ਫਿਰੋਜ਼ਪੁਰ, 22 ਮਾਰਚ, 2017 (ਗੁਰਿੰਦਰ ਸਿੰਘ) : ਨਹਿਰੂ ਯੁਵਾ ਕੇਂਦਰ ਫਿਰੋਜ਼ਪੁਰ ਵੱਲੋਂ ਦੇਵ ਰਾਜ ਗਰੁੱਪ ਟੈਕਨੀਕਲ ਕੈਂਪਸ ਫਿਰੋਜ਼ਪੁਰ ਵਿਖੇ ਜ਼ਿਲ੍ਹਾ ਯੁਵਾ ਸੰਮੇਲਨ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦਾ ਉਦਘਾਟਨ ਬਲਦੇਵ ਸਿੰਘ ਭੁੱਲਰ ਮੈਂਬਰ ਝਗੜਾ ਨਿਵਾਰਣ ਫੋਰਮ (ਕੰਜਿਊਮਰ ਕੋਰਟ), ਸ੍ਰੀਮਤੀ ਨੀਲਮ ਪਾਠਕ ਜ਼ਿਲ੍ਹਾ ਪਬਲਿਸਿਟੀ ਅਫ਼ਸਰ ਫਿਰੋਜ਼ਪੁਰ, ਸਰਬਜੀਤ ਸਿੰਘ ਬੇਦੀ ਜ਼ਿਲ੍ਹਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵੱਲੋਂ ਸਾਂਝੇ ਤੌਰ ਤੇ ਕੀਤਾ। ਸੰਮੇਲਨ ਦਾ ਮੁੱਖ ਆਦੇਸ਼ ਨੌਜਵਾਨਾਂ ਨੂੰ ਕੈਸ਼ਲੈਸ, ਡਿਜੀਟਲ, ਸਵੱਛ ਭਾਰਤ ਅਭਿਆਨ, ਯੋਗਾ, ਵਿਅਕਤੀਤਵ ਵਿਕਾਸ, ਬੇਟੀ ਬਚਾਓ ਬੇਟੀ ਪੜ੍ਹਾਓ ਪ੍ਰੋਜੈਕਟ ਬਾਰੇ ਜਾਣਕਾਰੀ ਦੇਣਾ ਸੀ।
ਇਸ ਮੌਕੇ ਸਰਬਜੀਤ ਸਿੰਘ ਬੇਦੀ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਨੇ ਨੌਜਵਾਨਾਂ ਨੂੰ ਜੀ ਆਇਆ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਦੇਸ਼ ਦੇ ਵਿਕਾਸ ਲਈ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਸਰਕਾਰੀ ਸਕੀਮ ਦੀ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ। ਜਿਸ ਨਾਲ ਵੱਧ ਤੋਂ ਵੱਧ ਲੋਕਾਂ ਤੱਕ ਇਸ ਦਾ ਲਾਭ ਪਹੁੰਚ ਸਕੇ।
ਪ੍ਰੋਗਰਾਮ ਵਿੱਚ ਆਪਣੇ ਵਿਚਾਰ ਪੇਸ਼ ਕਰਦਿਆ ਸ੍ਰੀਮਤੀ ਨੀਲਮ ਪਾਠਕ ਜ਼ਿਲ੍ਹਾ ਪਬਲਿਸਿਟੀ ਅਫ਼ਸਰ, ਸਵੱਛ ਭਾਰਤ ਅਭਿਆਨ, ਬੇਟੀ ਪੜ੍ਹਾਓ ਬੇਟੀ ਬਚਾਓ ਅਭਿਆਨ ਅਤੇ ਕੇਂਦਰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਦਾਨਿਸ਼ ਗੁਪਤਾ ਚੇਅਰਮੈਨ ਵੱਲੋਂ ਤਕਨੀਕੀ ਸਿੱਖਿਆ ਦੇ ਵਿਕਾਸ ਅਤੇ ਸਵੈ-ਰੋਜ਼ਗਾਰ ਬਾਰੇ ਚਰਚਾ ਕੀਤੀ ਅਤੇ ਨੌਜਵਾਨਾ ਨੂੰ ਸਖ਼ਤ ਮਿਹਨਤ ਕਰ ਕੇ ਉੱਚੇ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਹੋ ਜਿਹੇ ਪ੍ਰੋਗਰਾਮਾਂ ਨਾਲ ਹੀ ਨੌਜਵਾਨਾਂ ਦੀ ਸ਼ਖ਼ਸੀਅਤ ਵਿੱਚ ਵਾਧਾ ਹੁੰਦਾ ਹੈ।
