ਮਲੇਰਕੋਟਲਾ: 12ਵੀਂ ਜਮਾਤ ਦੇ ਨਤੀਜਿਆਂ ਵਿੱਚ ਦੀ ਰਾਧਿਕਾ ਤੇ ਮਲੀਹਾ ਨੇ ਮੈਰਿਟ ਸੂਚੀ 'ਚ ਆਪਣਾ ਨਾਂ ਦਰਜ ਕਰਵਾਇਆ
- ਸਕੂਲ ਅਤੇ ਮਾਪਿਆਂ ਦਾ ਨਾਂ ਕੀਤਾ ਰੋਸ਼ਨ
- ਸਫਲਤਾ ਦਾ ਸਿਹਰਾ ਸਕੂਲ ਅਧਿਆਪਕਾਂ ਤੇ ਮਾਤਾ-ਪਿਤਾ ਨੂੰ ਦਿੰਦਿਆਂ ਵਿਦਿਆਰਥਨਾਂ ਨੇ ਆਈ.ਏ.ਐਸ ਬਣਨ ਦੀ ਕੀਤੀ ਤਮੰਨਾ ਜ਼ਾਹਿਰ
- ਬੱਚੀਆਂ ਨੂੰ ਸਕੂਲ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ-ਸਕੂਲ ਪ੍ਰਬੰਧਕ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 30 ਅਪ੍ਰੈਲ 2024 - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ 12ਵੀਂ ਜਮਾਤ ਦੇ ਨਤੀਜ਼ਿਆਂ ਦੀ ਮੈਰਿਟ ਸੂਚੀ 'ਚ ਜਿਲ੍ਹਾ ਮਾਲੇਰਕੋਟਲਾ ਦੇ ਐਸ.ਐਫ.ਐਸ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਰਾਧਿਕਾ ਪੁੱਤਰੀ ਅਸ਼ੋਕ ਕੁਮਾਰ ਨੇ 500 ਅੰਕਾਂ ਵਿੱਚੋਂ 490 ਅੰਕ (98%) 11ਵਾਂ ਰੈਂਕ, ਜਦਕਿ ਅਲ-ਫਲਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਮਲੀਹਾ ਪੁੱਤਰੀ ਮੁਹੰਮਦ ਅਸਗਰ ਨੇ 500 ਅੰਕਾਂ ਵਿਚੋਂ 489 ਅੰਕ (97.80%) 12ਵਾਂ ਰੈਂਕ ਪ੍ਰਾਪਤ ਕਰਕੇ ਬੋਰਡ ਦੀ ਮੈਰਿਟ ਸੂਚੀ 'ਚ ਆਪਣੇ ਨਾਂ ਦਰਜ ਕਰਵਾਕੇ ਸਕੂਲ, ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਨਾਂ ਰੋਸ਼ਨ ਕੀਤਾ ਹੈ।
ਗੱਲਬਾਤ ਕਰਨ ਤੇ ਰਾਧਿਕਾ ਤੇ ਮਲੀਹਾ ਦੋਵਾਂ ਨੇ ਆਪਣੇ ਇਸ ਨਤੀਜੇ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮਾਤਾ-ਪਿਤਾ ਵੱਲੋਂ ਜੋ ਸਖ਼ਤ ਮਿਹਨਤ ਕਰਕੇ ਪੜ੍ਹਾਇਆ ਗਿਆ ਹੈ, ਉਹ ਉਸੇ ਟੀਚੇ ਨੂੰ ਲੈ ਕੇ ਆਈ.ਏ.ਐਸ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀਆਂ ਹਨ। ਉਨ੍ਹਾਂ ਆਪਣੀ ਇਸ ਸਫਲਤਾ ਦਾ ਸਿਹਰਾ ਸਕੂਲ ਅਧਿਆਪਕਾਂ ਤੇ ਮਾਤਾ-ਪਿਤਾ ਨੂੰ ਦਿੱਤਾ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਸਿੱਖਿਆ ਵੱਲ ਪੂਰਨ ਤੌਰ 'ਤੇ ਪ੍ਰੇਰਿਤ ਕੀਤਾ। ਇਨ੍ਹਾਂ ਬੱਚੀਆਂ ਦੇ ਮੈਰਿਟ ਸੂਚੀ 'ਚ ਨਾਂ ਸ਼ਾਮਲ ਹੋਣ 'ਤੇ ਜਿਥੇ ਮਾਪਿਆਂ ਵੱਲੋਂ ਭਾਰੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਉਥੇ ਇਨ੍ਹਾਂ ਸਕੂਲਾਂ ਦੇ ਪ੍ਰਬੰਧਕਾਂ ਵੱਲੋਂ ਵੀ ਆਪਣੀਆਂ ਵਿਦਿਆਰਥਣਾਂ ਦੇ ਸਕੂਲ ਦਾ ਨਾਂ ਰੋਸ਼ਨ ਕਰਨ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਇਨ੍ਹਾਂ ਬੱਚੀਆਂ ਨੂੰ ਸਕੂਲ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ।