ਫ਼ਤਹਿਗੜ੍ਹ ਸਾਹਿਬ, 21 ਅਪ੍ਰੈਲ, 2017 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ੍ਰੀ ਅੰਮ੍ਰਿਤਸਰ ਸਾਹਿਬ) ਵੱਲੋਂ ਮਾਤਾ ਗੁਜਰੀ ਕਾਲਜ, ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਖਿਡਾਰੀਆਂ ਨਾਲ ਪਹਿਲੇ ਰੂਬਰੂ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਜਥੇਦਾਰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ੍ਰੀ ਅੰਮ੍ਰਿਤਸਰ ਸਾਹਿਬ) ਦੇ ਸਪੋਰਟਸ ਸੈਕਟਰੀ ਸ. ਪਰਮਜੀਤ ਸਿੰਘ ਸਰੋਆ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਜਤਿੰਦਰ ਸਿੰਘ ਸਿੱੱਧੂ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।
ਮੁੱਖ ਮਹਿਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਪ੍ਰਧਾਨ ਜਥੇਦਾਰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਇਸ ਸਮਾਰੋਹ ਦਾ ਮੁੱੱਖ ਮਕਸਦ ਸਿੱਖ ਖਿਡਾਰੀਆਂ ਨੂੰ ਗੌਰਵਮਈ ਸਿੱਖ ਵਿਰਸੇ ਨਾਲ ਜੋੜਨਾ, ਸਿੱਖੀ ਵਿਰਸੇ ਨੂੰ ਪ੍ਰਫੁੱਲਤ ਕਰਨਾ, ਖਿਡਾਰੀਆਂ ਨੂੰ ਸਿੱਖੀ ਸਰੂਪ ਵਿਚ ਕੋਮੀ ਤੇ ਕੋਮਾਂਤਰੀ ਪੱਧਰ ਤੱਕ ਆਪਣੀ ਵੱਖਰੀ ਪਹਿਚਾਣ ਬਣਾਉਣਾ ਅਤੇ ਬੁਰੀਆਂ ਸਮਾਜਿਕ ਕੁਰੀਤੀਆਂ ਤੋਂ ਬਚਾਉਣਾ ਅਤੇ ਸਿੱਖ ਹੋਣ ਦਾ ਮਾਣ ਮਹਿਸੂਸ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦਾ ਖੇਡਾਂ ਦੇ ਖੇਤਰ ਵਿਚ ਬੁਲੰਦੀਆਂ ਨੂੰ ਛੂਹਣਾ ਹੈ।
ਡਾਇਰੈਕਟਰ ਪ੍ਰਿੰਸੀਪਲ ਡਾ. ਜਤਿੰਦਰ ਸਿੰਘ ਸਿੱੱਧੂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ੍ਰੀ ਅੰਮ੍ਰਿਤਸਰ ਸਾਹਿਬ) ਵੱਲੋਂ ਚੁੱਕੇ ਗਏ ਇਸ ਕਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਜੇਤੂ ਖਿਡਾਰੀਆਂ, ਕੋਚ ਸਾਹਿਬਾਨਾਂ ਆਦਿ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਜ਼ਿੰਦਗੀ ਵਿਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।
ਡਿਪਟੀ ਡਾਇਰੈਕਟਰ (ਸਪੋਰਟਸ ਐਂਡ ਕਲਚਰ) ਡਾ. ਪਰਮਿੰਦਰ ਕੌਰ ਰੰਧਾਵਾ ਨੇ ਹਾਕੀ ਅਕੈਡਮੀ ਫਰੀਦਕੋਟ (ਅੰਡਰ 14), ਹਾਕੀ ਅਕੈਡਮੀ ਫ਼ਤਹਿਗੜ੍ਹ ਸਾਹਿਬ (ਅੰਡਰ 17), ਹਾਕੀ ਅਕੈਡਮੀ ਬਾਬਾ ਬਕਾਲਾ ਸਾਹਿਬ (ਅੰਡਰ 19), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚਲ ਰਹੀਆਂ ਹਾਕੀ ਅਕੈਡਮੀ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਅਤੇ ਕਬੱਡੀ ਅਕੈਡਮੀ ਦੇ ਖਿਡਾਰੀਆਂ, ਖੇਡ ਪ੍ਰਬੰਧਕਾਂ ਅਤੇ ਕੋਚ ਸਾਹਿਬਾਨਾਂ ਨਾਲ ਰੂਬਰੂ ਕਰਵਾਇਆ।