ਲੀਡ ਬੈਂਕ ਮੈਨੇਜਰ ਐਸ.ਐਸ ਧਾਲੀਵਾਲ ਵੱਲੋਂ ਕੈਸ਼ਲੈਸ਼ ਡਿਜੀਟਲ ਅਤੇ ਬੈਕ ਦੀਆਂ ਵੱਖ-ਵੱਖ ਵਿਕਾਸ ਦੀਆਂ ਸਾਰੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਨੌਜਵਾਨਾਂ ਨੂੰ ਇਨ੍ਹਾਂ ਸਾਰੀਆਂ ਸਕੀਮਾਂ ਤੋ ਖ਼ੁਦ ਲਾਭ ਲੈਣ ਲਈ ਅਤੇ ਦੂਜਿਆਂ ਨੂੰ ਵੀ ਲਾਭ ਦਿਵਾਉਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸ. ਬਲਦੇਵ ਸਿੰਘ ਭੁੱਲਰ ਮੈਂਬਰ ਕੰਜਿਊਮਰ ਕੋਰਟ ਨੇ ਕਿਹਾ ਕਿ ਨੌਜਵਾਨਾਂ ਨੂੰ ਟੈਕਨੋਲਜੀ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਜਿਊਮਰ ਕੋਰਟ ਵੱਲੋਂ ਹਰੇਕ ਵਿਅਕਤੀ ਨੂੰ ਮੁਫ਼ਤ ਸਹਾਇਤਾ ਦਿੱਤੀ ਜਾਦੀ ਹੈ। ਜੇਕਰ ਕਿਸੇ ਵਿਅਕਤੀ, ਕਿਸੇ ਵਿਭਾਗ ਵੱਲੋਂ ਜਾਂ ਵਪਾਰੀ ਵੱਲੋਂ ਸਹੀ ਸੇਵਾਵਾਂ ਨਹੀ ਦਿੱਤੀਆਂ ਜਾਂਦੀਆਂ ਤਾਂ ਉਹ ਆਪਣੇ ਹੱਕ ਲਈ ਕੰਜਿਊਮਰ ਕੋਰਟ ਦਾ ਸਹਾਰਾ ਲੈ ਸਕਦਾ ਹੈ।
ਪ੍ਰੋਗਰਾਮ ਦੇ ਅੰਤ ਵਿੱਚ ਸ੍ਰੀਮਤੀ ਸੁਭਾਜਲੀ ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਨੌਜਵਾਨਾਂ ਨੂੰ ਇਸ ਪ੍ਰੋਗਰਾਮ ਤੋਂ ਬਹੁਤ ਪ੍ਰੇਰਨਾ ਮਿਲੀ ਹੋਵੇਗੀ ਜਿਸ ਨਾਲ ਉਹ ਵੱਧ ਤੋਂ ਵੱਧ ਵਿਕਾਸ ਨਾਲ ਜੁੜ ਸਕਣਗੇ। ਪ੍ਰੋਗਰਾਮ ਦੌਰਾਨ ਸਟੇਜ ਦੀ ਭੂਮਿਕਾ ਸ੍ਰ.ਗੁਰਦੇਵ ਸਿੰਘ ਲੇਖਾਕਾਰ ਨਹਿਰੂ ਯੁਵਾ ਕੇਂਦਰ ਨੇ ਬਾਖ਼ੂਬੀ ਨਿਭਾਈ । ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਮੈਡਮ ਜਸ਼ਨਪ੍ਰੀਤ, ਮੈਡਮ ਆਰਤੀ, ਨੈਸ਼ਨਲ ਯੂਥ ਵਲੰਟੀਅਰ ਹਰਮਨਪ੍ਰੀਤ ਸਿੰਘ, ਜਗਜੀਤ ਸਿੰਘ, ਗਗਨਦੀਪ ਸਿੰਘ, ਹਰਜੀਤ ਸਿੰਘ, ਰਜਿੰਦਰ ਸਿੰਘ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।