਵੀ ਅਧਿਆਪਕ ਭਰਤੀ ਨਹੀਂ ਕੀਤਾ ਗਿਆ ਅਤੇ ਸਾਲ 2016 ਵਿਚ ਅਪਗ੍ਰੇਡ ਕੀਤੇ 373 ਸੀਨੀਅਰ ਸੈਕੰਡਰੀ ਸਕੂਲਾਂ ਲਈ ਨਵੀਆਂ ਰਚੀਆਂ 1865 ਅਸਾਮੀਆਂ ਵਿਚੋਂ ਭੂਗੋਲ ਵਿਸ਼ੇ ਨੂੰ ਨਾ ਮਾਤਰ ਅਸਾਮੀਆਂ ਹੀ ਦਿੱਤੀਆਂ ਗਈਆਂ, ਜਿਸ ਕਰਕੇ ਮੌਜ਼ੂਦਾ ਸਮੇਂ ਪੰਜਾਬ ਦੇ ਕੁੱਲ 1814 ਸੀਨੀਅਰ ਸੈਕੰਡਰੀ ਸਕੂਲਾਂ ਲਈ ਲੈਕਚਰਾਰਾਂ ਦੀਆਂ ਕੁੱਲ ਮੰਨਜ਼ੂਰਸ਼ੁਦਾ 14507 ਅਸਾਮੀਆਂ ਵਿੱਚੋਂ ਭੂਗੋਲ ਵਿਸ਼ੇ ਦੀਆਂ ਕੇਵਲ 198 ਅਸਾਮੀਆਂ ਹੀ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਕੂਲਾਂ ਵਿਚ ਵਾਤਾਵਰਨ ਵਿਸ਼ੇ ਲਈ ਕੋਈ ਵੀ ਅਸਾਮੀ ਮੰਨਜ਼ੂਰ ਨਹੀਂ ਹੈ ਜਦੋ ਕਿ ਭੂਗੋਲ ਵਿਸ਼ੇ ਦਾ ਅਧਿਆਪਕ ਭੂਗੋਲ ਵਿਸ਼ਾ ਪੜ੍ਹਾਉਣ ਦੇ ਨਾਲ-ਨਾਲ ਵਾਤਾਵਰਨ ਸਿੱਖਿਆ ਪੜ੍ਹਾਉਣ ਲਈ ਵੀ ਸਮਰਥ ਹੈ। ਮੀਟਿੰਗ ਦੌਰਾਨ ਸਰਕਾਰ ਤੋਂ ਮੰਗ ਕੀਤੀ ਗਈ ਕਿ ਹਰ ਸੀਨੀਅਰ ਸੈਕੰਡਰੀ ਸਕੂਲ ਵਿਚ ਭੂਗੋਲ ਵਿਸ਼ੇ ਦੀ ਇੱਕ ਇੱਕ ਅਸਾਮੀ ਦੇ ਕੇ ਵਾਤਾਵਰਨ ਅਤੇ ਜਲਵਾਯੂ ਸੰਤੁਲਨ ਕਾਇਮ ਰੱਖਣ ਲਈ ਨਵੀਂ ਪੀੜ੍ਹੀ ਨੂੰ ਭੂਗੋਲ ਵਿਸ਼ੇ ਦਾ ਗਿਆਨ ਦੇ ਕੇ ਜਾਗਰੂਕ ਕੀਤਾ ਜਾਵੇ ਅਤੇ ਪੰਜਾਬ ਵਿਚ ਸੜਕਾਂ ਚੌੜੀਆਂ ਕਰਨ ਮੌਕੇ ਕੱਟੇ ਗਏ ਦਰੱਖਤਾਂ ਦਾ ਥਾਂ ਨਵੇਂ ਪੌਦੇ ਲਗਾਏ ਜਾਣ। ਮੀਟਿੰਗ ਵਿੱਚ ਪਰਮਜੀਤ ਸਿੰਘ ਸੰਧੂ, ਭੂਗੋਲ ਲੈਕਚਰਾਰ ਪ੍ਰੇਮ ਕੁਮਾਰ, ਪ੍ਰੋਫ਼ੈਸਰ ਨਵਦੀਪ ਸਿੰਘ, ਸਮਸ਼ੇਰ ਸਿੰਘ ਸ਼ੈਰੀ, ਸੁਰਿੰਦਰ ਸਿੰਘ, ਹਰਵਿੰਦਰ ਸਿੰਘ, ਗਗਨਦੀਪ ਸਿੰਘ ਅਤੇ ਪ੍ਰੋਫ਼ੈਸਰ ਅਰਮਿੰਦਰ ਸਿੰਘ ਆਦਿ ਵੀ ਹਾਜ਼ਰ ਸਨ।