ਸ਼ਹੀਦ ਭਗਤ ਸਿੰਘ ਦੇ ਸਾਥੀ ਸ਼ਹੀਦ ਸੁਖਦੇਵ ਦਾ 118ਵਾਂ ਜਨਮਦਿਨ ਸਰਕਾਰੀ ਸਕੂਲ ਹਰੀਨੌਂ ਵਿਖੇ ਮਨਾਇਆ
- ਸਕੂਲ ਦੇ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਹੋਣਹਾਰ ਵਿਦਿਆਰਥੀ ਕੀਤੇ ਸਨਮਾਨਤ
ਦੀਪਕ ਗਰਗ
ਕੋਟਕਪੂਰਾ, 15 ਮਈ 2024 :- ਆਜਾਦੀ ਸੰਗਰਾਮ ਦੇ ਮਹਾਨ ਨਾਇਕ ਸ਼ਹੀਦ ਭਗਤ ਸਿੰਘ ਅਤੇ ਰਾਜਗੁਰੂ ਦੇ ਸਾਥੀ ਸ਼ਹੀਦ ਸੁਖਦੇਵ ਦਾ 118ਵਾਂ ਜਨਮ ਦਿਨ ਰਾਮ ਮੁਹੰਮਦ ਸਿੰਘ ਆਜਾਦ ਵੈਲਫੇਅਰ ਸੁਸਾਇਟੀ ਵੱਲੋਂ ਇੱਥੋਂ ਥੋੜੀ ਦੂਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਨੌਂ ਵਿਖੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਕੇ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਿ੍ਰੰਸੀਪਲ ਨਵਦੀਪ ਸ਼ਰਮਾ, ਜਦਕਿ ਵਿਸ਼ੇਸ਼ ਮਹਿਮਾਨ ਸੁਖਚਰਨ ਸਿੰਘ ਸਿੱਧੂ ਸੇਵਾਮੁਕਤ ਲੈਕਚਰਾਰ ਅਤੇ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਸ਼ਾਮਲ ਹੋਏ। ਸਮਾਗਮ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਮੀਤ ਪ੍ਰਧਾਨ ਪ੍ਰੇਮ ਚਾਵਲਾ ਨੇ ਸ਼ਹੀਦ ਸੁਖਦੇਵ ਜੀ ਦੇ ਜੀਵਨ ਬਾਰੇ ਵਿਸਥਾਰ ਸਹਿਤ ਰੌਸ਼ਨੀ ਪਾਈ। ਇਸ ਸਮਾਗਮ ਨੂੰ ਸੁਸਾਇਟੀ ਦੇ ਮੁੱਖ ਸਲਾਹਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ, ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ, ਵਿੱਤ ਸਕੱਤਰ ਸੋਮਨਾਥ ਅਰੋੜਾ, ਸੁਰਿੰਦਰ ਸਿੰਘ ਸਦਿਓੜਾ ਸੁਪਰਡੈਂਟ, ਪਿ੍ਰੰਸੀਪਲ ਨਵਦੀਪ ਸ਼ਰਮਾ ਅਤੇ ਸੁਖਚਰਨ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਜਿੰਦਗੀ ’ਚ ਸਖਤ ਮਿਹਨਤ ਅਤੇ ਚੰਗੇ ਸਮਾਜ ਦੀ ਬਿਹਤਰੀ ਲਈ ਸੁਪਨੇ ਲੈ ਕੇ ਸਾਕਾਰ ਕਰਨ ਦਾ ਸੱਦਾ ਦਿੱਤਾ ਅਤੇ ਸਕੂਲ ’ਚੋਂ ਚੰਗੀਆਂ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਸਬੰਧਤ ਗੀਤ ਸਮੇਤ ਹੋਰ ਰਚਨਾਵਾਂ ਅਤੇ ਸ਼ਾਨਦਾਰ ਕੋਰੀਓਗ੍ਰਾਫੀ ਵੀ ਪੇਸ਼ ਕੀਤੀ ਗਈ। ਇਸ ਸਮੇਂ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਹਰੀਨੌ ਦੇ ਸਵ. ਘੁਮੰਡ ਸਿੰਘ ਸਿੱਧੂ ਅਤੇ ਮੁਖਤਿਆਰ ਸਿੰਘ ਸਿੱਧੂ ਦੇ ਪਰਿਵਾਰ ਵਲੋਂ ਵਿਦਿਅਕ ਸੈਸ਼ਨ 2022-23 ਅਤੇ ਵਿਦਿਅਕ ਸੈਸ਼ਨ 2023-24 ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪਰਿਵਾਰ ਦੇ ਮੈਂਬਰ ਸੁਖਚਰਨ ਸਿੰਘ ਸਿੱਧੂ, ਤਲਵਿੰਦਰ ਸਿੰਘ ਅਤੇ ਸਕੂਲ ਦੇ ਸਮੂਹ ਸਟਾਫ ਵੱਲੋਂ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
ਸਕੂਲ ਦੇ ਪਿ੍ਰੰਸੀਪਲ ਨਵਦੀਪ ਸ਼ਰਮਾ ਨੇ ਸੁਸਾਇਟੀ ਅਤੇ ਸਿੱਧੂ ਪਰਿਵਾਰ ਵਲੋਂ ਕੀਤੇ ਗਏ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਆਪਣੀ ਸੰਸਥਾ ਦੇ ਸਮੂਹ ਮੈਂਬਰਾਂ ਵੱਲੋਂ ਇਹਨਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮਾਗਮ ਦਾ ਮੰਚ ਸੰਚਾਲਨ ਮੈਡਮ ਨਵਜੋਤ ਚਹਿਲ ਅਤੇ ਸਰਬਜੀਤ ਕੌਰ ਵਲੋਂ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਕੂਲ ਦੇ ਸਮੂਹ ਸਟਾਫ ਮੈਂਬਰਾਂ ਸਮੇਤ ਗੇਜ ਰਾਮ ਭੌਰਾ, ਬੂਟਾ ਸਿੰਘ ਮੈਂਬਰ ਪੰਚਾਇਤ, ਹਰਪ੍ਰੀਤ ਸਿੰਘ ਚਾਨਾ ਪ੍ਰਧਾਨ ਪੰਜਾਬ ਚੰਡੀਗੜ ਜਰਨਲਿਸਟ ਯੂਨੀਅਨ ਕੋਟਕਪੂਰਾ ਅਤੇ ਗੁਰਸਿਮਰਨ ਸਿੰਘ ਆਦਿ ਵੀ ਸ਼ਾਮਲ ਸਨ।