ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੋਨਿਆਣਾ ਮੰਡੀ ਦਾ ਨਤੀਜਾ ਸ਼ਾਨਦਾਰ ਰਿਹਾ
ਅਸ਼ੋਕ ਵਰਮਾ
ਬਠਿੰਡਾ,21 ਅਪਰੈਲ 2024: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ’ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸੈਲਫ ਸਮਾਰਟ ਸਕੂਲ ਗੋਨਿਆਣਾ ਮੰਡੀ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੀਆਂ ਕੁੱਲ 90 ਵਿਦਿਆਰਥਣਾਂ ਨੇ ਇਸ ਪ੍ਰੀਖਿਆ ’ਚ ਭਾਗ ਲਿਆ ਜਿਨ੍ਹਾਂ ਵਿੱਚੋਂ ਸਾਰੀਆਂ ਨੇ ਵਧੀਆ ਅੰਕ ਪ੍ਰਾਪਤ ਕਰਕੇ ਪ੍ਰੀਖਿਆ ਪਾਸ ਕੀਤੀ ਹੈ। ਪ੍ਰਿੰਸੀਪਲ ਮੈਡਮ ਸਵਿਤਾ ਰਾਣੀ ਨੇ ਦੱਸਿਆ ਕਿ ਇਹਨਾਂ ਨਤੀਜਿਆਂ ’ਚ ਕੋਮਲਪ੍ਰੀਤ ਨੇ 94.6 ਫੀਸਦੀ ਪ੍ਰਾਪਤ ਕਰਕੇ ਪਹਿਲਾ, ਸਪਨਾ ਨੇ 93.23 ਫੀਸਦੀ ਪ੍ਰਾਪਤ ਕਰਕੇ ਦੂਜਾ ਅਤੇ ਟੀਸ਼ਾ ਨੇ 91.8 ਫੀਸਦੀ ਨੰਬਰ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਚਮਕਾਇਆਾ ਹੈ ਜਦੋਂ ਕਿ ਸੱਤ ਲੜਕੀਆਂ ਨੇ 90 ਫੀਸਦੀ ਅਤੇ 39 ਲੜਕੀਆਂ ਨੇ 80 ਤੋਂ ਉਪਰ ਫੀਸਦੀ ਅੰਕ ਪ੍ਰਾਪਤ ਕੀਤੇ ਹਨ।
ਮੈਡਮ ਸਵਿਤਾ ਰਾਣੀ ਨੇ ਵਿਦਿਆਰਥਣਾਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਬੱਚਿਆਂ ਨੂੰ ਅੱਗੇ ਤੋਂ ਹੋਰ ਵੀ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਸਟਾਫ ਵੱਲੋਂ ਵਿਦਿਆਰਥਣਾਂ ਦਾ ਸਨਾਮਨ ਵੀ ਕੀਤਾ ਗਿਆ। ਵਿਦਿਆਰਥਣਾਂ ਦੇ ਮਾਪਿਆਂ ਨੇ ਬੱਚਿਆਂ ਦੀ ਸ਼ਾਨਦਾਰ ਸਫਲਤਾ ਦਾ ਸਿਹਰਾ ਸਕੂਲ ਅਧਿਆਪਕਾਂ ਦੀ ਸਖ਼ਤ ਮਿਹਨਤ ਨੂੰ ਦਿੰਦਿਆਂ ਦੱਸਿਆ ਕਿ ਅਧਿਆਪਕਾਂ ਦੀ ਸਖ਼ਤ ਮਿਹਨਤ ਕਾਰਨ ਹੀ ਅਜਿਹਾ ਨਤੀਜਾ ਸੰਭਵ ਹੋਇਆ ਹੈ। ਇਸ ਮੌਕੇ ਸੁਰਿੰਦਰ ਕੁਮਾਰ ਨੇ ਆਪਣੀ ਬੇਟੀ ਰੀਤੀਕਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ 90 ਫੀਸਦੀ ਅੰਕ ਪ੍ਰਾਪਤ ਕਰਕੇ ਸਾਇੰਸ ਵਿੱਚੋਂ 95 ਫੀਸਦੀ ਅਤੇ ਹਿਸਾਬ ਵਿੱਚੋਂ 97 ਫੀਸਦੀ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਹਨ ਜਿਸ ਲਈ ਸਮੂਹ ਸਕੂਲ ਸਟਾਫ ਵਧਾਈ ਦਾ ਪਾਤਰ ਹੈ।